ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ ਦੋ ਸੌ ਅਖੰਡ ਪਾਠਾਂ ਦੀ ਲੜੀ ਅਰੰਭ: ਬਾਬਾ ਬਲਬੀਰ ਸਿੰਘ
ਬਾਬਾ ਬਲਬੀਰ ਸਿੰਘ ਵੱਲੋਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਮੁਖੀ ਇਸਤਰੀਆਂ ਸਨਮਾਨਿਤ
ਅੰਮ੍ਰਿਤਸਰ:- 6 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਤੱਤਕਾਲੀ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੋ ਸੌ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਪ੍ਰੇਰਨਾ ਸਦਕਾ ਅੰਮ੍ਰਿਤਸਰ ਦੀਆਂ ਸੁਖਮਨੀ ਸੇਵਾ ਸੁਸਾਇਟੀਆਂ ਦੀਆਂ ਮੁਖੀ ਬੀਬੀਆਂ ਨੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸੌ ਅਖੰਡ ਪਾਠਾਂ ਦੀ ਲੜੀ ਅਰੰਭ ਕਰਨ ਦਾ ਗੁਰਮਤਾ ਕੀਤਾ ਸੀ। ਜਿਸ ਦੀ ਸ਼ੁਰੂਆਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਅਰੰਭ ਕਰਕੇ ਕੀਤੀ ਗਈ ਹੈ। ਇਹ ਅਖੰਡ ਪਾਠਾਂ ਦੀ ਲੜੀ ਮਾਰਚ 2024 ਤੀਕ ਚਲਦੇ ਰਹੇਗੀ।
ਅਖੰਡ ਪਾਠ ਸਾਹਿਬ ਦੀ ਅਰੰਭਤਾ ਸਮੇਂ ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੀਆਂ ਮੁਖ ਬੀਬੀਆਂ ਜੋ ਹਾਜ਼ਰ ਸਨ। ਉਨ੍ਹਾਂ ਨੂੰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਸ਼ਤਾਬਦੀ ਯਾਦਗਾਰੀ ਸਨਮਾਨ ਚਿੰਨ੍ਹ ਤੇ ਸਿਰਪਾਓ ਨਾਲ ਸਨਮਾਨਿਤ ਕੀਤਾ। ਜਿਨ੍ਹਾਂ ਵਿੱਚ ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਤੇਜ ਕੌਰ, ਬੀਬੀ ਰਣਜੀਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਕਵਲਜੀਤ ਕੌਰ, ਬੀਬੀ ਮਨਿੰਦਰ ਕੌਰ, ਬੀਬੀ ਗੁਰਮੀਤ ਕੌਰ, ਬੀਬੀ ਹਰਜਿੰਦਰ ਕੌਰ, ਬੀਬੀ ਪਰਮਜੀਤ ਕੌਰ ਆਦਿ ਸ਼ਾਮਲ ਸਨ। ਇਸਤਰੀਆਂ ਤੇ ਅਧਾਰਤ ਬਣੀਆਂ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ 2024 ਤੀਕ ਹਰ ਹਫਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਇਸ ਮੌਕੇ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਬਾਜਵਾ, ਸ. ਜਸਵਿੰਦਰ ਸਿੰਘ ਦੀਨਪੁਰ, ਬਾਬਾ ਜੱਸਾ ਸਿੰਘ, ਬਾਬਾ ਭਗਤ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

