ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ ਤੰਤੀ ਸਾਜ਼ਾਂ ਸਹਿਤ ਮਲਾਰ ਰਾਗ ਦਰਬਾਰ ਕਰਵਾਇਆ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਗੁਰਮਤਿ ਵਿੱਚ ਰਾਗ ਬਾਣੀ ਅਤੇ ਤੰਤੀ ਸਾਜ਼ਾਂ ਦੀ ਮਹੱਤਤਾ ਨੂੰ ਮੁੱਖ ਰਖਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ‘ਮਲਾਰ ਰਾਗ ਦਰਬਾਰ’ (ਤੰਤੀ ਸਾਜ਼ਾਂ ਸਹਿਤ) ਕਰਵਾਇਆ ਗਿਆ। ਵਿਸ਼ੇਸ਼ ਸੱਦੇ ਉੱਤੇ ਪਹੁੰਚੇ ਭਾਈ ਅੰਸ਼ਦੀਪ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ ਦੇ ਜਥਿਆਂ ਵੱਲੋਂ ਰਾਗ ਮਲਾਰ ਵਿਚ ਸ਼ਬਦਾਂ ਦਾ ਗਾਇਨ ਕੀਤਾ ਗਿਆ। ਇਸ ਮੌਕੇ ਡਾ. ਅਲੰਕਾਰ ਸਿੰਘ (ਗੁਰਮਤਿ ਸੰਗੀਤ ) ਵੱਲੋਂ ਸੰਗਤ ਰੂਪ ਵਿੱਚ ਪਹੁੰਚੇ ਨਵੇਂ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਬਾਰੇ ਜਾਣੂੰ ਵੀ ਕਰਵਾਇਆ ਗਿਆ। ਪ੍ਰੋ. ਅਰਵਿੰਦ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਮੌਕੇ ਵਿਸ਼ੇਸ਼ ਤੌਰ ਉੱਤੇ ਹਾਜ਼ਰੀ ਲਗਵਾਈ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ।

ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਪਰਮਜੀਤ ਸਿੰਘ ਨੇ ਕਿਹਾ ਕਿ ਇਹਨਾਂ ਪੁਰਾਤਨ ਸਾਜ਼ਾਂ ਦੀ ਸਿੱਖ ਪੰਥ ਵਿਚ ਖਾਸ ਮਹੱਤਤਾ ਹੈ। ਮਲਾਰ ਰਾਗ ਵਿੱਚ ਰਚਿਤ ਬਾਣੀ ਆਤਮਾ ਦੇ ਪ੍ਰਮਾਤਮਾ ਨਾਲੋਂ ਵਿਛੋੜੇ ਵਿਚਲੀ ਤੜਫ਼ ਨੂੰ ਅਤੇ ਫਿਰ ਉਸਦੇ ਮਿਲਣ ਦੀ ਅਵਸਥਾ ਨੂੰ ਬਿਆਨਦੀ ਹੈ। ਸ. ਜਸਵੀਰ ਸਿੰਘ ਜਵੱਦੀ ਵੱਲੋਂ ਦੱਸਿਆ ਗਿਆ ਕਿ ਇਸੇ ਤਰੀਕੇ ਹਰ ਸਾਲ ਮਲਾਰ ਰਾਗ ਦਰਬਾਰ ਕਰਵਾਇਆ ਜਾਵੇਗਾ। ਇਸ ਸਮਾਗਮ ਦੌਰਾਨ ਯੂਨਾਈਟਿਡ ਸਿੱਖ ਸਟੂਡੈਂਟਸ ਫੈਡਰੇਸ਼ਨ, ਪੰਜਾਬੀ ਯੂਨੀਵਰਸਿਟੀ ਵੱਲੋਂ ਭੇਟਾ ਰਹਿਤ ਗੁਰਮਤਿ ਸਾਹਿਤ ਦਾ ਸਟਾਲ ਲਗਵਾਇਆ ਗਿਆ। ਸਮਾਗਮ ਦੀ ਸਮਾਪਤੀ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਭਾਈ ਬਲਬੀਰ ਸਿੰਘ (ਮੁੱਖ ਗ੍ਰੰਥੀ), ਡਾ. ਭੁਪਿੰਦਰ ਸਿੰਘ ਵਿਰਕ, ਅਵਤਾਰ ਸਿੰਘ ਗੱਤਕਾ ਕੋਚ, ਅਮਰਿੰਦਰ ਸਿੰਘ, ਤੇਜਪਾਲ ਸਿੰਘ ਆਦਿ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਯੂਨੀਵਰਸਿਟੀ ਵਿਦਿਆਰਥੀਆਂ, ਕਰਮਚਾਰੀਆਂ ਤੇ ਕੈਂਪਸ ਨਿਵਾਸੀਆਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *