ਟਰੱਸਟ ਗਰੀਬ ਤੇ ਲਵਾਰਸ ਵਿਦਿਆਰਥੀਆਂ ਨੂੰ ਆਈ ਏ ਐਸ, ਪੀ ਸੀ ਐਸ ਦੀ ਸਿੱਖਿਆ ਦੇਵੇਗਾ
ਅੰਮ੍ਰਿਤਸਰ:- 31 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਦੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਦੀ ਮੀਟਿੰਗ ਬੀਬੀ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੌਜੂਦਾ ਹਲਾਤ ਤੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ। ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਉਨ੍ਹਾਂ ਗਰੀਬ ਬੱਚਿਆਂ ਨੂੰ ਆਪਣੀ ਗੋਦ ਵਿਚ ਲਵੇਗਾ ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਦਵਾਉਣ ਵਿੱਚ ਅਸਮਰਥ ਹਨ ਪਰ ਉਨ੍ਹਾਂ ਨੇ ਪੜਾਈ ਵਿੱਚ ਅਵੱਲ ਦਰਜੇ ਦੇ ਨੰਬਰ ਪ੍ਰਾਪਤ ਕੀਤੇ ਹਨ ਤੇ ਉਨ੍ਹਾਂ ਦਾ ਟੀਚਾ ਆਈ ਏ ਐਸ ਅਤੇ ਪੀ ਸੀ ਐਸ ਕਰਨ ਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ ਟਰੱਸਟ ਹਰ ਤਰੀਕੇ ਨਾਲ ਮਦਦ ਕਰੇਗਾ।
ਇੱਕਤਰਤਾ ਉਪਰੰਤ ਟਰੱਸਟ ਦੇ ਉਪ ਚੇਅਰਮੈਨ ਸ. ਇੰਦਰਜੀਤ ਬਾਗੀ ਨੇ ਦਸਿਆ ਕਿ ਟਰੱਸਟ ਵਿਚ ਅੱਜ ਸਰਬਸੰਮਤੀ ਨਾਲ ਮੈਂਬਰਾਂ ਨੇ ਬਾਰਵੀਂ ਕਲਾਸ ਵਿੱਚੋਂ ਪਹਿਲੇ ਦੂਜੇ ਦਰਜੇ ਤੇ 85 ਤੋਂ 95% ਨੰਬਰ ਪ੍ਰਾਪਤ ਕਰਨ ਅਤੇ ਆਈ ਏ ਐਸ, ਪੀ ਸੀ ਐਸ ਦੀ ਪੜਾਈ ਕਰਨ ਵਾਲੇ ਵਿਦਿਆਰੀਥਆਂ ਨੂੰ ਮੁਫਤ ਵਿੱਦਿਆ, ਰਹਾਇਸ਼, ਖਾਣ ਪੀਣ ਅਤੇ ਕੱਪੜੇ ਆਦਿ ਦੇਣ ਦਾ ਫੈਸਲਾ ਲਿਆ ਹੈ। ਸ. ਬਾਗੀ ਨੇ ਦਸਿਆ ਕਿ ਇਸ ਵੇਲੇ ਟਰੱਸਟ ਵੱਲੋਂ ਚਾਰ ਵਿਦਿਆਰਥਣਾਂ ਆਈ ਏ ਐਸ ਦੀ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕਰ ਰਹੀਆਂ ਹਨ, ਇਨ੍ਹਾਂ ਲਈ ਹੋਸਟਲ ਤੇ ਆਉਣ ਜਾਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸੱਠ ਦੇ ਕਰੀਬ ਵਿਦਿਆਰਥੀਆਂ ਨੂੰ ਟਰੱਸਟ ਵੱਲੋਂ ਉਚੇਰੀ ਸਿੱਖਿਆ ਪ੍ਰਦਾਨ ਕਰਨ ਦਾ ਟੀਚਾ ਹੈ। ਉਨ੍ਹਾਂ ਹੋਰ ਦਸਿਆ ਕਿ ਇਨ੍ਹਾਂ ਤੋਂ ਇਲਾਵਾ ਟਰੱਸਟ ਵੱਲੋਂ ਹੀ ਪ੍ਰਾਇਮਰੀ ਤੋਂ ਬਾਰਵੀਂ ਤੀਕ ਸਮਾਜਿਕ ਰਵਾਇਤੀ ਪੜਨ ਵਾਲੀਆਂ 40 ਦੇ ਕਰੀਬ ਬੱਚੀਆਂ ਵੱਖ-ਵੱਖ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ। ਟਰੱਸਟ ਤੋਂ ਸਕੂਲ ਤੀਕ ਆਉਣ ਜਾਣ ਲਈ ਵਿਸ਼ੇਸ਼ ਵਾਹਨਾਂ ਦਾ ਪ੍ਰਬੰਧ ਹੈ। ਅੱਜ ਦੀ ਇੱਕਤਰਤਾ ਵਿੱਚ ਓਪ ਚੇਅਰਮੈਨ ਸ. ਇੰਦਰਜੀਤ ਸਿੰਘ ਬਾਗੀ, ਸ. ਰਘੁਬੀਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਸੁਖਚੈਨ ਸਿੰਘ, ਭਾਈ ਭੁਪਿੰਦਰ ਸਿੰਘ ਗੱਦਲੀ, ਸ. ਅਵਤਾਰ ਸਿੰਘ ਦਿਓਲ ਸਾਰੇ ਮੈਂਬਰ ਸਾਹਿਬਾਨ ਆਦਿ ਹਾਜ਼ਰ ਸਨ।

