ਰਾਜੇ ਮਹਾਰਾਜੇ ਕਦੇ ਵੀ ਲੋਕਾਂ ਦੇ ਦੁੱਖ ਵਿਚ ਸਹਾਈ ਨਹੀਂ ਹੋ ਸਕਦੇ : ਮਲੂਕਾ
ਸਭ ਕੁਝ ਰੁੜ੍ਹ ਜਾਣ ਤੋਂ ਬਾਅਦ ਹੀ ਅਮਰਿੰਦਰ ਨੇ ਕੀਤੀ ਖਾਨਾਪੂਰਤੀ : ਰੱਖੜਾ
ਪਟਿਆਲਾ, 23 ਜੁਲਾਈ (ਮਧੂਸਾਰ ਬਿਊਰੋ) ਪੰਜਾਬ ਦੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ ਨੇ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵਿਚ ਆਏ ਹੜ੍ਹਾਂ ਤੋਂ ਕਈ ਦਿਨ ਬਾਅਦ ਸੀ.ਐਮ. ਅਮਰਿੰਦਰ ਵੱਲੋਂ ਕੀਤੇ ਹਵਾਈ ਸਰਵੇਖਣ ਦੀ ਖਿੱਲੀ ਉਡਾਉਂਦਿਆਂ ਆਖਿਆ ਹੈ ਕਿ ਜਦੋਂ ਕਿਸਾਨਾਂ ਤੇ ਲੋਕਾਂ ਦਾ ਸਭ ਕੁਝ ਰੁੜ੍ਹ ਗਿਆ ਉਸ ਤੋਂ ਇਕ ਹਫ਼ਤੇ ਬਾਅਦ ਅਮਰਿੰਦਰ ਵੱਲੋਂ ਹਵਾਈ ਸਰਵੇਖਣ ਕਰਨਾ ਸਪੱਸ਼ਟ ਕਰਦਾ ਹੈ ਕਿ ਇਹ ਰਾਜੇ ਮਹਾਰਾਜੇ ਲੋਕਾਂ ਦੇ ਦੁੱਖ ਵਿਚ ਕਦੇ ਵੀ ਸਹਾਈ ਨਹੀਂ ਹੋ ਸਕਦੇ। ਸ. ਮਲੂਕਾ ਅੱਜ ਇੱਥੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਅਤੇ ਜਿਲ੍ਹਾ ਪਟਿਆਲਾ ਦੇ ਇੰਚਾਰਜ ਸੁਰਜੀਤ ਸਿੰਘ ਰੱਖੜਾ ਕੋਲ ਜ਼ਿਲ੍ਹਾ ਪਟਿਆਲਾ ਦੀ ਰਾਜਨੀਤੀ ਸਬੰਧੀ ਵਿਸ਼ੇਸ ਤੌਰ ‘ਤੇ ਮੀਟਿੰਗ ਕਰਨ ਉਪਰੰਤ ਗੱਲਬਾਤ ਕਰ ਰਹੇ ਸਨ।
ਸਿਕੰਦਰ ਸਿੰਘ ਮਲੂਕਾ ਨੇ ਆਖਿਆ ਕਿ ਪਟਿਆਲਾ ਅਤੇ ਸੰਗਰੂਰ ਦੋ ਜ਼ਿਲ੍ਹਿਆਂ ਵਿਚ ਕਿਸਾਨਾਂ ਅਤੇ ਲੋਕਾਂ ਦਾ ਕਰੌੜਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ। ਜਿੱਥੇ ਲੋਕਾਂ ਦਾ ਝੋਨਾ ਖ਼ਤਮ ਹੋ ਗਿਆ ਉਥੇ ਹੀ ਲੋਕ ਬੇਘਰ ਹੋਏ ਹਨ। ਉਨ੍ਹਾਂ ਆਖਿਆ ਕਿ ਪੂਰੇ ਦਸ ਦਿਨ ਲੋਕ ਤੜਪਦੇ ਰਹੇ ਤੇ ਦਸ ਦਿਨਾਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਜਾਗਣਾ ਬਹੁਤ ਹੀ ਨਿੰਦਣਯੋਗ ਗੱਲ ਹੈ। ਉਨ੍ਹਾਂ ਆਖਿਆ ਕਿ ਇਸ ਤੋਂ ਵੀ ਵੱਧ ਨਿੰਦਣਯੋਗ ਗੱਲ ਇਹ ਹੈ ਕਿ ਪਟਿਆਲਾ ਜ਼ਿਲ੍ਹਾ ਮੁੱਖ ਮੰਤਰੀ ਦਾ ਆਪਣਾ ਜ਼ਿਲ੍ਹਾ ਹੈ ਤੇ ਜਿਹੜਾ ਸੀ.ਐਮ. ਆਪਣੇ ਜਿਲ੍ਹੇ ਕੇ ਲੋਕਾਂ ਦੀ ਸਾਰ ਨਹੀਂ ਲੈ ਸਕਦਾ ਉਹ ਪੰਜਾਬ ਦਾ ਕੀ ਭਲਾ ਕਰੇਗਾ।
ਇਸ ਮੌਕੇ ਸਾਬਕਾ ਅਕਾਲੀ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਹਲੇ ਤੱਕ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੀ ਪਤਨੀ ਜੋ ਕਿ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਹੈ, ਕਿਸਾਨਾਂ ਤੇ ਲੋਕਾਂ ਦੇ ਹੋਏ ਨੁਕਸਾਨ ਦੀ ਗਰਦਾਵਰੀ ਕਰਵਾਉਣ ਦੀ ਗੱਲ ਕਰ ਰਹੇ ਹਨ। ਜਦੋਂ ਕਿ ਅਕਾਲੀ ਸਰਕਾਰ ਵੇਲੇ ਵੀ ਪਾਣੀ ਨੇ ਤਬਾਹੀ ਮਚਾਈ ਸੀ ਤਾਂ ਸਿਰਫ਼ 18 ਦਿਨਾਂ ਵਿਚ ਕਿਸਾਨਾਂ ਦੇ ਹੋਏ ਨੁਕਸਾਨ ਦੇ ਚੈੱਕ ਉਨ੍ਹਾਂ ਨੂੰ ਪਹੁੰਚ ਗਏ ਸਨ ਤਾਂ ਜੋ ਕਿਸਾਨ ਆਪਣੀ ਫਸਲਾਂ ਦੋਬਾਰਾਂ ਤੋਂ ਲਗਾ ਸਕਣ। ਰੱਖੜਾ ਨੇ ਆਖਿਆ ਕਿ ਪਰ ਇੱਥੇ ਸਭ ਕੁਝ ਉਲਟ ਹੋ ਰਿਹਾ ਹੈ। ਜਿਸ ਸਰਕਾਰ ਦਾ ਮੁੱਖ ਮੰਤਰੀ ਹੀ ਹੜ੍ਹਾਂ ਤੋਂ 10 ਦਿਨ ਬਾਅਦ ਵੀ ਅਜੇ ਗਰਦਾਵਰੀ ਦੀ ਹੀ ਗੱਲਬਾਤ ਕਰ ਰਿਹਾ ਹੋਵੇ, ਉਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ।
ਰੱਖੜਾ ਨੇ ਕਿਹਾ ਕਿ ਅਮਰਿੰਦਰ ਨੇ ਇਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਦੁੱਖ ਵਿਚ ਸਾਥ ਨਹੀਂ ਦੇ ਸਕਦਾ। ਉਨ੍ਹਾਂ ਆਖਿਆ ਕਿ ਚੰਗਾ ਹੁੰਦਾ ਜੇਕਰ ਕੈਪਟਨ ਅਮਰਿੰਦਰ ਸਿੰਘ ਤੁਰੰਤ ਅਧਿਕਾਰੀਆਂ ਨੂੰ ਇਹ ਹੁਕਮ ਕਰ ਦੇਵੇ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਮੌਕੇ ‘ਤੇ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਇਹ ਸੀ.ਐਮ. ਦੇ ਆਪਣੇ ਜਿਲ੍ਹੇ ਦਾ ਮਸਲਾ ਹੈ ਅਤੇ ਸੀ.ਐਮ. ਅਜੇ ਵੀ ਸਿਰਫ਼ ਆਸਵਾਸ਼ਨ ਦਿਵਾਉਣ ‘ਤੇ ਲੱਗਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਜੇਕਰ ਤੁਰੰਤ ਕਿਸਾਨਾਂ ਨੂੰ ਪੈਸੇ ਰਿਲੀਜ਼ ਨਾ ਕੀਤੇ ਗਏ ਤਾਂ ਅਕਾਲੀ ਦਲ ਸੰਘਰਸ਼ ਸ਼ੁਰੂ ਕਰੇਗਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਾਬਕਾ ਚੇਅਰਮੈਨ ਪੰਜਾਬ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਯੂਥ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਜਸਪਾਲ ਸਿੰਘ ਬਿੱਟੂ ਚੱਠਾ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ, ਇੰਦਰਜੀਤ ਸਿੰਘ ਰੱਖੜਾ ਦਿਹਾਤੀ ਪ੍ਰਧਾਨ, ਐਡਵੋਕੇਟ ਸ਼ਿਵਰਾਜ ਸਿੰਘ ਵਿਰਕ, ਜਗਜੀਤ ਸਿੰਘ ਸੋਨੀ, ਗੁਰਜੰਟ ਸਿੰਘ ਲਲੋਛੀ, ਗੁਰਦਰਸ਼ਨ ਸਿੰਘ ਗਾਂਧੀ, ਰਾਜਕੁਮਾਰ ਪੰਡਤ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

