ਪੰਜਾਬੀ ਯੂਨੀਵਰਸਿਟੀ ਹੁਣ ਆਪ ਕੰਪਿਊਟਰ ਅਸੈਂਬਲ ਕਰ ਕੇ ਵਰਤੇਗੀ
ਘਟੇਗਾ ਵਿੱਤੀ ਬੋਝ
ਕੰਪਿਊਟਰ ਸੈਂਟਰ ਵਿਖੇ ਪੀ.ਸੀ. ਕੈਨਿਬਲਾਈਜ਼ੇਸ਼ਨ ਲੈਬ ਸਥਾਪਿਤ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਨੂੰ ਸਮੇਂ ਦੀ ਹਾਣੀ ਬਣਾਉਣ ਅਤੇ ਵਿੱਤੀ ਪ੍ਰਬੰਧਨ ਨੂੰ ਬਿਹਤਰ ਬਣਾਏ ਜਾਣ ਦੇ ਮਨਸ਼ੇ ਨਾਲ਼ ਲਗਾਤਾਰ ਕਦਮ ਉਠਾਏ ਜਾ ਰਹੇ ਹਨ। ਇਸੇ ਕੜੀ ਵਿੱਚ ਹੁਣ ਯੂਨੀਵਰਸਿਟੀ ਦੇ ਕੰਪਿਊਟਰ ਸੈਂਟਰ ਵਿਖੇ ਪੀ.ਸੀ. ਕੈਨਿਬਲਾਈਜ਼ੇਸ਼ਨ ਲੈਬ ਸਥਾਪਿਤ ਕੀਤੀ ਗਈ ਹੈ। ਵਾਈਸ-ਚਾਂਸਲਰ, ਪ੍ਰੋ. ਅਰਵਿੰਦ ਵੱਲੋਂ ਯੂਨੀਵਰਸਿਟੀ ਕੰਪਿਊਟਰ ਸੈਂਟਰ ਦਾ ਦੌਰਾ ਕਰਦਿਆਂ ਇਸ ਲੈਬ ਦਾ ਉਦਘਾਟਨ ਕੀਤਾ।ਜਿ਼ਕਰਯੋਗ ਹੈ ਕਿ ਇਹ ਆਪਣੇ ਆਪ ਵਿੱਚ ਇੱਕ ਨਿਵੇਕਲੀ ਕਿਸਮ ਦੀ ਪਹਿਲਕਦਮੀ ਹੈ ਜੋ ਇਸ ਖਿੱਤੇ ਵਿੱਚ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ।ਇਸ ਲੈਬ ਰਾਹੀਂ ਵੱਖ-ਵੱਖ ਕਿਸਮ ਦੇ ਆਧੁਨਿਕ ਸੌਫ਼ਟਵੇਅਰ ਓਪਨ ਸੋਰਸਜ਼ ਭਾਵ ਇੰਟਰਨੈੱਟ ਰਾਹੀਂ ਬਿਨਾ ਕੋਈ ਰਾਸ਼ੀ ਖਰਚ ਕੀਤਿਆਂ ਖੁੱਲ੍ਹੇ ਸਰੋਤਾਂ ਤੋਂ ਪ੍ਰਾਪਤ ਕਰ ਕੇ ਵੱਖ-ਵੱਖ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ। ਕਿਸੇ ਵਿਸ਼ੇਸ਼ ਬਰਾਂਡ ਦੇ ਕੰਪਿਊਟਰ ਨਾਲ਼ ਮੇਲ ਖਾਂਦੇ ਓਪਰੇਟਿੰਗ ਸਿਸਟਮ ਵਾਲ਼ੇ ਚੰਗੇ ਅਤੇ ਸਮਰੱਥ ਕੰਪਿਊਟਰ ਵੀ ਇਸ ਲੈਬ ਰਾਹੀਂ ਇਨ੍ਹਾਂ ਸੌਫ਼ਟਵੇਅਰਾਂ ਦੀ ਮਦਦ ਨਾਲ਼ ਅਸੈਂਬਲ ਕੀਤੇ ਜਾ ਸਕਣਗੇ ਜੋ ਯੂਨੀਵਰਸਿਟੀ ਦੀਆਂ ਕੰਪਿਊਟਰੀ ਲੋੜਾਂ ਨੂੰ ਆਮ ਨਾਲ਼ੋਂ ਘੱਟ ਖਰਚੇ ਵਿੱਚ ਪੂਰਾ ਕਰ ਸਕਣਗੇ।
ਪ੍ਰੋ. ਅਰਵਿੰਦ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਕਿਸੇ ਵੀ ਸੰਸਥਾ ਦੀਆਂ ਕੰਪਿਊਟਿੰਗ ਲੋੜਾਂ ਨੂੰ ਪੂਰਾ ਕਰਨ ਲਈ ਮੁਫਤ ਓਪਨ ਸੋਰਸ ਓਪਰੇਟਿੰਗ ਸਿਸਟਮ ਅਤੇ ਸੌਫਟਵੇਅਰ ਦਾ ਉਪਲਬਧ ਹੋਣਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਹੱਲ ਹੈ। ਉਨ੍ਹਾਂ ਕਿਹਾ ਕਿ ਸਾਫ਼ਟਵੇਅਰਾਂ ਦੇ ਅਜਿਹੇ ਖੁੱਲ੍ਹੇ ਸਰੋਤਾਂ ਦੀ ਵਰਤੋਂ ਭਾਰਤ ਵਿੱਚ ਉੱਚ ਵਿਦਿਅਕ ਸੰਸਥਾਵਾਂ ਲਈ ਬਹੁਤ ਸਾਰੇ ਲਾਭ ਪ੍ਰਦਾਨ ਕਰ ਸਕਦੀ ਹੈ। ਇਹ ਸੌਫਟਵੇਅਰ ਅਕਸਰ ਬਿਨਾਂ ਕਿਸੇ ਕੀਮਤ ਵਾਲ਼ੇ ਜਾਂ ਕਿਸੇ ਵਿਸ਼ੇਸ਼ ਮਲਕੀਅਤ ਵਾਲੇ ਸੌਫਟਵੇਅਰ ਨਾਲੋਂ ਘੱਟ ਕੀਮਤ ਉੱਤੇ ਉਪਲਬਧ ਹੁੰਦੇ ਹਨ, ਜੋ ਉੱਚ ਸਿੱਖਿਆ ਸੰਸਥਾਵਾਂ ਉੱਤੇ ਵਿੱਤੀ ਬੋਝ ਨੂੰ ਘਟਾਉਣ ਵਿੱਚ ਮਦਦ ਸਕਦੇ ਹਨ।ਉਨ੍ਹਾ ਕਿਹਾ ਕਿ ਅਜਿਹੇ ਸਰੋਤਾਂ ਰਾਹੀਂ ਪ੍ਰਾਪਤ ਸੌਫਟਵੇਅਰ ਅਕਸਰ ਵਧੇਰੇ ਸਮਰੱਥ ਹੋਣ ਲਈ ਤਿਆਰ ਕੀਤੇ ਜਾਂਦੇ ਹਨ, ਜਿਸ ਦਾ ਮਤਲਬ ਹੈ ਕਿ ਇਹ ਵੱਖ-ਵੱਖ ਤਰ੍ਹਾਂ ਦੇ ਹਾਰਡਵੇਅਰ ਉੱਤੇ ਵੀ ਵਧੀਆ ਕਾਰਗੁਜ਼ਾਰੀ ਵਿਖਾ ਸਕਦੇ ਹਨ, ਜਿਸ ਨਾਲ ਕੰਪਿਊਟਿੰਗ ਉਪਕਰਣਾਂ ਦੀ ਕੁੱਲ ਲਾਗਤ ਘਟ ਜਾਂਦੀ ਹੈ। ਵੱਖ-ਵੱਖ ਕਿਸਮ ਦੇ ਹਾਰਡਵੇਅਰ ਪਲੇਟਫਾਰਮਾਂ ਰਾਹੀਂ ਚੱਲਣ ਦੀ ਲਚਕਤਾ ਰਖਦੇ ਹੋਣ ਕਾਰਨ ਅਜਿਹੇ ਸੌਫ਼ਟਵੇਅਰ ਖਰੀਦ ਅਤੇ ਅੱਪਗਰੇਡ ਪੱਖੋਂ ਵੀ ਲਾਗਤ ਵਿੱਚ ਬਚਤ ਕਰਦੇ ਹਨ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਲਈ ਇਹ ਕਦਮ ਪੁੱਟਣਾ ਸਮੇਂ ਦੀ ਲੋੜ ਹੈ। ਇਹ ਲੋੜ ਜਿੱਥੇ ਸਾਡੇ ਵਿੱਤੀ ਪ੍ਰਬੰਧਨ ਵਿੱਚ ਲਾਭਦਾਇਕ ਹੋਣ ਦੇ ਲਿਹਾਜ਼ ਨਾਲ਼ ਹੈ ਉੱਥੇ ਹੀ ਆਪਣੇ ਪੱਧਰ ਉੱਤੇ ਤਕਨਾਲੌਜੀ ਵਿੱਚ ਸਮਰੱਥ ਹੋਣ ਦੇ ਪੱਖੋਂ ਵੀ ਅਜਿਹੀਆਂ ਪਹਿਲਕਦਮੀਆਂ ਕਰਨੀਆਂ ਚਾਹੀਦੀਆਂ ਹਨ।
ਕੰਪਿਊਟਰ ਸੈਂਟਰ ਦੇ ਮੁਖੀ ਡਾ. ਕੰਵਲਜੀਤ ਸਿੰਘ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਦਿਸ਼ਾ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਆਪਣੀ ਕਿਸਮ ਦਾ ਪਹਿਲਾ ਪ੍ਰਯੋਗ ਇਹ ਕੀਤਾ ਜਾ ਰਿਹਾ ਹੈ ਕਿ ਯੂਨੀਵਰਸਿਟੀ ਕੰਪਿਊਟਰ ਸੈਂਟਰ ਵਿਖੇ ਕੈਂਪਸ ਵਿੱਚ ਆਈ-3, ਆਈ-5 ਅਤੇ ਆਈ-7 ਪ੍ਰੋਸੈਸਰ ਵਾਲੇ ਡੈਸਕਟਾਪ ਅਸੈਂਬਲ ਕਰਨ ਦਾ ਕਾਰਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਪ੍ਰੋਸੈਸਿੰਗ ਵਾਲੇ ਇਹ ਡੈਸਕਟੌਪ ਕੰਪਿਊਟਰ ਕਿਸੇ ਵੀ ਸਬੰਧਿਤ ਬ੍ਰਾਂਡ ਵਾਲੇ ਸੰਸਕਰਣ ਦੇ ਮੁਕਾਬਲਤਨ ਸਸਤੇ ਪੈਂਦੇ ਹਨ।ਇਸੇ ਕਾਰਨ ਹੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਲੀਨਕਸ ਓਪਰੇਟਿੰਗ ਸਿਸਟਮ ਅਤੇ ਓਪਨ ਸੋਰਸ ਸਾਫਟਵੇਅਰ ਦੀ ਵਰਤੋਂ ਕਰਦੇ ਹੋਏ ਅਸੈਂਬਲਡ ਕੰਪਿਊਟਰਾਂ ਦੀ ਵਰਤੋਂ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਜੋ ਕਿ ਯੂਨੀਵਰਸਿਟੀ ਲਈ ਵਿੱਤੀ ਪੱਖੋਂ ਲਾਹਵੰਦ ਸਾਬਿਤ ਹੋਣਗੇ।

