ਮਾਨ ਸਰਕਾਰ ਨੇ ਕਿਸਾਨਾਂ ਨਾਲ ਮੂੰਗੀ ਬੀਜਣ ਸਬੰਧੀ ਕੀਤੀ ਵਾਅਦਾ ਖਿਲਾਫ਼ੀ : ਛੀਨਾ
ਕਿਹਾ : ਘੱਟ ਭਾਅ ’ਤੇ ਵਪਾਰੀਆਂ ਨੂੰ ਫਸਲ ’ਤੇ ਕਿਸਾਨਾਂ ’ਚ ਛਾਹੀ ਮਾਯੂਸੀ
ਅੰਮ੍ਰਿਤਸਰ, 27 ਜੂਨ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਮੂੰਗੀ ਉਤਪਾਦਨ ’ਚ ਘੱਟ ਕੀਮਤ ਮਿਲਣ ’ਤੇ ਕਿਸਾਨਾਂ ’ਚ ਪਾਈ ਜਾ ਰਹੀ ਮਾਯੂਸੀ ਦਾ ਸਖ਼ਤ ਨੋਟਿਸ ਲੈਂਦਿਆਂ ਭਾਜਪਾ ਕੋਰ ਕਮੇਟੀ ਮੈਂਬਰ ਅਤੇ ਸੀਨੀਅਰ ਆਗੂ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸੂਬੇ ਵਿਚਲੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੀ ਵਾਅਦਾ ਖਿਲਾਫ਼ੀ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਜਿੱਥੇ ਸੂਬਾ ਸਰਕਾਰ ਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ, ਉਥੇ ਉਨ੍ਹਾਂ ਰੋਜ਼ਗਾਰ ਦੇ ਸਾਧਨ ਨੌਜਵਾਨਾਂ ਨੂੰ ਮੁਹੱਈਆ ਕਰਵਾਉਣ ਲਈ ਸੂਬੇ ’ਚ ਉਦਯੋਗਿਕ ਖੇਤਰ ਨੂੰ ਬੜ੍ਹਾਵਾ ਦੇਣ ਅਤੇ ਉੱਚ ਪੱਧਰ ਦੀਆਂ ਇੰਡਸਟਰੀਆਂ ਨੂੰ ਸਥਾਪਿਤ ਕਰਨ ਦਾ ਸੁਝਾਅ ਵੀ ਦਿੱਤਾ। ਉਨ੍ਹਾਂ ਸੂਬਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸੂਬੇ ’ਚ ਜਦ ਤੋਂ ਭਗਵੰਤ ਮਾਨ ਸੱਤਾ ’ਚ ਆਏ ਹਨ, ਉਦੋਂ ਹੀ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਕੇਜਰੀਵਾਲ ਦੇ ਹੱਥਾਂ ਦੀ ਕੁਠਪੁਤਲੀ ਬਣ ਕੇ ਪੰਜਾਬ ਦੇ ਖੁਸ਼ਹਾਲ ਮਾਹੌਲ ਨੂੰ ਖ਼ਰਾਬ ਕਰ ਰਹੀ ਹੈ ਅਤੇ ਲੱਗ ਰਿਹਾ ਹੈ ਜਿਵੇਂ ਸੂਬੇ ਨੂੰ ਰਣਭੂਮੀ ਬਣਾਉਣ ਦਾ ਤਹੱਈਆ ਕੀਤਾ ਹੋਵੇ। ਉਨ੍ਹਾਂ ਕਿਸਾਨਾਂ ਦੇ ਹੱਕ ’ਚ ਨਿੱਤਰਦਿਆਂ ਕਿਹਾ ਕਿ ਸੂਬਾ ਸਰਕਾਰ ਘੱਟ ਰੇਟ ’ਤੇ ਵਪਾਰੀਆਂ ਨੂੰ ਫ਼ਸਲ ਵੇਚਣ ਵਾਲੇ ਕਿਸਾਨਾਂ ਨੂੰ ਉਚਿੱਤ ਮੁਆਵਜ਼ਾ ਦੇਵੇ।
ਸ: ਛੀਨਾ ਨੇ ਕਿਹਾ ਕਿ ਮਾਨ ਸਰਕਾਰ ਜਦੋਂ ਤੋਂ ਸੱਤਾ ’ਚ ਆਈ ਹੈ ਕਿਸਾਨਾਂ ਨੂੰ ਨਿਰਾਸ਼ ਹੀ ਕੀਤਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਏਜੰਸੀਆਂ ਕਰੀਬ 7755 ਰੁਪਏ ਪ੍ਰਤੀ ਕੁਵਿੰਟਲ ਐਮ. ਐਸ. ਪੀ. ’ਤੇ ਤੁਰੰਤ ਖਰੀਦ ਸ਼ੁਰੂ ਕਰਨ। ਮਾਨ ਸਰਕਾਰ ਵੱਲੋਂ ਐਮ. ਐਸ. ਪੀ. ਦੇ ਜਿਣਸ ਖਰੀਦਣ ਸਬੰਧੀ ਦਿੱਤੇ ਭਰੋਸੇ ਉਪਰੰਤ ਹੀ ਕਿਸਾਨਾਂ ਨੇ ਮੂੰਗੀ ਦੀ ਫਸਲ ਬੀਜੀ ਸੀ ਪਰ ਕਿਸਾਨ ਜਦੋਂ ਫਸਲ ਮੰਡੀ ’ਚ ਲਿਆਏ ਤਾਂ ਸਿਰਫ਼ 17 ਪ੍ਰਤੀਸ਼ਤ ਹੀ ਫਸਲ ਖਰੀਦੀ ਗਈ, ਜਿਸ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਨੇ ਇਸ ਸਾਲ ਦੇ ਸੀਜ਼ਨ ’ਚ 77 ਪ੍ਰਤੀਸ਼ਤ ਘੱਟ ਕਿਸਾਨਾਂ ਪਾਸੋਂ ਫ਼ਸਲ ਖਰੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਵਾਅਦਾ ਖਿਲਾਫ਼ ਕਾਰਨ ਹੁਣ ਕਿਸਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਦੇ ‘ਤਰਲੇ-ਮਿੰਨਤਾ’ ਕਰਨੇ ਪੈ ਰਹੇ ਹਨ। ਸ: ਛੀਨਾ ਨੇ ਕਿਹਾ ਕਿ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਅਤੇ ਪਾਣੀ ਹੇਠਲੇ ਘੱਟ ਰਹੇ ਪੱਧਰ ਨੂੰ ਬਚਾਉਣ ਦੇ ਮਕਸਦ ਤਹਿਤ ਕਿਸਾਨਾਂ ਨੂੰ ਕਣਕ, ਝੋਨੇ ਤੋਂ ਇਲਾਵਾ ਦੂਜੀਆਂ ਫਸਲਾਂ ਬੀਜਣ ਲਈ ਉਤਸ਼ਾਹਿਤ ਕੀਤਾ ਜਾਣ ਸੀ ਪਰ ਸੂਬਾ ਸਰਕਾਰ ਦੀ ਨਜ਼ਰਅੰਦਾਜ਼ੀ ਕਾਰਨ ਕਿਸਾਨਾਂ ਨੂੰ ਆਪਣੀ ਫਸਲ ’ਚ ਵੱਡਾ ਘਾਟਾ ਸਹਿਨਾ ਪੈ ਰਿਹਾ ਹੈ, ਜੋ ਕਿ ਬਹੁਤ ਹੀ ਨਿਰਾਸ਼ਾਜਨਕ ਹੈ। ਉਨ੍ਹਾਂ ਮਾਨ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਵਾਅਦੇ ਨੂੰ ਪੁਗਾਵੇ ਅਤੇ ਖੇਤੀਬਾੜੀ ਉਤਪਾਦ ਵਿਸ਼ੇਸ਼ ਧਿਆਨ ਦਿੰਦਿਆਂ ‘ਅੰਨਦਾਤਾ’ ਨੂੰ ਸਹੂਲਤ ਪ੍ਰਦਾਨ ਕਰੇ।

