ਅੰਮ੍ਰਿਤਸਰਪੰਜਾਬ

ਗੁਰ ਸੇਵਕਾਂ ਵੱਲੋਂ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਨਿਰੰਤਰ ਜਾਰੀ

ਸਮੁੱਚੇ ਕੰਪਲੈਕਸ ਦੀ ਕਾਇਆ ਕਲਪ ਹੋਵੇਗੀ

ਸ. ਅਜੀਤ ਸਿੰਘ ਤੇ ਬੀਬੀ ਸਸਪੰਤ ਕੌਰ ਸਨਮਾਨਿਤ

ਅੰਮ੍ਰਿਤਸਰ:- 29 ਮਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਰੀ ਇਕ ਬਿਆਨ ਵਿੱਚ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਪ੍ਰੇਰਨਾ ਤੇ ਉਤਸ਼ਾਹ ਸਦਕਾ ਬੁੱਢਾ ਦਲ ਦੇ ਨਿਹੰਗ ਸਿੰਘਾਂ ਦੀ ਛਾਉਣੀ ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ, ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਵਿਖੇ ਚਾਰ ਜੁਲਾਈ 2022 ਤੋਂ ਚੱਲ ਰਹੇ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਬਾਣੀ ਸ਼ਬਦ ਕੀਰਤਨ ਪ੍ਰਵਾਹ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਬੀਬੀਆਂ ਅਤੇ ਪੁਰਸ਼ਾਂ ਨੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਅੱਜ ਗੁਰਬਾਣੀ ਦਾ ਮਨੋਹਰ ਕੀਰਤਨ ਅਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਇਸ ਤੋਂ ਪਹਿਲਾਂ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚੱਲ ਰਹੇ 201 ਅਖੰਡ ਪਾਠਾਂ ਦੀ ਲੜੀ ਦਾ 12ਵਾਂ ਅਖੰਡ ਪਾਠ ਅਰੰਭ ਕੀਤਾ ਗਿਆ।

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਚਾਰ ਜੁਲਾਈ 2022 ਨੂੰ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਇਸ ਅਸਥਾਨ ਤੇ ਨਿਰਵਿਘਨ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਪ੍ਰਵਾਹ ਅਰੰਭ ਕੀਤਾ ਗਿਆ ਸੀ ਜੋ 15 ਮਾਰਚ 2023 ਨੂੰ ਸੰਪੂਰਨ ਹੋਇਆ ਸੀ। ਹੁਣ ਇਹ ਸਮਾਗਮ ਹਫਤੇ ਵਿੱਚ ਦੋ ਵਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 201 ਅਖੰਡ ਪਾਠਾਂ ਦੀ ਲੜੀ ਮਿਤੀ 5 ਮਈ 2023 ਤੋਂ ਸ਼ੁਰੂ ਕੀਤੀ ਗਈ ਹੈ ਜੋ ਲਗਾਤਾਰ ਗੁਰੂ ਮਹਾਰਾਜ ਦੀ ਕ੍ਰਿਪਾ ਸਦਕਾ ਵੱਖ-ਵੱਖ ਸ਼ਰਧਾਲੂਆਂ, ਪ੍ਰੇਮੀ ਜਨਾਂ ਗੁਰੂ ਸੇਵਕਾਂ ਵੱਲੋਂ ਚੱਲ ਰਹੀ ਹੈ। ਇਸ ਸਬੰਧੀ ਉਨ੍ਹਾਂ ਨੇ ਸਮੂਹ ਮਾਈ ਭਾਈ ਗੁਰੂ ਸੇਵਕਾਂ ਨੂੰ ਅਪੀਲ ਕੀਤੀ ਹੈ ਜੋ ਮਾਈ ਭਾਈ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਵਿੱਚ ਸ੍ਰੀ ਅਖੰਡ ਪਾਠ ਕਰਵਾਉਣਾ ਚਾਹੁੰਦੇ ਹਨ ਉਹ ਬੁੱਕ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਅਕਾਲ ਪੁਰਖ ਦੀ ਮੇਹਰ ਸਦਕਾ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਦੀ ਦੋ ਸੌ ਸਾਲਾ ਸ਼ਤਾਬਦੀ ਦੇ ਸਮਾਗਮ ਜੋ ਮਾਰਚ 2024 ਤੀਕ ਚੱਲ ਰਹੇ ਹਨ ਉਨ੍ਹਾਂ ਦੀ ਸੰਪੂਰਨਤਾ ਹੋ ਜਾਵੇਗੀ। ਉਸ ਤੋਂ ਪਹਿਲਾਂ ਹੁਣ ਵਿਦੇਸ਼ਾਂ ਵਿੱਚ ਸਮਾਗਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਦੀ ਬੇਸਮੈਂਟ ਵਿੱਚ ਵਿਸ਼ਾਲ ਵਾਤਾਵਰਣ ਅਨੂਕੂਲ ਬਹੁਤ ਸੁੰਦਰ ਹਾਲ ਬਨਾਇਆ ਗਿਆ ਹੈ। ਜਿਥੇ ਲੋਕ ਅਨੰਦ ਕਾਰਜ ਤੇ ਹੋਰ ਖੁਸ਼ੀ ਗਮੀ ਦੇ ਧਾਰਮਿਕ ਸਮਾਜਕ ਸਮਾਗਮ ਕਰ ਸਕਦੇ ਹਨ। ਗੁ: ਸਾਹਿਬ ਦੇ ਕੰਪਲੈਕਸ ਦੀ ਸਮੁੱਚੇ ਰੂਪ ਵਿੱਚ ਕਾਇਆ ਕਲਪ ਕੀਤੀ ਗਈ ਹੈ, ਬੁਰਜ ਅੰਦਰ ਸੁੰਦਰ ਗਲੀਚਿਆਂ ਦੀ ਸੇਵਾ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਕਰਵਾਈ ਗਈ ਹੈ। ਥੋੜੇ ਸਮੇਂ ਵਿੱਚ ਅੰਦਰਲੀਆਂ ਸੜਕਾਂ, ਮਨਮੋਹਕ ਸੁੰਦਰ ਖੰਭਿਆ ਵਾਲੀਆਂ ਲਾਇਟਾਂ ਵੀ ਜਗਮਗ ਜਗਮਗ ਕਰਨਗੀਆਂ। ਸਰਧਾਲੂਆਂ ਲਈ ਇਸਨਾਨ ਅਤੇ ਪਖਾਨਿਆਂ ਦਾ ਵੀ ਇਕ ਸੈਟ ਹੋਰ ਤਿਆਰ ਕੀਤਾ ਜਾਵੇਗਾ। ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦੇ ਅੱਜ ਦੇ ਸਮਾਗਮ ਵਿੱਚ ਸ੍ਰੀ ਗੁਰੂ ਰਾਮਦਾਸ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਕ ਦਰਬਾਰ ਸਾਹਿਬ ਦੇ ਪ੍ਰਧਾਨ ਸ. ਅਜੀਤ ਸਿੰਘ ਅਤੇ ਬੀਬੀ ਸਸਪੰਤ ਕੌਰ ਮੁਖੀ ਗੁਰੂ ਨਾਨਕ ਸਿੰਘ ਸਭਾ ਬਰਸਾਤੀ ਨਾਲਾ ਸੁਲਤਾਨਵਿੰਡ ਸੜਕ ਅਤੇ ਬੀਬੀ ਤੇਜ ਕੌਰ ਨੂੰ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਸ਼ਤਾਬਦੀ ਨੂੰ ਸਮਰਪਿਤ ਸਿੰਘ ਸਾਹਿਬ ਬਾਬਾ ਫੂਲਾ ਸਿੰਘ ਜੀ ਦੀ ਯਾਦਗਾਰੀ ਫੋਟੋ ਤੇ ਸਿਰਪਾਓ ਨਾਲ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *