ਅੰਮ੍ਰਿਤਸਰਪੰਜਾਬ

ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ

ਦਿਲਜੀਤ ਸਿੰਘ ਬੇਦੀ

(ਮਧੂਸਾਰ ਬਿਊਰੋ)
ਇਤਿਹਾਸਕ ਪੱਧਰ ਤੇ ਅੰਮ੍ਰਿਤਸਰ ਸ਼ਹਿਰ ਨੂੰ ਖੁਲੀ ਅੱਖ ਨਾਲ ਵੇਖਣਾ ਹੋਵੇ ਤਾਂ ਗੁਰਦੁਆਰਾ ਅਟੱਲ ਰਾਏ ਜੀ, ਮੀਨਾਰ ਬੁੰਗਾ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਦੀਆਂ ਉਚੀਆਂ ਇਮਾਰਤਾਂ ਸਹਾਈ ਸਿਧ ਹੁੰਦੀਆਂ ਹਨ, ਹੁਣ ਸ਼ਹਿਰ ਦੀ ਤੇਜਗਤੀ ਵਿਕਾਸ ਨਾਲ ਬਹੁਤ ਸਾਰੀਆਂ ਇਮਾਰਤਾਂ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਉਸਰ ਗਈਆਂ ਹਨ, ਪਰ ਭੂਗੋਲਿਕ ਸੁਰੱਖਿਆ ਪੱਖ ਤੋਂ ਇਹ ਪੁਰਾਤਨ ਇਤਿਹਾਸਕ ਤਿੰਨੇ ਇਮਾਰਤਾਂ ਤੋਂ ਦੁਸ਼ਮਣ ਨੂੰ ਦੂਰੋਂ ਆਉਦੇਂ ਨੂੰ ਵੇਖ ਲੈਣ ਵਿਚ ਪੂਰਨ ਸਹਾਈ ਸਨ। ਅਕਾਲੀ ਬਾਬਾ ਫੂਲਾ ਸਿੰਘ ਦਾ ਬੁਰਜ, ਅੰਮ੍ਰਿਤਸਰ ਵਿਖੇ ਸ਼ੇਰਾਂ ਵਾਲੇ ਦਰਵਾਜ਼ੇ ਦੇ ਕੋਲ, ਘਿਉ ਮੰਡੀ ਦੇ ਬਾਹਰਵਾਰ ਬਣਿਆ ਹੋਇਆ ਹੈ। ਹੁਣ ਇਹ ਚੌਂਕ ਅਕਾਲੀ ਫੂਲਾ ਸਿੰਘ ਚੌਂਕ ਬਣ ਗਿਆ ਹੈ ਅਤੇ ਘਿਉ ਮੰਡੀ ਚੌਂਕ ਬਾਬਾ ਜੱਸਾ ਸਿੰਘ ਆਹਲੂਵਾਲੀਆ ਚੌਂਕ ਬਣ ਚੁੱਕਾ ਹੈ। ਏਥੇ ਮੀਰੀ ਪੀਰੀ ਦੇ ਮਾਲਕ ਦੇਗ ਤੇਗ਼ ਦੇ ਧਨੀ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ (ਵਰ) ਬਚਨਾਂ ਨਾਲ ਅਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖਾਲਸਾ ਪੰਥ ਬੁੱਢਾ ਦਲ ਦੇ ਨਿਹੰਗਾਂ ਸਿੰਘਾਂ ਦੀ ਛਾਉਣੀ ਹੈ। ਇਹ ਥਾਂ ਮਹਾਰਾਜਾ ਰਣਜੀਤ ਸਿੰਘ ਨੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਤੇ ਉਸ ਦੇ ਜਥੇ ਨੂੰ ਜਗੀਰ ਵਜੋਂ ਦਿਤੀ ਸੀ।ਜਦੋਂ ਅਕਾਲੀ ਜੀ ਅੰਮ੍ਰਿਤਸਰ ਹੁੰਦੇ ਸਨ ਤਾਂ ਆਪਣੇ ਜਥੇ ਸਮੇਤ ਛਾਉਣੀ ਵਿੱਚ ਹੀ ਨਿਵਾਸ ਕਰਿਆ ਕਰਦੇ ਸਨ। ਅਕਾਲੀ ਫੂਲਾ ਸਿੰਘ ਬੁੱਢਾ ਦਲ ਦੇ ਛੇਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਰਹੇ ਹਨ। ਉਨ੍ਹਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਦੇ ਬਾਵਜੂਦ ਵੀ ਉਨ੍ਹਾਂ ਅਕਾਲ ਤਖ਼ਤ ਦੇ ਕਿਸੇ ਹਿੱਸੇ ਨੂੰ ਆਪਣੇ ਰਹਿਣ ਜਾਂ ਠਹਿਰਨ ਦਾ ਸਥਾਨ ਨਹੀਂ ਸੀ ਬਣਾਇਆ।ਦਿਨ ਭਰ ਦੀ ਸੇਵਾ ਸੰਭਾਲ ਅਤੇ ਸ਼ਾਮ ਦੇ ਦੀਵਾਨ ਮਗਰੋਂ ਉਹ ਆਪਣੇ ਡੇਰੇ (ਨਿਹੰਗਾਂ ਸਿੰਘਾਂ ਦੀ ਛਾਉਣੀ) ਪਰਤ ਆਉਂਦੇ ਸਨ।ਇਥੇ ਹੀ ਉਨ੍ਹਾਂ ਦੇ ਜਥੇ ਲਈ ਗੁਰੂ ਕਾ ਲੰਗਰ ਪਕਦਾ ਤੇ ਸਾਰੇ ਸਿੰਘਾਂ ਵਿੱਚ ਵਰਤਦਾ ਸੀ।ਇਸ ਲੰਗਰ ਵਿਚੋਂ ਆਏ ਗਏ ਤੇ ਲੋੜਵੰਦ ਸੰਗਤਾਂ ਨੂੰ ਵੀ ਛਕਾਇਆ ਜਾਂਦਾ।ਏਸੇ ਅਸਥਾਨ ਤੇ ਪਹਿਲਾਂ ਬੁੱਢਾ ਦਲ ਦੇ ਪੰਜਵੇਂ ਮੁਖੀ ਬਾਬਾ ਨੈਣਾਂ ਸਿੰਘ ਧਰਮ ਪਿਤਾ ਅਕਾਲੀ ਬਾਬਾ ਫੂਲਾ ਸਿੰਘ ਦਾ ਪੜਾ ਹੋਇਆ ਕਰਦਾ ਸੀ ਉਨ੍ਹਾਂ ਦੀ ਨਿਗਰਾਨੀ ਹੇਠ ਅੱਸੀ ਹਜ਼ਾਰ ਘੋੜ ਸਵਾਰ ਸ੍ਰੀ ਹਰਿਮੰਦਰ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਰਾਖੀ ਵਾਸਤੇ ਤਿਆਰ ਬਰ ਤਿਆਰ ਰਹਿੰਦੇ ਸਨ।

ਬੁੱਢਾ ਦਲ ਦੀ ਛਾਉਣੀ ਵਿੱਚ ਹੀ ਬੁਰਜ ਨਿਸ਼ਾਨ ਅਕਾਲੀ ਬਾਬਾ ਫੂਲਾ ਸਿੰਘ ਦੀ ਮੌਜੂਦਾ ਇਮਾਰਤ ਵੀਹਵੀਂ ਸਦੀ ਦੇ ਸ਼ੁਰੂ ਵਿਚ ਸੰਗਤਾਂ ਦੀ ਇਕੱਠੀ ਕੀਤੀ ਗਈ ਮਾਇਆ ਨਾਲ ਬਣਾਈ ਗਈ।ਇਹ ਸੱਤ ਮੰਜਲਾਂ ਇਮਾਰਤ ਹੈ। ਵੇਖਣ ਵਿਚ ਇਹ ਬੁਰਜ ਸਾਦਾ ਪਰ ਅਕਾਲੀ ਜੀ ਦੇ ਆਪਣੇ ਜੀਵਨ ਵਾਂਗ ਬੜਾ ਮਜ਼ਬੂਤ ਤੇ ਸਵੈ-ਮਾਨ ਦਾ ਸੂਚਕ ਹੈ।ਇਸ ਬੁਰਜ ਦੀ ਬਨਾਵਟ ਬੜੀ ਸਾਦਾ, ਨਿੱਗਰ ਪੀਡੀ ਤੇ ਪ੍ਰਭਾਵਸ਼ਾਲੀ ਹੈ। ਸਭ ਤੋਂ ਹੇਠਲੀ ਮੰਜਲ ਵਿਚ ਇਕ ਵੱਡਾ ਹਾਲ ਹੈ ਜਿਸ ਦੇ ਚੌਹਾਂ ਪਾਸੇ ਦਰਵਾਜੇ ਹਨ।ਉਪਰਲੀਆਂ ਮੰਜਲਾਂ ਦੇ ਚੌਹਾਂ ਪਾਸੇ ਬਾਰੀਆਂ ਹਨ ਇਸ ਦਾ ਗੁੰਬਦ ਸੀਮਿੰਟ ਤੇ ਇੱਟਾਂ ਦਾ ਬਣਿਆ ਹੋਇਆ ਹੈ। ਜਿਸ ਉਪਰ ਸੁੰਦਰ ਪੱਥਰ ਟਾਈਲ ਲੱਗੀ ਹੋਈ ਹੈ। ਬੁਰਜ ਦੇ ਅੰਦਰ ਸਾਧਾਰਨ ਕਿਸਮ ਦੀ ਸਜਾਵਟ ਕੀਤੀ ਹੋਈ ਹੈ।ਸੰਗਮਰਮਰ ਦੀ ਵਰਤੋਂ ਕੇਵਲ ਕੇਂਦਰੀ ਹਾਲ ਵਿਚ ਹੀ ਕੀਤੀ ਗਈ ਹੈ।ਇਸ ਬੁਰਜ ਵਿਚ ਬਾਬਾ ਅਟੱਲ ਰਾਏ ਜੀ ਜਾਂ ਹੋਰ ਗੁਰਦੁਆਰਿਆਂ ਵਿਚ ਬਣੇ ਕੰਧ ਚਿੱਤਰਾਂ ਵਾਂਗ ਕੋਈ ਕੰਧ ਚਿੱਤਰ ਉਪਲਬਧ ਨਹੀਂ।ਇਸ ਬੁਰਜ ਦੇ ਅੰਦਰ ਜਾਂ ਛੱਤਾਂ `ਤੇ ਕੀਤੀ ਗਈ ਸਜਾਵਟ ਕੇਵਲ ਆਸ ਪਾਸ ਫੁੱਲਾਂ ਦਾ ਬਣਿਆ ਬਾਰਡਰ ਹੀ ਇਸ ਦੀ ਸਜਾਵਟ ਦਾ ਇਕ ਮਾਤਰ ਸਾਧਕ ਹੈ।

ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਬੁੱਢਾ ਦਲ ਦੀ ਇਤਿਹਾਸਕ ਤੇ ਪੁਰਾਤਨ ਨਿਹੰਗ ਸਿੰਘਾਂ ਦੀ ਛਾਉਣੀ ਹੈ।ਇਹ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਸਰਕੂਲਰ ਰੋਡ ਦੇ ਬਿਲਕੁਲ ਕੰਢੇ ਤੇ ਸਥਿਤ ਹੈ।ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਭਵਨ ਨਿਰਮਾਣ ਕਲਾ ਦੀ ਅਦਭੁਤ ਅਜੂਬਾਨੁਮਾ ਇਮਾਰਤ ਹੈ ਇਹ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਧਾਮਾਂ ਦੀ ਸੁਰੱਖਿਆ ਤੇ ਦੁਸ਼ਮਣ ਤੇ ਦੂਰੋਂ ਨਜ਼ਰ ਰੱਖਣ ਦੇ ਮਕਸਦ ਨਾਲ ਉਸਾਰੀ ਹੋਈ ਹੈ।ਇਸ ਦੀ ਇਮਾਰਤ ਵਿੱਚ ਦੋ ਪੌੜੀਆਂ ਹਨ ਤੇ ਹਰ ਮੰਜ਼ਿਲ ਤੇ ਮੋਰਚਾਨੁਮਾ ਕੇਂਦਰ ਹੈ। ਇਹ ਅਕਾਲੀ ਫੂਲਾ ਸਿੰਘ ਜੀ ਦੀ ਅਦੁੱਤੀ ਦੇਣ ਹੈ।ਇਹ ਸੱਤ ਮੰਜਲੀ ਬੁਰਜ ਦੀ ਪਹਿਲੀ ਮੰਜਿਲ 18 ਫੁੱਟ ਉੱਚੀ ਤੇ 8 ਇੰਚੀ ਦੇ 27 ਪੋੜ ਹਨ।ਹਰੇਕ ਪੋੜ 8 ਇੰਚੀ ਹੈ।ਦੂਸਰੀ ਮੰਜ਼ਿਲ 16 ਫੁੱਟ ਉੱਚੀ 24 ਪੋੜ, ਤੀਸਰੀ ਮੰਜ਼ਿਲ 16 ਫੁਟ ਉੱਚੀ 25 ਪੋੜ, ਚੌਥੀ ਮੰਜ਼ਿਲ 16 ਫੁੱਟ ਉੱਚੀ 24 ਪੋੜ, ਪੰਜਵੀਂ ਮੰਜ਼ਿਲ 14 ਫੁੱਟ ਉੱਚੀ 18 ਪੋੜ, ਛੇਵੀਂ ਮੰਜ਼ਿਲ 14 ਫੁੱਟ ਉੱਚੀ 22 ਪੋੜ ਹਨ।ਸੱਤਵੀਂ ਮੰਜ਼ਿਲ ਗੁੰਬਦ 14 ਫੁੱਟ ਦਾ ਹੈ ਜਿਸ ਦੇ ਬਾਹਰੀ ਸਰੀਆ ਦੀ ਲੋਹਾ ਪੋੜੀ ਹੈ ਜਿਸ ਨਾਲ ਇਸ ਉੱਪਰ ਲਾਈਟ ਜਾਂ ਖੰਡੇ ਬਦਲੇ ਜਾਂਦੇ ਹਨ।ਕੁਲ 108 ਫੁੱਟ ਦਾ ਇਹ ਬੁਰਜ਼ ਹੈ।ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਜੋ ਮੌਜੂਦਾ ਬੁੱਢਾ ਦਲ ਦੇ ਚੌਦਵੇਂ ਮੁਖੀ ਹਨ ਦੀ ਸ੍ਰਪ੍ਰਸਤੀ ਵਿੱਚ ਬਹੁਤ ਹੀ ਸੁੰਦਰ ਤੇ ਨਵੀਆਂ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ।ਸਮੁੱਚੇ ਕੈਂਪਸ ਦੀ ਕਾਇਆ ਕਲਪ ਕੀਤੀ ਗਈ ਹੈ।ਸੁੰਦਰ ਘਾਹ, ਮੌਸਮੀ ਤੇ ਸਦਾ ਬਹਾਰ ਫੁੱਲਾਂ ਵਾਲੀਆਂ ਪਾਰਕਾਂ, ਨਵੇਂ ਨਵੇਂ ਤੇ ਸੁੰਦਰ ਛਾਂ ਦਾਰ ਰੁੱਖ ਤਕਨੀਕ ਅਨੁਸਾਰ ਲਗਾਏ ਗਏ ਹਨ।ਇਸ ਦੇ ਅੰਦਰ ਦਾਖਲ ਹੁੰਦਿਆ ਹੀ ਅੱਖਾਂ ਮੂਹਰੇ ਸੰੁਦਰ ਮਨਮੋਹਕ ਨਜ਼ਾਰਾ ਪੇਸ਼ ਹੁੰਦਾ ਹੈ। ਇਸ ਦੇ ਕੈਂਪਸ ਵਿੱਚ ਹੀ ਸ਼ਹੀਦ ਜਥੇਦਾਰ ਬਾਬਾ ਫੂਲਾ ਸਿੰਘ ਅਕਾਲੀ ਛੇਵੇਂ ਮੁਖੀ ਬੁੱਢਾ ਦਲ ਦੀ ਯਾਦ ਵਿੱਚ ਵਿਸ਼ੇਸ਼ ਤੌਰ ਤੇ ਯਾਦਗਾਰੀ ਗੇਟ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96ਵੇਂ ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਵਲੋਂ ਅਤਿ ਸੁੰਦਰ ਬਨਵਾਇਆ ਗਿਆ ਹੈ।ਇਸ ਵਿੱਚ ਯਾਤਰੀਆਂ ਲਈ ਅਧੁਨਿਕ ਸਹੂਲਤਾਂ ਭਰਪੂਰ 12 ਕਮਰੇ ਅਟੈਚ ਬਾਥਰੂਮ ਹਨ।ਇਕ ਹੋਰ 65 ਕਮਰਿਆਂ ਵਾਲੀ ਸਰਾਂ ਤਿਆਰੀ ਅਧੀਨ ਹੈ।

Leave a Reply

Your email address will not be published. Required fields are marked *