ਪੰਜਾਬਰੂਪਨਗਰ

ਸਿਹਤ ਮੰਤਰੀ ਨੇ ਸਿਵਲ ਸਰਜਨਾਂ ਨੂੰ ਵੀ.ਆਈ.ਪੀਜ਼. ਨਾਲ ਐਂਬੂਲੈਂਸਾਂ ਦੀ ਤਾਇਨਾਤੀ ਨਾ ਕਰਨ ਦੇ ਹੁਕਮ ਦਿੱਤੇ

2 ਹਜ਼ਾਰ ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਭਰਤੀ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ – ਡਾ. ਬਲਬੀਰ ਸਿੰਘ

ਆਈ.ਐਮ.ਏ. ਤੇ ਸਮਾਜ ਭਲਾਈ ਜਥੇਬੰਦੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਸੇਵਾਵਾਂ ਦੇਣ ਦੀ ਅਪੀਲ

ਰੂਪਨਗਰ, 15 ਜੁਲਾਈ- (ਮਧੂਸਾਰ ਬਿਊਰੋ) ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਮ ਲੋਕਾਂ ਨੂੰ ਫੌਰੀ ਸਿਹਤ ਸੇਵਾਵਾਂ ਯਕੀਨੀ ਕਰਨ ਦੇ ਮੰਤਵ ਨਾਲ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਸਮੂਹ ਸਿਵਲ ਸਰਜਨਾਂ ਨੂੰ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ ਮੰਤਰੀ ਸਹਿਬਾਨਾਂ ਜਾ ਵੀ.ਆਈ.ਪੀਜ਼. ਦੇ ਨਾਲ ਐਂਬੂਲੈਂਸਾਂ ਦੀ ਤਾਇਨਾਤੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਸੀਨੀਅਰ ਅਧਿਕਾਰੀਆਂ, ਇੰਡੀਅਨ ਮੈਡੀਕਲ ਐਸੋਸੀਏਸ਼ਨ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਹੜ੍ਹ ਸਬੰਧੀ ਮੀਟਿੰਗ ਦੀ ਅਗਵਾਈ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜਾਂ ਦੇ ਗੰਭੀਰ ਹਾਲਾਤਾਂ ਦੌਰਾਨ ਲੋਕਾਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਸੂਬੇ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਿਰੰਤਰ ਮੈਡੀਕਲ ਕੈਂਪ ਲਗਾ ਰਹੀ ਹੈ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਉਪਲੱਬਧ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੂਹ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ, ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਨ੍ਹਾਂ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੈ ਉਥੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਜ਼ਰੂਰੀ ਦਵਾਈਆਂ ਪਹੁੰਚਾਈਆਂ ਜਾਣ ਅਤੇ ਕਿਨਾਰਿਆਂ ਤੇ ਐਂਬੂਲੈਂਸਾਂ ਦੀ ਤਾਇਨਾਤੀ ਯਕੀਨੀ ਤੌਰ ਉੱਤੇ ਕੀਤੀ ਜਾਵੇ ਤਾਂ ਜੋ ਲੋੜ ਪੈਣ ਤੇ ਮਰੀਜ਼ਾਂ ਨੂੰ ਹਸਪਤਾਲਾਂ ਵਿਖੇ ਲਿਜਾਣ ਵਿੱਚ ਮੁਸ਼ਕਿਲ ਨਾ ਆਵੇ।

ਇਸ ਮੌਕੇ ਸਿਹਤ ਮੰਤਰੀ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਸਟਾਫ਼ ਦੀ ਤਾਇਨਾਤੀ ਦਵਾਈਆਂ ਸਮੇਤ ਐਂਬੂਲੈਂਸਾਂ ਨਾਲ ਕੀਤੀ ਜਾਵੇ ਅਤੇ ਲੋੜ ਪੈਣ ਤੇ ਹੋਰ ਹੋਰ ਜ਼ਰੂਰੀ ਸੇਵਾਵਾਂ ਵੀ ਮੁਹੱਈਆ ਕਰਵਾਉਣ ਵਿੱਚ ਵੀ ਸਹਿਯੋਗ ਦਿੱਤਾ ਜਾਵੇ। ਇਸ ਉਪਰੰਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੂਪਨਗਰ ਦੇ ਪ੍ਰਧਾਨ ਡਾ. ਭਾਨੂੰ ਪ੍ਰਤਾਪ ਪਰਮਾਰ ਨੇ ਸਿਹਤ ਮੰਤਰੀ ਨੂੰ ਭਰੋਸਾ ਦਿੰਦਿਆਂ ਕਿਹਾ ਕਿ 4 ਐਂਬੂਲੈਂਸਾਂ ਮੈਡੀਕਲ ਸਟਾਫ਼ ਸਮੇਤ ਤੁਰੰਤ ਸਿਵਲ ਸਰਜਨ ਦੀ ਨਿਗਰਾਨੀ ਤਹਿਤ ਭੇਜ ਦਿੱਤੀਆਂ ਜਾਣਗੀਆਂ ਅਤੇ ਲੋੜ ਪੈਣ ਤੇ ਹੋਰ ਪੱਧਰ ਉੱਤੇ ਲੋਕਾਂ ਦੀ ਮੱਦਦ ਕੀਤੀ ਜਾਵੇਗੀ। ਉਨ੍ਹਾਂ ਮੀਟਿੰਗ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੀਆਂ ਨੂੰ ਕਿਹਾ ਕਿ ਮੈਡੀਕਲ ਸੇਵਾਵਾਂ ਤੋਂ ਇਲਾਵਾ ਰਾਸ਼ਨ ਅਤੇ ਹੋਰ ਲੋਂੜੀਦਾਂ ਵਸਤੂਆਂ ਮੁਹੱਈਆਂ ਕਰਵਾਉਣ ਲਈ ਜ਼ਿਲ੍ਹਾ ਪ੍ਰਸਾਸਨ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ ਤਾਂ ਜੋ ਆਪ ਸਭ ਤੇ ਸਹਿਯੋਗ ਨਾਲ ਹਰ ਇੱਕ ਲੋੜਵੰਦ ਨੂੰ ਸਹਾਇਤਾ ਦਿੱਤੀ ਜਾ ਸਕੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਡਾਕਟਰਾਂ ਦੀ ਘਾਟ ਸਬੰਧੀ ਜਾਣਕਾਰੀ ਦਿੰਦਿਆ ਕਿਹਾ ਕਿ ਸਿਹਤ ਵਿਭਾਗ ਨੇ 550 ਹਾਊਸ ਸਰਜਨਾਂ ਦੀ ਭਰਤੀ ਕੀਤੀ ਹੈ ਜਿਸ ਵਿਚੋਂ 10 ਹਾਊਸ ਸਰਜਨ ਜ਼ਿਲ੍ਹਾ ਰੂਪਨਗਰ ਵਿੱਚ ਐਂਮਰਜੈਸੀ ਸੇਵਾਵਾਂ ਲਈ ਲਗਾਏ ਗਏ ਹਨ, ਜੋ 24 ਘੰਟੇ ਸੇਵਾਵਾਂ ਨਿਭਾਉਂਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪ੍ਰਵਾਨਗੀ ਮਿਲਣ ਉਪਰੰਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ 2 ਹਜ਼ਾਰ ਹੋਰ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਕਰਨ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾਵੇਗੀ।

ਦਵਾਈਆਂ ਦੇ ਸਟਾਕ ਬਾਰੇ ਗੱਲ ਕਰਦਿਆਂ ਡਾ. ਬਲਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਦੇ ਸ਼ਖਤ ਆਦੇਸ਼ ਹਨ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਦਵਾਈਆਂ ਸਮੇਤ ਹੋਰ ਕਿਸੇ ਵੀ ਕਿਸਮ ਦੇ ਰਾਹਤ ਕਾਰਜ਼ਾਂ ਦੀ ਕਮੀ ਨਾ ਛੱਡੀ ਜਾਵੇ। ਜਿਸ ਕਰਕੇ ਹੀ ਉਹ ਨਿੱਜੀ ਤੌਰ ਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦੌਰਾ ਕਰ ਰਹੇ ਹਨ ਅਤੇ ਜਥੇਬੰਦੀਆਂ ਦੇ ਨਾਲ ਮੀਟਿੰਗਾਂ ਕਰਕੇ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਰਣਨੀਤੀ ਤਿਆਰ ਕਰ ਰਹੇ ਹਨ। ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸਾਸਨ ਦੀ ਪ੍ਰਸੰਸਾ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਇਹ ਬੜੀ ਰਾਹਤ ਵਾਲੀ ਗੱਲ ਹੈ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸ.ਐਸ.ਪੀ.ਸ੍ਰੀ ਵਿਵੇਕ ਸ਼ੀਲ ਸੋਨੀ ਵਲੋਂ ਚਲਾਏ ਗਏ ਰਾਹਤ ਕਾਰਜਾਂ ਸਦਕਾ ਇਸ ਜ਼ਿਲ੍ਹੇ ਵਿੱਚ ਕੋਈ ਵੱਡੀ ਬਿਮਾਰੀ ਦੇ ਫੈਲਣ ਦੀ ਕੋਈ ਘਟਨਾ ਨਹੀ ਹੋਈ ਹੈ ਅਤੇ ਮੈਡੀਕਲ ਕੈਂਪ ਵੀ ਵੱਡੀ ਗਿਣਤੀ ਵਿੱਚ ਲਗਾਏ ਜਾ ਰਹੇ ਹਨ। ਇਸ ਮੀਟਿੰਗ ਵਿੱਚ ਵਿਧਾਇਕ ਰੂਪਨਗਰ ਐਡਵੋਕੇਟ ਦਿਨੇਸ਼ ਚੱਢਾ, ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਇਸ਼ਾ ਸਿੰਗਲ, ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ, ਮੁੱਖ ਮੰਤਰੀ ਫ਼ੀਲਡ ਅਫਸਰ ਸ਼੍ਰੀਮਤੀ ਅਨਮਜੋਤ ਕੌਰ, ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ, ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ, ਐਸ.ਡੀ.ਐਮ. ਮੋਰਿੰਡਾ ਸ਼੍ਰੀ ਦਿਪਾਂਕਰ ਗਰਗ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ, ਐਸ.ਐਮ.ਓ. ਡਾ. ਤਰਸੇਮ ਸਿੰਘ, ਡੀ.ਐਮ.ਸੀ. ਡਾ. ਬਲਦੇਵ ਸਿੰਘ, ਡਾ. ਅਜੇ ਜਿੰਦਲ, ਡਾ. ਜਗਦੀਪ ਚੌਧਰੀ, ਡਾ. ਭੀਨਸੈਨ, ਡਾ. ਧਰਮ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਮੁਹੰਮਦ ਜਮੀਲ, ਸੀ.ਈ.ਓ. ਰਜਨੀ ਹਰਬਲ ਅਵਤਾਰ ਸਿੰਘ, ਰੂਪਨਗਰ ਪੈਡਲਰ ਐਂਡ ਰਨਰ ਡਾ. ਜਗਦੀਪ ਸਿੰਘ, ਰੌਟਰੀ ਕਲੱਬ ਰੂਪਨਗਰ ਅਜਮੇਰ ਸਿੰਘ, ਡੀ.ਸੀ.ਓ. ਰੋਪੜ ਨਵਦੀਪ ਕੌਰ, ਸਤਿੰਦਰਜੀਤ ਸਿੰਘ, ਰਜਿੰਦਰ ਜੱਸੀ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।

Leave a Reply

Your email address will not be published. Required fields are marked *