ਰੂਪਨਗਰ

ਡਿਪਟੀ ਕਮਿਸ਼ਨਰ ਨੇ ਹੜ੍ਹਾਂ ਤੋਂ ਬਚਾਅ ਅਤੇ ਡਰੇਨੇਜ ਨਾਲ ਸਬੰਧਤ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ

ਰੂਪਨਗਰ, 1 ਜੁਲਾਈ (ਮਧੂਸਾਰ ਬਿਊਰੋ) : ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਹੜ੍ਹਾਂ ਤੋਂ ਬਚਾਅ ਅਤੇ ਡਰੇਨੇਜ ਨਾਲ ਸਬੰਧਤ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਅਤੇ ਕਿਹਾ ਕਿ ਮਾਨਸੂਨ ਸੀਜ਼ਨ ਤੋਂ ਪਹਿਲਾ ਹੜ੍ਹ ਸੁਰੱਖਿਆ ਪ੍ਰਬੰਧ ਯਕੀਨੀ ਕਰ ਲਏ ਜਾਣਗੇ ਤਾਂ ਜੋ ਦੁਬਾਰਾ ਹੜ੍ਹ ਮੌਕੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੁਆਰਾ ਹੜ੍ਹਾਂ ਦੀ ਰੋਕਥਾਮ ਸਬੰਧੀ ਕਾਰਜਾਂ ਲਈ ਲਗਭਗ 2 ਕਰੋੜ ਦੀ ਰਕਮ ਦੇ ਫੰਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਰੇਗਾ ਅਧੀਨ ਸਫ਼ਾਈ ਅਤੇ ਹੜ੍ਹ ਸੁਰੱਖਿਆ ਦੇ ਕੰਮ ਸੁਚਾਰੂ ਢੰਗ ਨਾਲ ਚੱਲ ਰਹੇ ਹਨ।

ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਿੰਡ ਚੱਕ ਢੇਰਾ ਵਿਖੇ ਕਰੀਬ 16 ਲੱਖ ਦੀ ਲਾਗਤ ਨਾਲ ਸਤਲੁਜ ਦਰਿਆ ਦੇ ਖੱਬੇ ਕੰਢੇ ‘ਤੇ ਮਨਰੇਗਾ ਅਧੀਨ ਸਟੱਡ (ਪੱਥਰਾਂ ਦਾ ਬੰਨ੍ਹ) ਉਸਾਰਿਆ ਗਿਆ ਜਿਸ ਨਾਲ ਕੰਢੇ ਨਹੀਂ ਖੁਰਨਗੇ ਅਤੇ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰ ਅਤੇ ਖੇਤੀਬਾੜੀ ਜ਼ਮੀਨ ਦਾ ਹੜ੍ਹਾਂ ਤੋਂ ਬਚਾਅ ਹੋਵੇਗਾ। ਇਸੇ ਤਰ੍ਹਾਂ ਪਿੰਡ ਥਲੀ, ਸਿੰਘਪੁਰਾ, ਅਤੇ ਬੇਗਮਪੁਰਾ ਦੇ ਡਰੇਨ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਪਿੰਡ ਬਹਾਦਰਪੁਰ, ਮੱਦੋਮਾਜਰਾ, ਲੋਧੀਮਾਜਰਾ, ਗੁੰਨੋਮਾਜਰਾ, ਲੋਹਗੜ੍ਹ ਫਿੱਡੇ, ਰੋਲਮਾਜਰਾ ਵਿਖੇ ਮਨਸੋਲੀ ਦੇ ਡਰੇਨ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਪਿੰਡ ਚੱਕ ਢੇਰਾ, ਦਬੁਰਜੀ ਵਿਖੇ ਅਸ਼ਪੀਟ ਡਰੇਨ ਅਤੇ ਪਿੰਡ ਹੁਸੈਨਪੁਰ, ਲਾਡਲ ਆਦਿ ਡਰੇਨ ਦੀ ਸਫ਼ਾਈ ਵੀ ਕਰਵਾਈ ਜਾ ਰਹੀ ਹੈ।

Leave a Reply

Your email address will not be published. Required fields are marked *