ਪੰਜਾਬੀ ਯੂਨੀਵਰਸਿਟੀ ਵਿਖੇ ‘ਨੈਸ਼ਨਲ ਬਾਲ ਵਿਗਿਆਨ ਕਾਂਗਰਸ’ ਲਈ ਰਾਜ ਪੱਧਰੀ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
23 ਜ਼ਿਲ੍ਹਿਆਂ ਦੇ 100 ਤੋਂ ਵੱਧ ਪ੍ਰਤੀਭਾਗੀਆਂ ਨੇ ਕੀਤੀ ਸ਼ਿਰਕਤ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ (PSCST), ਚੰਡੀਗੜ੍ਹ ਦੇ ਸਹਿਯੋਗ ਨਾਲ ਜ਼ਿਲ੍ਹਾ ਕੋਆਰਡੀਨੇਟਰਾਂ ਅਤੇ ਗਾਈਡ ਅਧਿਆਪਕਾਂ ਲਈ ਨੈਸ਼ਨਲ ਬਾਲ ਵਿਗਿਆਨ ਕਾਂਗਰਸ (NCSC) 2023 ਲਈ ਰਾਜ ਪੱਧਰੀ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਸਾਰੇ ਭਾਗੀਦਾਰਾਂ ਨੂੰ ਆਉਣ ਵਾਲੇ ਬਾਲ ਵਿਗਿਆਨ ਕਾਂਗਰਸ ਪ੍ਰੋਗਰਾਮ ਲਈ ਸਿਖਲਾਈ ਦੇਣਾ ਅਤੇ ਮੌਜੂਦਾ ਸਾਲ ਦੇ ਥੀਮ ‘ਸਿਹਤ ਅਤੇ ਤੰਦਰੁਸਤੀ ਲਈ ਈਕੋ ਸਿਸਟਮ’ ਅਤੇ ਇਸਦੀ ਮੁਲਾਂਕਣ ਪ੍ਰਕਿਰਿਆ ਨੂੰ ਸਮਝਣਾ ਸੀ। ਇਸ ਮੌਕੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਉਨ੍ਹਾਂ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਹੱਥ ਫੜਨ ਅਤੇ ਮਾਰਗ-ਦਰਸ਼ਨ ਕਰਨ ਦੀ ਮੌਜੂਦਾ ਲੋੜ ਤੇ ਜ਼ੋਰ ਦਿੱਤਾ ਜਿਨ੍ਹਾਂ ਨੇ ਵਿਗਿਆਨ ਕਾਂਗਰਸ ਵਰਗੇ ਪ੍ਰੋਗਰਾਮਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰੋਗਰਾਮ ਦੇ ਕਨਵੀਨਰ ਅਤੇ ਮੁਖੀ, ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗ, ਡਾ. ਬਲਵਿੰਦਰ ਸਿੰਘ ਸੂਚ, ਨੇ ਆਪਣੇ ਸੁਆਗਤੀ ਨੋਟ ਵਿੱਚ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ 100 ਤੋਂ ਵੱਧ ਪ੍ਰਤੀਭਾਗੀ ਭਾਗ ਲੈ ਰਹੇ ਹਨ।
ਡਾ.ਕੇ. ਐਸ. ਬਾਠ, ਸੰਯੁਕਤ ਡਾਇਰੈਕਟਰ, ਪੀ.ਐਸ.ਸੀ.ਐਸ.ਟੀ. ਚੰਡੀਗੜ੍ਹ ਨੇ ਐਨ.ਸੀ.ਐਸ.ਸੀ. ਦੀ ਧਾਰਨਾ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰੋਜੈਕਟਾਂ ਵਿੱਚ ਗੁਣਾਤਮਕ ਸੁਧਾਰ ਤੇ ਜ਼ੋਰ ਦਿੱਤਾ। ਡਾ. ਲਲਿਤ ਸ਼ਰਮਾ, ਚੇਅਰਮੈਨ, ਨੈਸ਼ਨਲ ਅਕਾਦਮਿਕ ਕਮੇਟੀ, ਐਨ. ਸੀ. ਐਸ. ਟੀ. ਸੀ., ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਭਾਰਤ ਸਰਕਾਰ ਨੇ ਇਸ ਪ੍ਰੋਗਰਾਮ ਦੇ ਉਦੇਸ਼ਾਂ ਦਾ ਵਰਣਨ ਕੀਤਾ ਅਤੇ ਸਾਰੇ ਹਿੱਸੇਦਾਰਾਂ ਨੂੰ ਇਸਦੀ ਵੱਧ ਤੋਂ ਵੱਧ ਪਹੁੰਚ ਲਈ ਕੰਮ ਕਰਨ ਲਈ ਕਿਹਾ। ਮਕੈਨੀਕਲ ਇੰਜਨੀਅਰਿੰਗ ਤੋਂ ਡਾ. ਗੁਰਪ੍ਰੀਤ ਸਿੰਘ, ਪੀ.ਐਸ.ਸੀ.ਐਸ.ਟੀ.ਚੰਡੀਗੜ੍ਹ ਤੋਂ ਡਾ. ਮੰਦਾਕਿਨੀ ਠਾਕੁਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਡਾ. ਜਸਪ੍ਰੀਤ ਕੌਰ ਨੇ ਮੌਜੂਦਾ ਸਾਲ ਦੇ ਥੀਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਡਾ.ਰਣਜੀਤਾ ਬਾਹਰੀ ਅਤੇ ਡਾ.ਹਰਪ੍ਰੀਤ ਕੌਰ ਨੇ ਪ੍ਰੋਗਰਾਮ ਦੌਰਾਨ ਅਕਾਦਮਿਕ ਸੈਸ਼ਨਾਂ ਅਤੇ ਪੈਨਲ ਚਰਚਾ ਦਾ ਤਾਲਮੇਲ ਕੀਤਾ। ਪਿਛਲੇ ਸਾਲ ਰਾਸ਼ਟਰੀ ਪੱਧਰ ਦੀ ਬਾਲ ਵਿਗਿਆਨ ਕਾਂਗਰਸ ਦੇ ਜੇਤੂਆਂ ਨੂੰ ਵੀ ਇਨਾਮ ਵੰਡੇ ਗਏ ਅਤੇ ਪ੍ਰੋਗਰਾਮ ਦੌਰਾਨ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ (ਪਟਿਆਲਾ ਅਤੇ ਬਠਿੰਡਾ) ਅਤੇ ਅਧਿਆਪਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ।

