ਛੀਨਾ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਤੇ ਹੋਰ ਫ਼ਸਲਾਂ ਦੀ ਐਮ. ਐਸ. ਪੀ. ’ਚ ਵਾਧੇ ਦੀ ਕੀਤੀ ਸ਼ਲਾਘਾ
ਕਿਹਾ : ਇਤਿਹਾਸਕ ਵਾਧਾ
ਅੰਮ੍ਰਿਤਸਰ, 8 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਇੰਚਾਰਜ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ’ਚ 143 ਰੁਪਏ ਦੇ ‘ਇਤਿਹਾਸਕ ਵਾਧੇ’ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਕਿਸਾਨਾਂ ਲਈ ਵੱਡੀ ਰਾਹਤ ਹੋਵੇਗਾ ਅਤੇ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨ ਪੱਖੀ ਨਜ਼ਰੀਏ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਝੋਨੇ ਸਮੇਤ ਵੱਖ-ਵੱਖ ਸਾਉਣੀ ਦੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਬੀਤੇ ਦਿਨੀਂ 2023-24 ਦੇ ਅਗਲੇ ਸੀਜ਼ਨ ਲਈ ਆਰਥਿਕ ਮਾਮਲੇ ਕਮੇਟੀ (ਸੀ. ਸੀ. ਈ. ਏ.) ਨੇ ਲਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਹਮੇਸ਼ਾ ਵਚਨਬੱਧ ਹੈ ਅਤੇ ਇਸ ਵਾਧੇ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ ਦੀ ਲਹਿਰ ਹੈ, ਕਿਉਂਕਿ ਫਸਲਾਂ ਦੀ ਪੈਦਾਵਾਰ ਦੀ ਲਾਗਤ ਵਧੀ ਹੈ ਅਤੇ ਇਹ ਵਾਧਾ ਇਸ ਦੀ ਭਰਪਾਈ ਕਰਨ ’ਚ ਸਹਾਈ ਸਿੱਧ ਹੋਵੇਗਾ।
ਸ: ਛੀਨਾ ਨੇ ਕਿਹਾ ਕਿ ਕੇਂਦਰ ’ਚ ਪਿਛਲੀਆਂ ਗੈਰ ਭਾਜਪਾ ਸਰਕਾਰਾਂ ਦੌਰਾਨ ਘੱਟੋ-ਘੱਟ ਸਮਰਥਨ ਮੁੱਲ ’ਚ ਕੁਝ ਰੁਪਏ ਦਾ ਹੀ ਵਾਧਾ ਹੋਇਆ ਹੈ ਅਤੇ ਕਦੇ ਵੀ ਘੱਟੋ-ਘੱਟ ਸਮਰਥਨ ਮੁੱਲ ’ਚ 143 ਰੁਪਏ ਦੇ ਪੱਧਰ ਤੱਕ ਦਾ ਵਾਧਾ ਨਹੀਂ ਹੋਇਆ ਹੈ। ਮੋਦੀ ਸਰਕਾਰ ਨੇ ਹੁਣ ਝੋਨੇ ਦੀ ਕੀਮਤ ਦਾ 10 ਫੀਸਦੀ ਵਾਧਾ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਇਸੇ ਤਰ੍ਹਾਂ ਬਾਜਰਾ, ਰਾਗੀ, ਮੱਕੀ, ਮੂੰਗਫਲੀ ਅਤੇ ਮੂੰਗੀ ਵਰਗੇ ਬਾਜਰੇ ਲਈ ਘੱਟੋ-ਘੱਟ ਸਮਰਥਨ ਮੁੱਲ ’ਚ ਵਾਧਾ ਕਿਸਾਨਾਂ ਨੂੰ ਹੋਰ ਫ਼ਾਇਦਾ ਪਹੁੰਚਾਏਗਾ। ਉਨ੍ਹਾਂ ਕਿਹਾ ਕਿ “ਐਮ. ਐਸ. ਪੀ. ’ਚ ਵਾਧਾ ਕਿਸਾਨਾਂ ਨੂੰ ਗੈਰ ਰਵਾਇਤੀ ਫਸਲਾਂ ਬੀਜਣ ਲਈ ਵੀ ਉਤਸ਼ਾਹਿਤ ਕਰੇਗਾ” ਅਤੇ ਇਹ ਕਦਮ ਫਸਲੀ ਵਿਭਿੰਨਤਾ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਦਾ ਉਘਾ ਸਬੂਤ ਹੈ ਜੋ ਕਿ ਕਿਸਾਨਾਂ ਦੀ ਆਮਦਨ ਵਧਾਉਣ ’ਚ ਸਹਾਈ ਸਿੱਧ ਹੋਵੇਗਾ।

