ਪਟਿਆਲਾ

ਸ਼ਾਹੀ ਸ਼ਹਿਰ ਪਟਿਆਲਾ ਵਿੱਚ ਹੋਇਆ ਸ਼ਾਨਦਾਰ ਸੰਗੀਤਮਈ ਸ਼ਾਮ ਦਾ ਆਯੋਜਨ*

ਸਾਜ਼ ਔਰ ਆਵਾਜ਼ ਕਲੱਬ ਦੇ ਸਹਿਯੋਗ ਨਾਲ 30 ਤੋਂ ਵੱਧ ਸੰਗੀਤ ਪ੍ਰੇਮੀ ਗਾਇਕਾਂ ਨੇ ਬਿਖੇਰਿਆ ਆਵਾਜ਼ ਦਾ ਜਾਦੂ

ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਨੇ 28 ਸਾਲ ਪੂਰੇ ਹੋਣ ‘ਤੇ ਕਰਵਾਇਆ ਗ੍ਰੈਂਡ ਮਿਊਜ਼ਿਕਲ ਈਵੈਂਟ

ਯੂ ਟਿਊਬ ਚੈਨਲ ਰਾਹੀਂ ਦਿਖਾਏ ਲਾਈਵ ਪ੍ਰੋਗਰਾਮ ਦਾ ਹਜ਼ਾਰਾ ਲੋਕਾਂ ਨੇ ਮਾਣਿਆ ਆਨੰਦ

ਫਿਲਮ ਐਕਟਰ ਲਖਵਿੰਦਰ ਸਿੰਘ ਲੱਖਾ ਅਤੇ ਮੇਰਾ ਬਾਬਾ ਨਾਨਕ ਫਿਲਮ ਦੀ ਸਟਾਰ ਕਾਸਟ ਟੀਮ ਨੇ ਵੀ ਕੀਤੀ ਸ਼ਮੁਲੀਅਤ

ਪਟਿਆਲਾ, 9 ਮਈ – (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਅਖ਼ਬਾਰ ਨਿਊਜ਼ਲਾਈਨ ਐਕਸਪ੍ਰੈਸ ਵੱਲੋਂ ਸੰਪਾਦਕ ਅਸ਼ੋਕ ਵਰਮਾ ਦੀ ਅਗਵਾਈ ਵਿੱਚ ਅਖਬਾਰ ਦੇ 28 ਸਾਲ ਪੂਰੇ ਹੋਣ ਉਤੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ 7 ਮਈ, ਦਿਨ ਐਤਵਾਰ ਨੂੰ ਬਾਅਦ ਦੁਪਹਿਰ 3 ਵਜੇ ਪ੍ਰਸਿੱਧ ਕਲੱਬ “ਸਾਜ਼ ਔਰ ਆਵਾਜ਼ ਕਲੱਬ ਪਟਿਆਲਾ” ਦੇ ਸਹਿਯੋਗ ਨਾਲ ਇੱਕ ਸੰਗੀਤਮਈ ਸ਼ਾਮ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਪਟਿਆਲਾ ਦੀ ਨਾਭਾ ਰੋਡ ਉਤੇ ਸਥਿਤ ਪ੍ਰਸਿੱਧ “ਹਰਪਾਲ ਟਿਵਾਣਾ ਸੈਂਟਰ ਫਾਰ ਪਰਫ਼ਾਰਮਿੰਗ ਆਰਟ” ਵਿਖੇ ਆਯੋਜਿਤ ਗ੍ਰੈਂਡ ਮਿਊਜ਼ਿਕਲ0 ਈਵੈਂਟ “ਆਰ. ਡੀ. ਬਰਮਨ ਸਪੈਸ਼ਲ” ਦੇ ਨਾਂਅ ਹੇਠ ਸਮਾਗਮ ਵਿੱਚ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਪਹੁੰਚ ਕੇ ਸੰਗੀਤ ਦਾ ਆਨੰਦ ਮਾਣਿਆ। ਇਸ ਪ੍ਰੋਗਰਾਮ ਵਿਚ ਕੈਰਾਓਕੇ ਮਿਊਜ਼ਿਕ ਉਤੇ ਲਗਭਗ 40 ਤੋਂ ਵੱਧ ਸੰਗੀਤ ਪ੍ਰੇਮੀਆਂ ਵੱਲੋਂ ਆਪਣੀ ਖੂਬਸੂਰਤ ਅਵਾਜ਼ ਵਿੱਚ, ਦੁਨੀਆ ਭਰ ਵਿਚ ਪ੍ਰਸਿੱਧ ਫਿਲਮੀ ਜਗਤ ਦੀ ਰੂਹ ਸ੍ਰੀ ਆਰ.ਡੀ. ਬਰਮਨ ਸਾਹਿਬ ਦੀਆਂ ਧੁਨਾਂ ਉਤੇ ਗਾਣੇ ਸੁਣਾ ਕੇ ਸਭ ਨੂੰ ਬੈਠੇ ਬੈਠੇ ਹੀ ਝੂੰਮਣ ਲਾ ਦਿੱਤਾ ਜਦਕਿ ਪ੍ਰੋਗਰਾਮ ਦੀ ਸਮਾਪਤੀ ਤੋਂ ਠੀਕ ਪਹਿਲਾਂ ਤਾਂ ਸਟੇਜ ਉਤੇ ਅਤੇ ਹਾਲ ਵਿੱਚ ਕਈ ਲੋਕਾਂ ਨੂੰ ਮਸਤੀ ਵਿੱਚ ਨੱਚਦੇ ਦੇਖਿਆ ਗਿਆ।
ਜ਼ਿਕਰਯੋਗ ਹੈ ਕਿ ਇਹ ਸਮਾਗਮ ਪੂਰੀ ਤਰ੍ਹਾਂ ਗੈਰ ਸਿਆਸੀ ਸੀ ਜਿਸ ਕਰਕੇ ਬਾਅਦ ਦੁਪਹਿਰ 3:15 ਵਜੇ ਸ਼ੁਰੂ ਹੋਇਆ ਸੰਗੀਤ ਪ੍ਰੋਗਰਾਮ ਰਾਤ 9 ਵਜੇ ਸਮਾਪਤ ਹੋਇਆ ਅਤੇ ਦਰਸ਼ਕਾਂ ਤੇ ਮਹਿਮਾਨਾਂ ਨੇ ਸੰਗੀਤ ਦਾ ਭਰਪੂਰ ਆਨੰਦ ਮਾਣਿਆ। ਇਸ ਸੰਗੀਤਮਈ ਸ਼ਾਮ ਦੌਰਾਨ ਕਈ ਉੱਚ ਅਧਿਕਾਰੀਆਂ, ਜੱਜ ਸਾਹਿਬਾਨ ਅਤੇ ਫਿਲਮੀ ਕਲਾਕਾਰਾਂ ਨੇ ਵੀ ਪ੍ਰੋਗਰਾਮ ਦੀ ਸ਼ੋਭਾ ਵਧਾਈ। ਪ੍ਰਸਿੱਧ ਫਿਲਮ ਐਕਟਰ ਲਖਵਿੰਦਰ ਸਿੰਘ ਲੱਖਾ ਅਤੇ ਮੇਰਾ ਬਾਬਾ ਨਾਨਕ ਫਿਲਮ ਦੀ ਸਟਾਰ ਕਾਸਟ ਟੀਮ ਨੇ ਪੰਜਾਬੀ ਫ਼ਿਲਮੀ ਹੀਰੋ ਤੇ ਸਾਊਥ ਦੀਆਂ ਫਿਲਮਾਂ ਵਿੱਚ ਵਿਲੀਅਨ ਦੇ ਰੋਲ ਵਿੱਚ ਨਾਮ ਖੱਟ ਚੁੱਕੇ ਐਕਟਰ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਜਿੱਥੇ ਸੰਗੀਤ ਦਾ ਅਨੰਦ ਮਾਣਿਆ ਉਥੇ ਹੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਤੇ ਜਲਦੀ ਰਿਲੀਜ਼ ਹੋਣ ਵਾਲੀ ਫਿਲਮ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਤੇ ਫਿਲਮ ਜ਼ਰੂਰ ਦੇਖਣ ਲਈ ਕਿਹਾ।
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਆਪਣੀ ਧਰਮਪਤਨੀ ਸ਼੍ਰੀਮਤੀ ਸੁਨੀਤਾ, ਮਹਿਲਾ ਵਿੰਗ/ਸੈਨਾ ਦੀ ਪ੍ਰਧਾਨ ਸ੍ਰੀਮਤੀ ਸਵਰਾਜ ਘੁੰਮਣ, ਜ਼ਿਲ੍ਹਾ ਪ੍ਰਧਾਨ ਸ੍ਰੀ ਸ਼ਮਾਕਾਂਤ ਪਾਂਡੇ ਅਤੇ ਹੋਰ ਆਗੂਆਂ ਸਮੇਤ ਸੰਗੀਤਮਈ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਉੱਤੇ ਪਹੁੰਚ ਕੇ ਜਿੱਥੇ ਨਿਊਜ਼ਲਾਈਨ ਐਕਸਪ੍ਰੈਸ ਦੀ ਟੀਮ ਨੂੰ ਵਧਾਈ ਦਿੱਤੀ ਉਥੇ ਹੀ ਸੰਗੀਤ ਦਾ ਅਨੰਦ ਵੀ ਮਾਣਿਆ। ਉਪਰੋਕਤ ਸਭ ਤੋਂ ਇਲਾਵਾ ਇਲੈਕਟ੍ਰੋਨਿਕ ਮੀਡੀਆ ਕਲੱਬ ਸਮੇਤ ਪਟਿਆਲਾ ਦੇ ਪੱਤਰਕਾਰ ਭਾਈਚਾਰੇ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।
ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਪ੍ਰਧਾਨ ਸ੍ਰੀ ਰਵਿੰਦਰ ਬਾਲੀ, ਸੀਨੀਅਰ ਮੀਤ ਪ੍ਰਧਾਨ ਸ. ਕੇ ਐਸ ਸੇਖੋਂ ਤੇ ਜਨਰਲ ਸਕੱਤਰ ਰਾਜ ਕੁਮਾਰ ਦੀ ਅਗਵਾਈ ਵਿੱਚ ਪੂਰੀ ਟੀਮ ਦੇ ਸਹਿਯੋਗ ਤੇ ਪ੍ਰਬੰਧਾਂ ਨਾਲ ਸੰਗੀਤਮਈ ਸ਼ਾਮ ਇੱਕ ਸ਼ਾਨਦਾਰ ਤੇ ਯਾਦਗਾਰੀ ਸ਼ਾਮ ਹੋ ਨਿਬੜੀ। ਇਹ ਪ੍ਰੋਗਰਾਮ ਨਿਊਜ਼ਲਾਈਨ ਐਕਸਪ੍ਰੈਸ ਦੇ ਯੂ ਟਿਊਬ ਚੈਨਲ ਰਾਹੀਂ ਲਾਈਵ ਵੀ ਦਿਖਾਇਆ ਗਿਆ ਜਿਸਦਾ ਹਜ਼ਾਰਾਂ ਲੋਕਾਂ ਨੇ ਮੌਕੇ ਉਤੇ ਪਹੁੰਚੇ ਬਿਨਾ ਹੀ ਦੇਸ਼ ਵਿਦੇਸ਼ਾਂ ਵਿਚ ਬੈਠੇ ਹੀ ਆਨੰਦ ਮਾਣਿਆ।
ਇਸ ਪ੍ਰੋਗਰਾਮ ਵਿੱਚ ਸਾਜ਼ ਔਰ ਆਵਾਜ਼ ਕਲੱਬ ਦੇ ਸਮੂਹ ਮੈਂਬਰਾਂ/ਗਾਇਕਾਂ ਸਮੇਤ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਕਰਮਚਾਰੀ ਦੇਸ ਰਾਜ ਅਤੇ ਪੱਤਰਕਾਰ ਅਨਿਲ ਵਰਮਾ ਦੀ ਬੇਟੀ ਜਾਹਨਵੀ ਨੇ ਵੀ ਬਹੁਤ ਵਧੀਆ ਤੇ ਦਿਲਕਸ਼ ਆਵਾਜ਼ ਵਿੱਚ ਗਾ ਕੇ ਦਰਸ਼ਕਾਂ ਦਾ ਮਨ ਮੋਹਿਆ।
ਲਗਭਗ ਸਾਢੇ ਪੰਜ ਘੰਟੇ ਬਿਨਾ ਰੁਕੇ ਚੱਲੇ ਇਸ ਸ਼ਾਨਦਾਰ ਪ੍ਰੋਗਰਾਮ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ ਜਦਕਿ ਸੰਗੀਤ ਪ੍ਰੇਮੀ ਗਾਇਕਾਂ ਨੇ ਵੱਡਾ ਮੰਚ ਦੇਣ ਲਈ ਨਿਊਜ਼ਲਾਈਨ ਐਕਸਪ੍ਰੈਸ ਦਾ ਧਨਵਾਦ ਕੀਤਾ।
ਸੰਗੀਤ ਸਮਾਗਮ ਦੌਰਾਨ ਜਿੱਥੇ ਸਾਜ਼ ਔਰ ਆਵਾਜ਼ ਕਲੱਬ ਦੀ ਟੀਮ ਨੂੰ ਆਦਰ ਸਹਿਤ ਸਨਮਾਨਿਤ ਕੀਤਾ ਗਿਆ ਉਥੇ ਹੀ ਕਲੱਬ ਵਲੋਂ ਵੀ ਨਿਊਜ਼ਲਾਈਨ ਐਕਸਪ੍ਰੈਸ ਅਖਬਾਰ ਦੀ ਟੀਮ ਦਾ ਧੰਨਵਾਦ ਕਰਦਿਆਂ ਸਨਮਾਨ ਕੀਤਾ ਗਿਆ। ਦੋਹਾਂ ਟੀਮਾਂ ਨੇ ਰਲ ਕੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਥਿੰਦ ਦਾ ਧੰਨਵਾਦ ਕਰਦਿਆਂ ਯਾਦਗਾਰੀ ਚਿੰਨ੍ਹ ਦੇ ਸਨਮਾਨ ਕੀਤਾ ਗਿਆ। ਇਸਦੇ ਨਾਲ ਹੀ ਫਿਲਮੀ ਕਲਾਕਾਰਾਂ ਲਖਵਿੰਦਰ ਸਿੰਘ ਲੱਖਾ, ਬਿਕਰਮਜੀਤ ਸਿੰਘ ਬਰਾੜ ਅਤੇ ਹੋਰ ਕਲਾਕਾਰਾਂ ਨੂੰ ਵੀ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ ਇਸ ਦੌਰਾਨ ਫਿਲਮ ਕਲਾਕਾਰ ਲਖਵਿੰਦਰ ਲੱਖਾ ਨੇ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ ਤੇ ਗਾਣੇ ਸੁਣਾਏ।
ਕੁੱਲ ਮਿਲਾ ਕੇ, ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ, ਉੱਚ ਅਧਿਕਾਰੀਆਂ ਤੇ ਹੋਰ ਸ਼ਖ਼ਸੀਅਤਾਂ ਸਮੇਤ ਦਰਸਕਾਂ ਤੋਂ ਮਿਲੇ ਪਿਆਰ ਸਦਕਾ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਵਲੋਂ ਆਯੋਜਿਤ ਪ੍ਰੋਗਰਾਮ ਬਹੁਤ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ।

Leave a Reply

Your email address will not be published. Required fields are marked *