ਕਾਲਜਾਂ ਵੱਲੋਂ ਵਿਸ਼ੇਸ਼ ਖਾਤਾ ਖੁਲ੍ਹਵਾਉਣ ਬਾਰੇ ਵਰਕਸ਼ਾਪ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐੱਨ. ਐੱਸ. ਐੱਸ. ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਾਇੰਸ ਆਡੀਟੋਰਿਅਮ ਵਿਖੇ ਇੱਕ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਮਕਸਦ ਕਾਲਜਾਂ ਨੂੰ ਗਰੈਂਡ ਚਾਈਲਡ ਜ਼ੀਰੋ ਬੈਲੇਂਸ ਸਬਸਡਿਰੀ ਕਰੰਟ ਅਕਾਉਂਟ ਖੁਲਵਾਉਣ ਲਈ ਜਾਣਕਾਰੀ ਦੇਣਾ ਅਤੇ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਪੁਲਿਸ ਇੰਟਰਨਸ਼ਿਪ ਦਾ ਲਾਭ ਉਠਾਉਣ ਬਾਰੇ ਪ੍ਰੇਰਿਤ ਕਰਨਾ ਸੀ। ਇਸ ਵਰਕਸ਼ਾਪ ਵਿੱਚ ਯੁਵਕ ਸੇਵਾਵਾਂ ਵਿਭਾਗ, ਚੰਡੀਗੜ੍ਹ ਤੋਂ ਸਟੇਟ ਐੱਨ.ਐੱਸ.ਐੱਸ. ਅਫ਼ਸਰ ਕਮਲਜੀਤ ਸਿੰਘ ਸਿੱਧੂ ਨੇ ਸਿ਼ਰਕਤ ਕੀਤੀ। ਲਗਭਗ 115 ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਪ੍ਰੋਗਰਾਮ ਅਫਸਰਾਂ ਨੇ ਵਰਕਸ਼ਾਪ ਵਿੱਚ ਭਾਗ ਲਿਆ। ਵਰਕਸ਼ਾਪ ਦੀ ਸ਼ੁਰੂਆਤ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਜ਼ੀਰੋ ਬੈਲੇਂਸ ਕਰੰਟ ਅਕਾਊਂਟ ਖੁਲ੍ਹਵਾਉਣ ਅਤੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪੁਲਿਸ ਇੰਟਰਨਸਿਪ ਯੋਜਨਾ ਬਾਰੇ ਬਾਰੇ ਜਾਣਕਾਰੀ ਦਿੱਤੀ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿਹਾ ਕਿ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ/ਪ੍ਰੋਗਰਾਮ ਅਫਸਰਾਂ ਨੂੰ ਅਕਾਉਂਟ ਖੁਲਵਾਉਣ ਸਬੰਧੀ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਵਰਕਸ਼ਾਪ ਦਾ ਅਯੋਜਨ ਕਰਨਾ ਇਕ ਸ਼ਲਾਘਾਯੋਗ ਕਦਮ ਹੈ। ਸਟੇਟ ਐਨ.ਐਸ.ਐਸ. ਅਫਸਰ ਕਮਲਜੀਤ ਸਿੰਘ ਸਿੱਧੂ ਜੀ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਇਹ ਅਕਾਉਂਟ ਸਟੇਟ ਬੈਂਕ ਆਫ ਇੰਡੀਆ ਵਿੱਚ ਖੁਲਵਾਉਣਾ ਅਤਿ ਜ਼ਰੂਰੀ ਹੈ ਤਾਂ ਜੋ ਕਾਲਜਾਂ ਨੂੰ ਗਰਾਂਟ ਜਾਰੀ ਕੀਤੀ ਜਾ ਸਕੇ। ਸਟੇਟ ਬੈਂਕ ਆਫ ਇੰਡੀਆਂ ਦੇ ਪੰਜਾਬੀ ਯੂਨੀਵਰਸਿਟੀ ਸ਼ਾਖਾ ਦੇ ਮੈਨੇਜਰ ਇਸ ਮੌਕੇ ਹਾਜ਼ਰ ਰਹੇ ਤਾਂ ਜੋ ਕਾਲਜਾਂ ਨੂੰ ਬੈਂਕ ਵਿੱਚ ਖਾਤਾ ਖੁਲ੍ਹਵਾਉਣ ਸਬੰਧੀ ਆ ਰਹੀਆਂ ਦਿੱਕਤਾਂ ਨੂੰ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਦੂਰ ਕੀਤਾ ਜਾ ਸਕੇ।

