ਖ਼ਾਲਸਾ ਕਾਲਜ ਪਟਿਆਲਾ ਵਲੋਂ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵਲੋਂ ਅੱਜ ਆਪਣੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਹਿੱਤ ਕਾਲਜ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਵਰਨਣਯੋਗ ਹੈ ਕਿ ਇਸ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜਿਨ੍ਹਾਂ ਵਿਦਿਆਰਥੀਆਂ ਨੇ ਅਕਾਦਮਿਕ, ਖੇਡਾਂ, ਸਭਿਆਚਾਰਕ ਸਰਗਰਮੀਆਂ, ਐਨ. ਸੀ. ਸੀ., ਐੱਨ. ਐੱਸ. ਐੱਸ. ਅਤੇ ਹੋਰ ਗਤੀਵਿਧੀਆਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਹਨ। ਇਸ ਇਨਾਮ ਵੰਡ ਸਮਾਰੋਹ ਵਿੱਚ ਉਘੇ ਪਰਵਾਸੀ ਭਾਰਤੀ ਅਤੇ ਉੱਦਮੀ ਸ. ਦਰਸ਼ਨ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨਾਂ ਵਿਚ ਸ. ਮੁਖਵਿੰਦਰ ਸਿੰਘ ਛੀਨਾ ਆਈ.ਜੀ ਪੰਜਾਬ ਪੁਲਿਸ ਪਟਿਆਲਾ ਰੇਂਜ, ਸ. ਚਰਨਜੀਤ ਸਿੰਘ ਰੱਖੜਾ, ਸ. ਤਰਵਿੰਦਰ ਸਿੰਘ ਗਰੋਵਰ, ਬਾਬਾ ਭੁਪਿੰਦਰ ਸਿੰਘ ਅਤੇ ਸਾਬਕਾ ਮੇਅਰ ਸ੍ਰੀ ਸੰਜੀਵ ਸਰਮਾ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ। ਇਸ ਮੌਕੇ ਸ.ਸੁਰਜੀਤ ਸਿੰਘ ਰੱਖੜਾ ਅਨਰੇਰੀ ਸਕੱਤਰ ਕਾਲਜ ਗਵਰਨਿੰਗ ਬਾਡੀ ਅਤੇ ਸ.ਸਤਵਿੰਦਰ ਸਿੰਘ ਟੌਹੜਾ ਮੈਂਬਰ ਕਾਲਜ ਗਵਰਨਿੰਗ ਬਾਡੀ ਵੀ ਹਾਜ਼ਰ ਸਨ
ਸਮਾਰੋਹ ਵਿਚ “ਸਾਡੀ ਬੇਟੀ ਸਾਡਾ ਮਾਣ”ਸਕੀਮ ਤਹਿਤ ਮਾਤਾ ਗੰਗਾ ਜੀ ਬੈਸਟ ਪ੍ਰਫੋਰਮੈਂਸ ਐਵਾਰਡ ਰਮਨਦੀਪ ਕੌਰ ,ਮਾਤਾ ਸਾਹਿਬ ਕੌਰ ਜੀ ਬੈਸਟ ਪ੍ਰਫੋਰਮੈਂਸ ਐਂਡ ਇਨ ਸਾਇੰਸ ਹਰਪ੍ਰੀਤ ਕੌਰ, ਮਾਤਾ ਖੀਵੀ ਜੀ ਬੈਸਟ ਪ੍ਰਫੋਰਮੈਂਸ ਐਵਾਰਡ ਕਮਰਸ ਇਨ ਮੈਨੇਜ਼ਮੈਂਟ ਬਬਲੀਨ ਕੌਰ, ਮਾਤਾ ਸੁਲੱਖਣੀ ਜੀ ਬੈਸਟ ਐਵਾਰਡ ਕੰਪਿਊਟਰ ਸਾਇੰਸ ਜਸ਼ਨਪ੍ਰੀਤ ਕੌਰ ਅਤੇ ਮਾਤਾ ਗੁਜਰੀ ਜੀ ਬੈਸਟ ਪ੍ਰਫੋਰਮੈਂਸ ਐਵਾਰਡ ਇਨ ਐਕਸੀਲੈਂਸ ਗੁਰਜੋਤ ਕੌਰ ਨੂੰ ਦਿੱਤਾ ਗਿਆ। ਇਸ ਤੋਂ ਇਲਾਵਾ 101 ਰੋਲ ਆਫ ਆਨਰ ਅਤੇ 105 ਵਿਦਿਆਰਥੀਆਂ ਨੂੰ ਕਾਲਜ ਕਲਰ ਪ੍ਰਦਾਨ ਕੀਤੇ ਗਏ।
ਇਸ ਮੌਕੇ ਮੁੱਖ ਮਹਿਮਾਨ ਸ.ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਮੈਨੂੰ ਮਾਣ ਹੈ ਕਿ ਮੈਂ ਖ਼ਾਲਸਾ ਕਾਲਜ ਦਾ ਵਿਦਿਆਰਥੀ ਰਿਹਾ ਹਾਂ। ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਕਾਮਯਾਬ ਹੋਣ ਦਾ ਰਾਜ ਦੱਸਦਿਆ ਕਿਹਾ ਕਿ ਮਨੁੱਖ ਦੀ ਸਖ਼ਤ ਮਿਹਨਤ ਹੀ ਤੁਹਾਨੂੰ ਕਿਸੇ ਵੱਡੇ ਮੁਕਾਮ ’ਤੇ ਪਹੁੰਚਾ ਸਕਦੀ ਹੈ। ਉਨ੍ਹਾਂ ਕਾਲਜ ਦੇ ਵਿਕਾਸ ਲਈ ਆਪਣੇ ਵੱਲੋ 10 ਲੱਖ ਰੁਪਈਆ ਵੀ ਕਾਲਜ ਨੂੰ ਦੇਣ ਦਾ ਵੀ ਐਲਾਨ ਕੀਤਾ ।
ਵਿਸ਼ੇਸ਼ ਮਹਿਮਾਨ ਮੁਖਵਿੰਦਰ ਸਿੰਘ ਛੀਨਾ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਇਸ ਦਿਨ ਦਾ ਮਿਹਨਤੀ ਵਿਦਿਆਰਥੀਆਂ ਨੂੰ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਉਨ੍ਹਾਂ ਇਹ ਵੀ ਕਿਹਾ ਜ਼ਿੰਦਗੀ ਦੇ 4 ਪੜ੍ਹਾਅ ਜਿੰਨਾਂ ਚ ਮਾਂ-ਪਿਓ, ਸਕੂਲ, ਕਾਲਜ ਅਤੇ ਯੂਨੀਵਰਸਿਟੀ ਤੋਂ ਵਿਦਿਆਰਥੀ ਸਿੱਖਦਾ ਹੈ ਤੇ ਸਮਾਜ ਦਾ ਇਕ ਚੰਗਾ ਨਾਗਰਿਕ ਹੋ ਕੇ ਆਪਣੇ ਮਾਪਿਆ ਅਤੇ ਸੰਸਥਾ ਦਾ ਨਾਮ ਰੌਸ਼ਨ ਵੀ ਕਰਦਾ ਹੈ।
ਸ. ਸੁਰਜੀਤ ਸਿੰਘ ਰੱਖੜਾ ਆਨਰੇਰੀ ਸਕੱਤਰ ਕਾਲਜ ਗਵਰਨਿੰਗ ਬਾਡੀ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖ਼ਾਲਸਾ ਕਾਲਜ ਇਕ ਸਰਬ-ਸਮਰੱਥ ਸੰਸਥਾ ਹੈ ਜਿਸ ਨਾਲ ਜੁੜ ਕੇ ਵਿਦਿਆਰਥੀ ਆਪਣੇ ਸੁਪਨਿਆਂ ਦੀ ਉਡਾਣ ਭਰ ਸਕਦੇ ਹਨ।
ਸਮਾਗਮ ਦੇ ਅਰੰਭ ਵਿਚ ਕਾਲਜ ਪਿ੍ਰੰਸੀਪਲ ਡਾ.ਧਰਮਿੰਦਰ ਸਿੰਘ ਉੱਭਾ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਕਾਲਜ ਹਮੇਸ਼ਾ ਹੀ ਅਕਾਦਮਿਕਤਾ ਦੇ ਖੇਤਰ ਵਿਚ ਜਿੱਥੇ ਉੱਚ ਪ੍ਰਾਪਤੀਆਂ ਕਰ ਰਿਹਾ ਹੈ, ਉੱਥੇ ਸਭਿਆਚਾਰਕ ਕਦਰਾਂ- ਕੀਮਤਾਂ ਅਤੇ ਵਿਰਸੇ ਦੀ ਸੰਭਾਲ ਹਿੱਤ ਵੀ ਹਮੇਸ਼ਾ ਨਿਰੰਤਰ ਉਪਰਾਲੇ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆ ਕਿਹਾ ਕਿ ਕਾਲਜ ਵਲੋਂ ਅਨੇਕਾਂ ਹੁਨਰ ਵਿਕਾਸ ਦੇ ਕੋਰਸ ਸ਼ੁਰੂ ਕੀਤੇ ਗਏ ਹਨ। ਜਿਨ੍ਹਾਂ ਵਿਚ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਰੋਜ਼ਗਾਰ ਦੇ ਕਾਬਲ ਬਣ ਕੇ ਆਪਣਾ ਅਤੇ ਸੰਸਥਾ ਦਾ ਨਾਮ ਰੌਸ਼ਨ ਕਰਨਗੇ।
ਸ. ਸਤਵਿੰਦਰ ਸਿੰਘ ਟੌਹੜਾ ਨੇ ਪਹੁੰਚੀਆਂ ਸਾਰੀਆਂ ਸਖ਼ਸੀਅਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਅਤੇ ਵਾਈਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ ਤੋਂ ਇਲਾਵਾ ਭਰਵੀਂ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਸਟੇਜ ਦਾ ਸੰਚਾਲਨ ਪ੍ਰੋ. ਜਸਪ੍ਰੀਤ ਕੌਰ ਵੱਲੋਂ ਬਾਖੂਬੀ ਕੀਤਾ ਗਿਆ।

