ਛੀਨਾ ਨੇ ‘ਟੂਵਾਰਡਸ ਇਨਕਲੂਸਿਵ ਐਜੂਕੇਸ਼ਨ’ ਪੁਸਤਕ ਕੀਤੀ ਰਿਲੀਜ਼
ਖ਼ਾਲਸਾ ਕਾਲਜ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਤੇ ਸਟਾਫ਼ ਦੇ ਸਾਂਝੇ ਯਤਨਾਂ ਨਾਲ ਤਿਆਰ ਪੁਸਤਕ ਵਿਦਿਆਰਥੀਆਂ ਲਈ ਹੋਵੇਗੀ ਲਾਹੇਵੰਦ ਸਾਬਿਤ : ਛੀਨਾ
ਅੰਮ੍ਰਿਤਸਰ, 10 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸਮਾਜਿਕ ਇਨਸਾਫ਼ ਅਤੇ ਬਰਾਬਰਤਾ ਲਈ ਸਿੱਖਿਆ ਇਕ ਪ੍ਰਮੁੱਖ ਸਾਧਨ ਹੈ। ਸਮਾਜ ਲਈ ਸਿੱਖਿਆ ਮਹੱਤਵਪੂਰਨ, ਕਿਉਂਕਿ ਇਸ ’ਚ ਹਰੇਕ ਨਾਗਰਿਕ ਨੂੰ ਵੱਧਣ-ਫੁੱਲਣ ਅਤੇ ਦੇਸ਼-ਸਮਾਜ ਲਈ ਯੋਗਦਾਨ ਪਾਉਣ ਦਾ ਮੌਕਾ ਮਿਲਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਖੇ ‘ਟੂਵਾਰਡਜ਼ ਇਨਕਲੂਸਿਵ ਐਜੂਕੇਸ਼ਨ’ ਸਿਰਲੇਖ ਵਾਲੀ ਨਵੀਂ ਪੁਸਤਕ ਦੇ ਰਿਲੀਜ਼ ਸਮਾਰੋਹ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਪੁਸਤਕ ਸਮਾਜ ਦੀਆਂ ਭਵਿੱਖ ’ਚ ਚੁਣੌਤੀਆਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਵਾਲੀ ਹੈ।
ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੁਆਰਾ ਸੰਪਾਦਿਤ, ਐਸੋਸੀਏਟ ਪ੍ਰੋਫੈਸਰ ਡਾ. ਮਨਿੰਦਰ ਕੌਰ ਅਤੇ ਸਹਾਇਕ ਪ੍ਰੋਫੈਸਰ ਡਾ. ਦੀਪਿਕਾ ਕੋਹਲੀ ਦੀ ਇਸ ਪੁਸਤਕ ’ਚ ਸਿੱਖਿਆ ਪ੍ਰਣਾਲੀ ਦੇ ਵੱਖ-ਵੱਖ ਪਹਿਲੂਆਂ ’ਚ ਸ਼ਮੂਲੀਅਤ ਅਤੇ ਬੀਤੇ ਸਮੇਂ ’ਚ ਜਾਰੀ ਐਨ. ਈ. ਪੀ.-2020 ਦੇ ਭਵਿੱਖਵਾਦੀ ਦ੍ਰਿਸ਼ਟੀਕੋਣ ਸਬੰਧੀ ਦੇਸ਼ ਭਰ ਦੇ ਮਾਹਿਰਾਂ ਦੇ ਵਿਦਵਤਾ ਭਰਪੂਰ ਲੇਖ ਸ਼ਾਮਿਲ ਹਨ। ਇਸ ਮੌਕੇ ਪ੍ਰਿੰ: ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਪੁਸਤਕ ’ਚ ਐਨ. ਈ. ਪੀ.-2020 ’ਚ ਸੰਮਿਲਿਤ ਸਿੱਖਿਆ ਅਤੇ ਸਿੱਖਣ ਦੇ ਬੁਨਿਆਦੀ ਢਾਂਚੇ, ਸਿੱਖਣ ਦੇ ਮਾਹੌਲ, ਸਕੂਲ ਅਤੇ ਕਲਾਸਰੂਮ ਅਭਿਆਸਾਂ, ਮੁਲਾਂਕਣ ਅਤੇ ਅਧਿਆਪਕਾਂ ਦੇ ਪੇਸ਼ੇਵਰ ਵਿਕਾਸ ਦੇ ਸਬੰਧ ’ਚ ਉਨ੍ਹਾਂ ਦੇ ਪ੍ਰਭਾਵਾਂ ਦੇ ਸਬੰਧ ’ਚ ਮੁੱਖ ਨੀਤੀਗਤ ਸਿਫ਼ਾਰਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸ: ਛੀਨਾ ਨੇ ਕਿਹਾ ਕਿ ਨੌਜਵਾਨ ਸਮਾਜਿਕ, ਆਰਥਿਕ ਵਿਕਾਸ ਅਤੇ ਨਵੀਨਤਾ ਲਈ ਤੱਤਪਰ ਰਹਿੰਦੇ ਹਨ। ਉਨ੍ਹਾਂ ਦੀ ਸਮੂਹਿਕ ਊਰਜਾ ਅਤੇ ਦ੍ਰਿਸ਼ਟੀ ਰਾਸ਼ਟਰ ਤੇ ਸਮਾਜ ਦੇ ਵਿਕਾਸ ਦਾ ਮੁੱਢ ਹੁੰਦਾ ਹੈ। ਉਨ੍ਹਾਂ ਲਈ ਸਹੀ ਕਿਸਮ ਦੀ ਸਿੱਖਿਆ, ਹੁਨਰ ਅਤੇ ਉੱਦਮਤਾ ਦੇ ਮੌਕੇ ਦੇਸ਼ ਦੇ ਸਮੁੱਚੇ ਸਮਾਜਿਕ-ਆਰਥਿਕ ਵਿਕਾਸ ਲਈ ਜ਼ਰੂਰੀ ਹੁੰਦੇ ਹਨ। ਇਸ ਦੌਰਾਨ ਪੁਸਤਕ ਨਿਸ਼ਚਿਤ ਤੌਰ ’ਤੇ ਉੱਚ ਸਿੱਖਿਆ ਸੰਸਥਾਵਾਂ ਨੂੰ ਸੰਸਥਾਗਤ ਦ੍ਰਿਸ਼ਟੀਕੋਣ ’ਚ ਵਿਆਪਕ ਤਬਦੀਲੀ ਲਿਆਉਣ ਅਤੇ ਸਾਰਿਆਂ ਲਈ ਸਿੱਖਿਆ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਰੁਕਾਵਟਾਂ ਨੂੰ ਦੂਰ ਕਰਨ ’ਚ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਅਧਿਆਪਕਾਂ, ਸਿੱਖਿਅਕਾਂ, ਗੈਰ ਸਰਕਾਰੀ ਸੰਗਠਨਾਂ ਅਤੇ ਅਪਾਹਿਜ ਬੱਚਿਆਂ ਨਾਲ ਕੰਮ ਕਰਨ ਵਾਲੀਆਂ ਸਖਸ਼ੀਅਤਾਂ ਲਈ ਢੁੱਕਵੀਂ ਹੈ।

