ਨੂਹ ਹਿੰਸਾ ’ਤੇ SC ਸਖ਼ਤ, ਕਿਹਾ-‘ਹੇਟ ਕ੍ਰਾਈਮ ਤੇ ਹੇਟ ਸਪੀਚ ਸਵੀਕਾਰਯੋਗ ਨਹੀਂ
ਨੈਸ਼ਨਲ ਡੈਸਕ (ਮਧੂਸਾਰ ਬਿਊਰੋ) : ਸੁਪਰੀਮ ਕੋਰਟ ਨੇ ਭਾਈਚਾਰਿਆਂ ਵਿਚਾਲੇ ਸਦਭਾਵਨਾ ਤੇ ਭਾਈਚਾਰਾ ਬਰਕਰਾਰ ਰੱਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਹਰਿਆਣਾ ਵਿਚ ਹਾਲ ਹੀ ’ਚ ਹੋਏ ਫਿਰਕੂ ਦੰਗਿਆਂ ਦੇ ਮੱਦੇਨਜ਼ਰ ਦਰਜ ਹੋਏ ਮਾਮਲਿਆਂ ਦੀ ਜਾਂਚ ਲਈ ਸੂਬੇ ਦੇ ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਵੱਲੋਂ ਕਮੇਟੀ ਗਠਿਤ ਕੀਤੇ ਜਾਣ ’ਤੇ ਸ਼ੁੱਕਰਵਾਰ ਨੂੰ ਵਿਚਾਰ ਕੀਤਾ। ਸੂਬੇ ਵਿਚ ਹਿੰਸਾ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਸੀ। ਸੁਪਰੀਮ ਕੋਰਟ ਹਰਿਆਣਾ ਸਮੇਤ ਵੱਖ-ਵੱਖ ਸੂਬਿਆਂ ਵਿਚ ਹੋਈਆਂ ਰੈਲੀਆਂ ਵਿਚ ਇੱਕ ਵਿਸ਼ੇਸ਼ ਭਾਈਚਾਰੇ ਦੇ ਮੈਂਬਰਾਂ ਦੇ ਕਤਲ ਅਤੇ ਉਨ੍ਹਾਂ ਦੇ ਸਮਾਜਿਕ ਤੇ ਆਰਥਿਕ ਬਾਈਕਾਟ ਦੇ ਸੱਦੇ ਸਬੰਧੀ ਕਥਿਤ ‘ਅਤਿ ਨਫ਼ਰਤ ਵਾਲੇ ਭਾਸ਼ਣਾਂ’ ਦੇ ਸਬੰਧ ਵਿਚ ਦਾਇਰ ਇਕ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ।
ਸਾਰੇ ਭਾਈਚਾਰੇ ਹਨ ਜ਼ਿੰਮੇਵਾਰ
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਐੱਸ.ਵੀ.ਐੱਨ. ਭੱਟੀ ਦੀ ਬੈਂਚ ਨੇ ਕੇਂਦਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਕੇ.ਐੱਮ. ਨਟਰਾਜ ਤੋਂ ਹਦਾਇਤਾਂ ਲੈਣ ਅਤੇ ਕਮੇਟੀ ਨੂੰ 18 ਅਗਸਤ ਤੱਕ ਸੂਚਿਤ ਕਰਨ ਲਈ ਕਿਹਾ। ਬੈਂਚ ਨੇ ਕਿਹਾ, “ਭਾਈਚਾਰਿਆਂ ਵਿਚਕਾਰ ਸਦਭਾਵਨਾ ਹੋਣੀ ਚਾਹੀਦੀ ਹੈ। ਸਾਰੇ ਭਾਈਚਾਰੇ ਜ਼ਿੰਮੇਵਾਰ ਹਨ। ਨਫ਼ਰਤ ਭਰੇ ਭਾਸ਼ਣ ਦੀ ਸਮੱਸਿਆ ਚੰਗੀ ਨਹੀਂ ਹੈ ਅਤੇ ਕੋਈ ਵੀ ਇਸ ਨੂੰ ਸਵੀਕਾਰ ਨਹੀਂ ਕਰ ਸਕਦਾ।
ਬੈਂਚ ਨੇ ਕਿਹਾ, “ਅਸੀਂ ਡੀ.ਜੀ.ਪੀ. ਤੋਂ ਉਨ੍ਹਾਂ ਵੱਲੋਂ ਨਾਮਜ਼ਦ ਤਿੰਨ ਜਾਂ ਚਾਰ ਅਧਿਕਾਰੀਆਂ ਦੀ ਇਕ ਕਮੇਟੀ ਗਠਿਤ ਕਰਨ ਲਈ ਕਹਿ ਸਕਦੇ ਹਾਂ, ਜੋ ਐੱਸ.ਐੱਚ.ਓ. ਤੋਂ ਸਾਰੀਆਂ ਜਾਣਕਾਰੀਆਂ ਪ੍ਰਾਪਤ ਕਰੇਗੀ ਅਤੇ ਉਸ ਦੀ ਜਾਂਚ ਕਰੇਗੀ ਅਤੇ ਜੇਕਰ ਜਾਣਕਾਰੀ ਪ੍ਰਮਾਣਿਤ ਹੈ ਤਾਂ ਸਬੰਧਤ ਪੁਲਸ ਅਧਿਕਾਰੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਚ. ਓ. ਅਤੇ ਪੁਲਸ ਪੱਧਰ ’ਤੇ ਪੁਲਸ ਨੂੰ ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ। ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਵੀਡੀਓ ਸਮੇਤ ਸਾਰੀ ਸਮੱਗਰੀ ਇਕੱਠੀ ਕਰਨ ਅਤੇ ਉਸ ਦੇ 21 ਅਕਤੂਬਰ, 2022 ਦੇ ਫ਼ੈਸਲੇ ਦੀ ਪਾਲਣਾ ਵਿਚ ਨਿਯੁਕਤ ਕੀਤੇ ਨੋਡਲ ਅਫ਼ਸਰਾਂ ਨੂੰ ਸੌਂਪਣ ਦਾ ਵੀ ਨਿਰਦੇਸ਼ ਦਿੱਤਾ। ਸੁਣਵਾਈ ਦੌਰਾਨ ਨਟਰਾਜ ਨੇ ਕਿਹਾ ਕਿ ਭਾਰਤ ਸਰਕਾਰ ਵੀ ਨਫ਼ਰਤ ਭਰੇ ਭਾਸ਼ਣਾਂ ਦੇ ਖਿਲਾਫ਼ ਹੈ, ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਨਾਲ ਨਜਿੱਠਣ ਲਈ ਵਿਧੀ ਕੁਝ ਥਾਵਾਂ ’ਤੇ ਕੰਮ ਨਹੀਂ ਕਰ ਰਹੀ ਹੈ।

