ਖ਼ਾਲਸਾ ਕਾਲਜ ਪਟਿਆਲਾ ਵੱਲੋਂ ਸਾਲਾਨਾ ਕਨਵੋਕੇਸ਼ਨ ਦੌਰਾਨ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ
ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਵੱਲੋਂ ਅੱਜ ਆਪਣੇ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਕਨਵੋਕੇਸ਼ਨ ਕਰਵਾਈ ਗਈ। ਜਿਸ ਵਿਚ ਪੋਸਟ ਗ੍ਰੈਜੂਏਸ਼ਨ ਦੇ 230 ਅਤੇ ਅੰਡਰ ਗ੍ਰੈਜੂਏਟ ਦੇ 240 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਸ ਕਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵੱਜੋਂ ਸ. ਸੁਰਜੀਤ ਸਿੰਘ ਰੱਖੜਾ ਆਨਰੇਰੀ ਸਕੱਤਰ ਕਾਲਜ ਗਵਰਨਿੰਗ ਬਾਡੀ ਅਤੇ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸ. ਸਤਵਿੰਦਰ ਸਿੰਘ ਟੌਹੜਾ ਮੈਂਬਰ ਕਾਲਜ ਗਵਰਨਿੰਗ ਬਾਡੀ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿ੍ਰਤਸਰ ਸਾਹਿਬ ਪਹੁੰਚੇ ਹੋਏ ਸਨ। ਇਸ ਮੌਕੇ ਆਪਣੇ ਕਨਵੋਕੇਸ਼ਨ ਭਾਸ਼ਣ ਵਿੱਚ ਸ. ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕਿਸੇ ਵੀ ਕੰਮ ਦੀ ਸੰਪੂਰਨਤਾ ਦਾ ਪਲ ਅਜਿਹੀ ਸੁਭਾਗੀ ਘੜੀ ਹੁੰਦੀ ਹੈ ਜਿਸ ਦੀ ਯਾਦ ਹਮੇਸ਼ਾ ਹੀ ਸਾਡੇ ਨਾਲ ਰਹਿੰਦੀ ਹੈ। ਖ਼ਾਲਸਾ ਕਾਲਜ ਪਟਿਆਲਾ ਤੋਂ ਆਪਣੀ ਪੜ੍ਹਾਈ ਪੂਰੀ ਕਰਕੇ ਡਿਗਰੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਜ਼ਿੰਦਗੀ ਦਾ ਇਕ ਮੁਕਾਮ ਪੂਰਾ ਕਰ ਲਿਆ ਹੈ ਤੇ ਹੁਣ ਤੁਸੀਂ ਜ਼ਿੰਦਗੀ ਦੇ ਅਗਲੇ ਪੜਾਅ ਵਿੱਚ ਦਾਖਲ ਹੋਣ ਜਾ ਰਹੇ ਹੋ। ਜਿੱਥੇ ਅਨੇਕਾਂ ਪ੍ਰਕਾਰ ਦੀਆਂ ਜਿੰਮੇਵਾਰੀਆਂ ਤੁਹਾਡੇ ’ਤੇ ਆਇਦ ਹੋਣਗੀਆਂ । ਖ਼ਾਲਸਾ ਕਾਲਜ ਤੋਂ ਪ੍ਰਾਪਤ ਕੀਤੀ ਵਿੱਦਿਆ ਤੁਹਾਨੂੰ ਉਹ ਜ਼ਿੰਮੇਵਾਰੀਆਂ ਨਿਭਾਉਣ ਵਿਚ ਮੱਦਦਗਾਰ ਰਹੇਗੀ। ਉਨ੍ਹਾਂ ਇਹ ਗੱਲ ਵੀ ਜ਼ੋਰ ਦੇ ਕੇ ਕਹਿ ਕੇ ਜੀਵਨ ਵਿਚ ਕੁਝ ਵੀ ਸਿੱਖਣ ਦਾ ਸਬੱਬ ਹਮੇਸ਼ਾਂ ਹੀ ਬਣਿਆ ਰਹਿੰਦਾ ਹੈ ਬਾਸ਼ਰਤ ਕਿ ਅਸੀਂ ਸਿੱਖਣ ਲਈ ਹਮੇਸ਼ਾਂ ਤਤਪਰ ਰਹੀਏ।
ਵਿਸ਼ੇਸ਼ ਮਹਿਮਾਨ ਸ. ਸਤਵਿੰਦਰ ਸਿੰਘ ਟੌਹੜਾ ਇਸ ਮੁਬਾਰਕ ਮੌਕੇ ’ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕੇ ਅੱਜ ਦਾ ਇਹ ਸਮਾਂ ਕੇਵਲ ਤੁਹਾਡੇ ਲਈ ਹੀ ਨਹੀਂ ਸਗੋਂ ਤੁਹਾਡੇ ਮਾਪਿਆਂ ਲਈ ਵੀ ਮਾਣ ਭਰਿਆ ਹੈ ਜਦੋਂ ਉਨ੍ਹਾਂ ਦੁਆਰਾ ਕਰਵਾਈ ਗਈ ਮਿਹਨਤ ਅਤੇ ਦਿੱਤੀ ਗਈ ਸਰਪ੍ਰਸਤੀ ਦੀ ਬਾਦੌਲਤ ਤੁਸੀ ਡਿਗਰੀਆਂ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ। ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਦੱਸਿਆ ਕਿ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਵਿਦਿਆਰਥੀ ਜਦੋਂ ਆਪਣੀ ਡਿਗਰੀ ਹਾਸਲ ਕਰਨ ਤਾਂ ਉਹ ਗਿਆਨ ਦੇ ਪੱਖ ਤੋਂ ਵੀ ਸਰਬਪੱਖੀ ਮੁਹਾਰਤ ਰੱਖਦੇ ਹੋਣ। ਉਨ੍ਹਾਂ ਡਿਗਰੀ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਨਾਲ ਹੀ ਆਸ ਵੀ ਪ੍ਰਗਟ ਕੀਤੀ ਕਿ ਜੀਵਨ ਦੇ ਅਗਲੇ ਮੁਕਾਮ ’ਤੇ ਵੀ ਉਨ੍ਹਾਂ ਨੂੰ ਸਫਲਤਾ ਮਿਲੇਗੀ ਅਤੇ ਖ਼ਾਲਸ ਕਾਲਜ ਤੋਂ ਪ੍ਰਾਪਤ ਕੀਤੀ ਵਿਦਿਆ ਦੀ ਬਦੌਲਤ ਉਹ ਜ਼ਿੰਦਗੀ ਵਿਚ ਉੱਚੇ ਮੁਕਾਮ ਹਾਸਲ ਕਰਨਗੇ। ਜਿੱਥੇ ਉਹ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਗੇ ਓਥੇ ਨਾਲ ਦੀ ਨਾਲ ਖ਼ਾਲਸਾ ਕਾਲਜ ਪਟਿਆਲਾ ਦੀ ਸ਼ੋਭਾ ਨੂੰ ਵੀ ਚਾਰ ਚੰਨ ਲਾਉਣਗੇ । ਅੰਤ ’ਤੇ ਰਜਿਸਟਰਾਰ ਡਾ. ਵਿਕਰਮ ਗੁਪਤਾ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ, ਵਾਇਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ, ਵਾਇਸ ਪਿ੍ਰੰਸੀਪਲ ਡਾ. ਅਜੀਤ ਸਿੰਘ, ਵਾਇਸ ਪਿ੍ਰੰਸੀਪਲ ਡਾ. ਗੁਰਮੀਤ ਸਿੰਘ, ਕੰਟਰੋਲਰ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਅਤੇ ਸਮੂਹ ਡੀਨ ਸਾਹਿਬਾਨ ਹਾਜ਼ਰ ਸਨ।

