ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪ੍ਰਬੰਧਕਾਂ ਨੇ ਕੀਤੀ ਸੰਗਤਾਂ ਨਾਲ ਇਕੱਤਰਤਾ
ਗੁਰੂ ਘਰ ਦੀ ਮਰਿਆਦਾ ਅਤੇ ਰਵਾਇਤੀ ਪ੍ਰੰਪਰਾਵਾਂ ਪ੍ਰਤੀ ਸੰਗਤਾਂ ਕਰਨ ਸਹਿਯੋਗ : ਜਥੇਦਾਰ ਕਰਤਾਰਪੁਰ
ਪਟਿਆਲਾ 1 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਸੇਵਾ ਕਰਨ ਪੁੱਜਦੀਆਂ ਸੰਗਤੀ ਜਥੇਬੰਦੀਆਂ ਦੇ ਆਗੂ ਸਾਹਿਬਾਨ ਨਾਲ ਅੱਜ ਪ੍ਰਬੰਧਕਾਂ ਦੀ ਇਕੱਤਰਤਾ ਅੰਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਅਗਵਾਈ ਵਿਚ ਹੋਈ। ਇਸ ਦੌਰਾਨ ਪ੍ਰਬੰਧਕਾਂ ਨੇ ਜਿਥੇ ਸੰਗਤਾਂ ਦੇ ਵਿਚਾਰਾਂ ਨੂੰ ਸੁਣਿਆ ਅਤੇ ਸੁਝਾਅ ਦਿੱਤੇ ਗਏ, ਉਥੇ ਹੀ ਪ੍ਰਬੰਧ ਅਧੀਨ ਹੁੰਦੇ ਕਾਰਜਾਂ ’ਚ ਯੋਗਦਾਨ ਦੇ ਰਹੀਆਂ ਸੰਗਤਾਂ ਨਾਲ ਦੀਰਘ ਵਿਚਾਰਾਂ ਵੀ ਕੀਤੀਆਂ ਗਈਆਂ ਤਾਂ ਕਿ ਪਿਛਲੇ ਸਮਿਆਂ ਦੌਰਾਨ ਮੰਦਭਾਗੀ ਘਟਨਾਵਾਂ ਦੇ ਮੱਦੇਨਜ਼ਰ ਸੇਵਾ ਕਰਨ ਵਾਲੀਆਂ ਸੰਗਤਾਂ ਤੋਂ ਪ੍ਰਬੰਧਾਂ ਨੂੰ ਸੁਚਾਰੂ ਰੱਖਣ ਲਈ ਸਹਿਯੋਗ ਵੀ ਲਿਆ ਜਾ ਸਕੇ। ਇਸ ਮੌਕੇ ਸੰਗਤਾਂ ਨੇ ਜਿਥੇ ਪ੍ਰਬੰਧਕਾਂ ਅੱਗੇ ਸੇਵਾ ਨੂੰ ਲੈ ਕੇ ਪ੍ਰਵਾਨਗੀ ਦੀ ਗੱਲ ਰੱਖੀ, ਉਥੇ ਹੀ ਅਤਿ੍ਰੰਗ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਦੱਸਿਆ ਕਿ ਗੁਰੂ ਘਰ ਵਿਚ ਗੁਰਬਾਣੀ ਕੀਰਤਨ ਤੋਂ ਇਲਾਵਾ ਅਤੁੱਟ ਲੰਗਰ ਚੱਲਦੇ ਹਨ, ਕੜਾਹ ਪ੍ਰਸ਼ਾਦ ਕਾਊਂਟਰ, ਗਠੜੀ ਘਰ, ਜੋੜੇ ਘਰ ਤੋਂ ਇਲਾਵਾ ਸਰਾਵਾਂ ਵਿਚ ਪ੍ਰਬੰਧ ਕਾਰਜਸ਼ੀਲ ਹਨ
ਪ੍ਰੰਤੂ ਪਿਛਲੇ ਦੌਰਾਨ ਗੁਰਦੁਆਰਾ ਸਾਹਿਬ ਦੇ ਗਲਿਆਰੇ ਅੰਦਰ ਲੱਗੇ ਸੀ.ਸੀ.ਟੀਵੀ. ਕੈਮਰਿਆਂ ਨੂੰ ਖੰਗਾਲਿਆ ਗਿਆ ਤਾਂ ਵੇਖਣ ਵਿਚ ਆਇਆ ਬਹੁਤ ਸਾਰੇ ਸ਼ਰਾਰਤੀ ਅਨਸਰ ਗਲਤ ਮਨਸ਼ਾ ਰੱਖਣ ਵਾਲੇ ਇਧਰ ਉਧਰ ਘੁੰਮਦੇ ਵੇਖਦੇ ਹਨ ਅਤੇ ਇਸ ਸਬੰਧੀ ਸਬੰਧ ਵਿਚ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਜਥੇਦਾਰ ਕਰਤਾਰਪੁਰ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਪ੍ਰਬੰਧਾਂ ਨੂੰ ਸੁਚਾਰੂ ਬਣਾ ਕੇ ਰੱਖਣ ਲਈ ਹਰ ਸਮੇਂ ਸ਼ੋ੍ਰਮਣੀ ਕਮੇਟੀ ਮੁਲਾਜ਼ਮ ਆਪਣੀਆਂ ਸੇਵਾਵਾਂ ਦੇ ਰਹੇ ਹਨ, ਉਥੇ ਹੀ ਗੁਰੂ ਘਰ ਦੀ ਮਰਿਆਦਾ ਅਤੇ ਰਵਾਇਤੀ ਪ੍ਰੰਪਰਾਵਾਂ ਪ੍ਰਤੀ ਸੰਗਤਾਂ ਵੀ ਪ੍ਰਬੰਧਕਾਂ ਨੂੰ ਆਪਣਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਮੰਦਭਾਗੀਆਂ ਘਟਨਾਵਾਂ ਪ੍ਰਤੀ ਹਮੇਸ਼ਾ ਚੌਕਸ ਰਹਿਣ ਮੁਲਾਜ਼ਮਾਂ ਤੇ ਸੰਗਤਾਂ ਦਾ ਅਹਿਮ ਕਰਤੱਵ ਹੈ ਇਸ ਕਰਕੇ ਆਉਣ ਵਾਲੇ ਸਮੇਂ ਵਿਚ ਸੇਵਾ ਕਰਨ ਵਾਲੀਆਂ ਸੰਗਤਾਂ ਤੋਂ ਚੰਗੇ ਸੁਝਾਅ ਵੀ ਮੰਗੇ ਜਾਣਗੇ ਤਾਂ ਪ੍ਰਬੰਧ ਨੂੰ ਹੋਰ ਵਧੇਰੇ ਸੁਚਾਰੂ ਬਣਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਸਤਿੰਦਰ ਸਿੰਘ ਬਾਜਵਾ, ਸਿਆਸੀ ਸਲਾਹਕਾਰ ਜਗਜੀਤ ਸਿੰਘ ਕੋਹਲੀ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ ਵਿਰਕ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਗੁਰਮੀਤ ਸਿੰਘ ਸੁਨਾਮ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ ਹਰਵਿੰਦਰ ਸਿੰਘ ਕਾਹਲਵਾਂ, ਸਰਬਜੀਤ ਸਿੰਘ ਆਦਿ ਤੋਂ ਇਲਾਵਾ ਸੰਗਤਾਂ ਆਦਿ ਹਾਜ਼ਰ ਸਨ।

