ਖੇਤੀਬਾੜੀ ਵਿਭਾਗ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਅਪੀਲ
ਕਿਸਾਨ ਨਾੜ ਨੂੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਪਾਉਣ ਆਪਣਾ ਯੋਗਦਾਨ : ਡਿਪਟੀ ਕਮਿਸ਼ਨਰ
ਪਟਿਆਲਾ, 20 ਅਪ੍ਰੈਲ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਯੋਗ ਅਗਵਾਈ ਅਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਡਾ. ਗੁਰਵਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸਾਨ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਕਿਸਾਨ ਨਾੜ ਨੂੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਯੋਗਦਾਨ ਪਾ ਸਕਦੇ ਹਨ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਸਿਹਤ ਉੱਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਵਿਚ ਸਹਾਈ ਹੋ ਸਕਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਿੰਦਰ ਸਿੰਘ ਨੇ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਕਾਰਨ 80 ਫ਼ੀਸਦੀ ਜੈਵਿਕ ਮਾਦਾ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮਾਨੋਅਕਸਾਈਡ ਗੈਸ ਦੇ ਤੌਰ ‘ਤੇ ਨਸ਼ਟ ਹੋ ਜਾਂਦਾ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਪੌਦੇ ਦੇ ਤੱਤਾਂ (ਖਾਸ ਤੌਰ ਤੇ ਨਾਈਟ੍ਰੋਜਨ ਅਤੇ ਗੰਧਕ) ਦਾ ਨਾਸ਼ ਹੁੰਦਾ ਹੈ ਜਿਸ ਦਾ ਮਿੱਟੀ ਦੀ ਸਿਹਤ ਮਾੜਾ ਪ੍ਰਭਾਵ ਪੈਂਦਾ ਹੈ। ਲਗਭਗ 89 ਫ਼ੀਸਦੀ ਨਾਈਟ੍ਰੋਜਨ, 20 ਫ਼ੀਸਦੀ ਫਾਸਫੋਰਸ ਅਤੇ ਪੋਟਾਸ਼, 50 ਫ਼ੀਸਦੀ ਸਲਫ਼ਰ ਆਦਿ ਤੱਤ ਅੱਗ ਕਾਰਨ ਨਸ਼ਟ ਹੋ ਜਾਂਦੇ ਹਨ। ਇੱਕ ਅਨੁਮਾਨ ਮੁਤਾਬਿਕ ਇਕੱਲੇ ਪੰਜਾਬ ਵਿਚ ਸਾਲਾਨਾ ਤਕਰੀਬਨ 1.5 ਲੱਖ ਨਾਈਟ੍ਰੋਜਨ ਅਤੇ ਸਲਫ਼ਰ ਤੱਤਾਂ ਦਾ ਨਾਸ਼ ਅੱਗ ਲਗਾਉਣ ਨਾਲ ਹੁੰਦਾ ਹੈ। ਜਿਸ ਦੀ ਮੌਜੂਦਾ ਰਕਮ 150 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਣ ਸਾਫ਼-ਸੁਥਰਾ ਰਹੇ, ਮਿੱਟੀ ਦੀ ਉਪਜਾਊ ਸ਼ਕਤੀ ਵਧੇ, ਮਿੱਤਰ ਕੀੜੇ ਖ਼ਤਮ ਨਾ ਹੋਣ, ਖਾਦਾਂ ਦੀ ਵਰਤੋਂ ਘੱਟ ਸਕੇ ਅਤੇ ਜੈਵਿਕ ਮਾਦਾ ਵਧ ਸਕੇ ਜਿਸ ਨਾਲ ਪਾਣੀ ਦੀ ਬੱਚਤ ਵੀ ਹੋ ਸਕੇ।

