ਮੋਹਾਲੀ ਦੇ ਮੇਅਰ ਦਾ ਦਾਅਵਾ ਕਿ ਸ਼ਹਿਰ ਵਿੱਚ ਡੇਂਗੂ-ਡਾਇਰੀਆ ਹਰਾਉ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ
ਕਿਹਾ, ਸਾਰੀਆਂ ਸ਼ਿਕਾਇਤਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਕੇ 24 ਘੰਟਿਆਂ ‘ਚ ਕੀਤੀ ਜਾਵੇਗੀ ਤੁਰੰਤ ਕਾਰਵਾਈ
ਸ਼ਹਿਰੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਖੜ੍ਹੇ ਪਾਣੀ ਦੀ ਸੂਚਨਾ ਦੇਣ ਦੀ ਅਪੀਲ ਕੀਤੀ
ਚੰਡੀਗੜ੍ਹ, 26 ਜੁਲਾਈ (ਮਧੂਸਾਰ ਬਿਊਰੋ) : ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਸ਼ਹਿਰ ਵਿਚ ਕੱਲ ਸ਼ੁਰੂ ਕੀਤੀ ਗਈ “ਡੇਂਗੂ-ਡਾਇਰੀਆ ਹਰਾਉ” ਮੁਹਿੰਮ ਨੂੰ ਲੋਕਾਂ ਵਲੋਂ ਸ਼ਹਿਰ ਭਰ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਲੋਕ ਮੋਹਾਲੀ ਸ਼ਹਿਰ ਵਿੱਚੋਂ ਡੇਂਗੂ ਅਤੇ ਡਾਇਰੀਆ ਨੂੰ ਖਤਮ ਕਰਨ ਲਈ ਵਲੰਟੀਅਰ ਵਜੋਂ ਹਰ ਸਹਿਯੋਗ ਦੇਣ ਲਈ ਤਿਆਰ ਹਨ। ਮੇਅਰ ਨੇ ਦੱਸਿਆ ਕਿ ਉਸਦੀ ਈਮੇਲ ਨਾਗਰਿਕਾਂ ਦੇ ਸੁਨੇਹਿਆਂ ਨਾਲ ਭਰੀ ਹੋਈ ਹੈ ਜਿਸ ਵਿੱਚ ਉਹਨਾਂ ਦੇ ਆਲੇ ਦੁਆਲੇ ਦੇ ਪਾਣੀ ਵਾਲੇ ਖੇਤਰਾਂ ਬਾਰੇ ਜਾਣਕਾਰੀ ਦਿੱਤੀ ਹੋਈ ਸੀ। ਉਨ੍ਹਾਂ ਇਸ ਨੂੰ ਇੱਕ ਸਵਾਗਤਯੋਗ ਕਦਮ ਕਰਾਰ ਦਿੰਦਿਆਂ ਕਿਹਾ ਕਿ ਨਗਰ ਨਿਗਮ ਮੁਹਾਲੀ ਸ਼ਹਿਰ ਵਾਸੀਆਂ ਦੇ ਦਰਵਾਜ਼ੇ ’ਤੇ ਹਰ ਸੰਭਵ ਸਹੂਲਤ ਦੇਣ ਲਈ ਵਚਨਬੱਧ ਹੈ। ਇੱਕ ਮੇਲ ਦਾ ਹਵਾਲਾ ਦਿੰਦੇ ਹੋਏ, ਉਹਨਾਂ ਕਿਹਾ ਕਿ ਸੈਕਟਰ-80 ਮੋਹਾਲੀ ਦੇ ਇੱਕ ਵਸਨੀਕ ਨੇ ਉਸਦੇ ਖੇਤਰ ਵਿੱਚ 5 ਪਲਾਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸੀ ਜਿਥੇ ਪਾਣੀ ਭਰਿਆ ਹੋਇਆ ਸੀ।
ਉਹਨਾਂ ਦਸਿਆ ਕਿ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਂਦਿਆਂ ਨਗਰ ਨਿਗਮ ਤੋਂ ਤੁਰੰਤ ਗਰਾਊਂਡ ਜ਼ੀਰੋ ’ਤੇ ਸਹਾਇਤਾ ਭੇਜ ਕੇ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਈ ਕੀਤੀ ਗਈ। ਸ਼੍ਰੀ ਸਿੱਧੂ ਨੇ ਦੱਸਿਆ ਕਿ ਬਹੁਤ ਸਾਰੀਆਂ ਈਮੇਲ ਆਈਟੀ ਸਿਟੀ, ਸੈਕਟਰ-82, 86 ਦੇ ਵਸਨੀਕਾਂ ਦੀਆਂ ਸਨ ਜੋ ਕਿ ਗਮਾਡਾ ਦੇ ਦਾਇਰੇ ਵਿੱਚ ਆਉਂਦੀਆਂ ਹਨ ਜਿਨ੍ਹਾਂ ਨੂੰ ਤੁਰੰਤ ਅੱਗੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਸਾਪਸ਼ਟ ਕੀਤਾ ਕਿ ਸ਼ਹਿਰ ਦੇ 1 ਫੇਜ਼ ਤੋਂ 11 ਫੇਜ਼, 66 ਤੋਂ 71 ਅਤੇ 76 ਤੋਂ 80 ਸੈਕਟਰ ਨਗਰ ਨਿਗਮ ਦੇ ਦਾਇਰੇ ਵਿੱਚ ਆਉਂਦੇ ਹਨ। ਮੇਅਰ ਨੇ ਕਿ ਸ਼ਹਿਰੀ ਬੇਝਿਜਕ ਆਪਣੀਆਂ ਮੁਸ਼ਕਲਾਂ ਦੀ ਜਾਣਕਾਰੀ amarjitsidhu338@gmail.com ਉਤੇ ਭੇਜਣ ਜਿਨ੍ਹਾਂ ਦੀ ਕਿ ਉਹ ਨਿੱਜੀ ਤੌਰ ‘ਤੇ ਸ਼ਿਕਾਇਤਾਂ ਦੀ ਨਿਗਰਾਨੀ ਕਰ ਕੇ ਇਹਨਾਂ ਦੇ ਤੁਰੰਤ ਹੱਲ ਨੂੰ ਯਕੀਨੀ ਬਣਾਉਣਗੇ।

