ਈਟ ਰਾਈਟ ਮਿਲੇਟ ਮੇਲਾ ਤੇ ਵਾਕਾਥੋਨ 23 ਅਪ੍ਰੈਲ ਨੂੰ : ਡਾ. ਅਕਸ਼ਿਤਾ ਗੁਪਤਾ
‘ਆਪਣਾ ਵਿਰਸਾ, ਮੂਲ ਅਨਾਜ ਨੂੰ ਅਪਣਾ ਕੇ ਸਿਹਤਮੰਤ ਹੋਇਆ ਜਾ ਸਕਦਾ ਹੈ
ਪਟਿਆਲਾ 20 ਅਪਰੈਲ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕੌਮਾਂਤਰੀ ਮਿਲੇਟ ਸਾਲ-2023 ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਫੂਡਜ਼ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ (ਐਫ.ਡੀ.ਏ) ਦੇ ਸਹਿਯੋਗ ਨਾਲ ਆਪਣਾ ਵਿਰਸਾ, ਮੂਲ ਅਨਾਜ 23 ਅਪ੍ਰੈਲ ਨੂੰ ਈਟ ਰਾਈਟ ਮਿਲੇਟ ਮੇਲਾ ਅਤੇ ਵਾਕਾਥੋਨ ਈਵੈਂਟ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦਿੱਤੀ। ਉਨ੍ਹਾਂ ਨੇ ਇਸ ਮੇਲੇ ਨੂੰ ਸਫ਼ਲਤਾ ਪੂਰਵਕ ਕਰਵਾਉਣ ਲਈ ਨੌਜਵਾਨ ਆਈ.ਏ.ਐਸ. ਅਧਿਕਾਰੀ ਤੇ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ ਨੂੰ ਨੋਡਲ ਅਫ਼ਸਰ ਲਗਾਇਆ ਹੈ।
ਈਟ ਰਾਈਟ ਮਿਲੇਟ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਮਿਲਟ ਮੇਲੇ ਅਤੇ ਵਾਕਾਥੋਨ ‘ਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਮੀਟਿੰਗ ‘ਚ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ ਤੋਂ ਇਲਾਵਾ ਐਫ.ਡੀ.ਏ ਦੇ ਸਹਾਇਕ ਕਮਿਸ਼ਨਰ ਰਾਖੀ ਵਿਨਾਇਕ, ਡੀ.ਐਸ.ਪੀ. ਟ੍ਰੈਫਿਕ ਕਰਮਵੀਰ ਤੂਰ, ਸਹਾਇਕ ਸਿਵਲ ਸਰਜਨ ਡਾ. ਰਚਨਾ, ਫੂਡ ਸੇਫਟੀ ਅਫ਼ਸਰ ਪੁਨੀਤ ਸ਼ਰਮਾ ਤੇ ਹੋਰ ਮੌਜੂਦ ਸਨ।
ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ 23 ਅਪ੍ਰੈਲ ਨੂੰ ਸਵੇਰੇ 6 ਵਜੇ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਵਾਕਾਥੋਨ ਲਈ ਦੌੜਾਕ ਇੱਕਠੇ ਹੋਣਗੇ ਅਤੇ ਸਵੇਰੇ 6:15 ਵਜੇ ਜ਼ੁੰਬਾ ਹੋਵੇਗਾ ਅਤੇ ਸਵੇਰੇ 7 ਵਜੇ ਵਾਕਾਥੋਨ ਸ਼ੁਰੂ ਹੋਵੇਗੀ ਜਦਕਿ 8 ਵਜੇ ਈਟ ਰਾਈਟ ਮਿਲਟ ਮੇਲੇ ਦੀ ਸ਼ੁਰੂਆਤ ਕੀਤੀ ਜਾਵੇਗੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਇਸ ਮੇਲੇ ਵਿੱਚ ਪੁੱਜਣ ਦਾ ਖੁੱਲ੍ਹਾ ਸੱਦਾ ਦਿੰਦਿਆਂ ਡਾ. ਅਕਸ਼ਿਤਾ ਨੇ ਕਿਹਾ ਕਿ ਮੇਲੇ ਦਾ ਮੁੱਖ ਮੰਤਵ ਮੂਲ ਅਨਾਜ ਭਾਵ ਮਿਲੇਟਸ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਰੋਜ਼ਾਨਾ ਆਪਣੇ ਜੀਵਨ ਵਿੱਚ ਮੂਲ ਅਨਾਜ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨਾ ਹੈ, ਤਾਂ ਕਿ ਉਹ ਰੋਗਾਂ ਤੋਂ ਮੁਕਤ ਰਹਿ ਕੇ ਤੰਦਰੁਸਤ ਜ਼ਿੰਦਗੀ ਬਤੀਤ ਕਰ ਸਕਣ। ਮੇਲੇ ਵਿੱਚ ਮੂਲ ਅਨਾਜਾਂ ਕੁਟਕੀ, ਰਾਗੀ, ਕੋਦੋ, ਬਾਜਰਾ, ਜਵਾਰ, ਸੈਣਾ, ਪਾਵਨ ਆਦਿ ਦੀਆਂ ਸਟਾਲਾਂ ਵੀ ਲਗਾਈਆਂ ਜਾਣਗੀਆਂ।

