ਅੰਮ੍ਰਿਤਸਰਪੰਜਾਬ

ਮੁੱਖ ਮੰਤਰੀ ਦੀ ਨਾਸਮਝੀ ਕਾਰਨ ਸੂਬਾ ਹੋਇਆ ‘ਪਾਣੀ-ਪਾਣੀ’ : ਛੀਨਾ

ਮਾਨ ਲੱਛੇਦਾਰ ਬਿਆਨਬਾਜ਼ੀਆਂ ਛੱਡ ਕੇ ਪੀੜਤਾਂ ਦੀ ਬਾਂਹ ਫੜ੍ਹੇ

‘ਅੰਨਦਾਤਾ’ ਫ਼ਸਲਾਂ ’ਚ ਪਾਣੀ ਕਾਰਨ ਹੋਇਆ ‘ਹੱਥੋਂ-ਬੇਹੱਥ’

ਅੰਮ੍ਰਿਤਸਰ, 17 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਭਾਜਪਾ ਦੇ ਸੀਨੀਅਰ ਆਗੂ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਇੰਚਾਰਜ਼ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸੂਬੇ ਦੀ ਆਪ ਸਰਕਾਰ ਅਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਂਧਦਿਆਂ ਕਿਹਾ ਕਿ ਉਹ ਆਪਣੀਆਂ ਲੱਛੇਦਾਰ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੀੜਤਾਂ ਨੂੰ ਰਾਹਤ ਸਮੱਗਰੀ ਅਤੇ ਮੁਆਵਜ਼ਾ ਦੇਣ ਲਈ ਸੰਜੀਦਗੀ ਵਿਖਾਉਣ। ਉਨ੍ਹਾਂ ਕਿਹਾ ਕਿ ਮਾਨ ਦੀ ਨਾਸਮਝੀ ਕਾਰਨ ਅੱਜ ਸੂਬਾ ‘ਪਾਣੀ-ਪਾਣੀ’ ਹੋ ਗਿਆ ਹੈ, ਕਿਉਂਕਿ ਸਮਾਂ ਰਹਿੰਦਿਆਂ ਪ੍ਰਸਾਸ਼ਨ ਆਉਣ ਵਾਲੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੀ ਨਹੀਂ ਸੀ। ਸ: ਛੀਨਾ ਨੇ ਕਿਹਾ ਕਿ ਜਦੋਂ ਤੋਂ ਸੂਬੇ ਵਿਚਲੀ ਆਪ ਸਰਕਾਰੀ ਆਈ ਹੈ, ਉਦੋਂ ਤੋਂ ਹੀ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਸੱਤਾ ’ਤੇ ਕਾਬਜ਼ ਹੋਣ ਉਪਰੰਤ ਕੇਜਰੀਵਾਲ ਦੇ ਹੱਥਾਂ ਦੀ ਕੱਠਪੁਤਲੀ ਬਣਕੇ ਡਾਇਲਾਂਗ-ਬਾਜ਼ੀ ਵਧੇਰੇ ਕੀਤੀ ਅਤੇ ਵਿਕਾਸ ਤੇ ਲੋਕ ਭਲਾਈ ਦੇ ਕੰਮ ਘੱਟ।

ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਸਮਾਂ ਰਹਿੰਦਿਆਂ ਸੂਝ-ਬੂਝ ਨਾਲ ਕੰਮ ਕਰਦੇ ਤਾਂ ਸ਼ਾਇਦ ਅੱਜ ਪੰਜਾਬ ਦੇ ਹਾਲਾਤ ਬੇਹਤਰ ਹੋਣੇ ਸਨ। ਉਨ੍ਹਾਂ ਕਿਹਾ ਕਿ ਇੰਨ੍ਹੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਮੁੱਖ ਮੰਤਰੀ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਲਈ ਕੋਈ ਢੁੱਕਵਾਂ ਰਾਹ ਨਹੀਂ ਲੱਭ ਸਕੇ ਅਤੇ ਅੱਜ ਵੀ ਸੂਬੇ ਦੇ ਬਹੁਤ ਇਲਾਕਿਆਂ ਦੀ ਸਥਿਤੀ ਅਤਿ ਤਰਸਯੋਗ ਬਣਦੀ ਜਾ ਰਹੀ ਹੈ। ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਸੂਬੇ ’ਚ ਜਿੱਥੇ ਆਮ ਲੋਕਾਂ ਦੇ ਘਰਾਂ ਦੇ ਘਰ ਉਜੜ ਗਏ ਹਨ, ਉਥੇ ਕਿਸਾਨੀ ਨੂੰ ਵੀ ਬਹੁਤ ਵੱਡੀ ਮਾਰ ਪਈ ਹੈ। ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਫ਼ਸਲਾਂ ਦੇ ਨੁਕਸਾਨ ਨਾਲ ਜਿੱਥੇ ਅੰਨਦਾਤਾ ‘ਹੱਥੋਂ-ਬੇਹੱਥ’ ਹੋ ਗਿਆ ਹੈ, ਉਥੇ ਮੁੱਖ ਮੰਤਰੀ ਵੱਲੋਂ ਮੁੜ ਝੋਨਾ ਲਗਾਉਣ ਲਈ ਕਹਿਣਾ ‘ਅੰਨਦਾਤਾ’ ਦੇ ਜਖ਼ਮਾਂ ’ਤੇ ਲੂਣ ਛਿੜਕਣਾ ਹੈ। ਇਸ ਮੌਕੇ ਸ: ਛੀਨਾ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨੌਟੰਕੀਬਾਜ਼ੀ ਬੇਲੋੜੀ ਬਿਆਨਬਾਜ਼ੀ ਬੰਦ ਕਰ ਕੇ ਪੀੜ੍ਹਤ ਲੋਕਾਂ ਤੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਉਚਿੱਤ ਮੁਆਵਜ਼ਾ ਦੇਣ ਅਤੇ ਬਰਸਾਤੀ ਪਾਣੀ ਦੀ ਰੋਕਥਾਮ ਲਈ ਜਲਦ ਤੋਂ ਜਲਦ ਠੋਸ ਫ਼ੈਸਲਾ ਲੈਣ।

Leave a Reply

Your email address will not be published. Required fields are marked *