ਨੁੱਕੜ ਨਾਟਕਾਂ ਦੀ ਲਹਿਰ ਲਈ ਗੋਪਾਲ ਸ਼ਰਮਾ ਨੂੰ ਆਰਥਿਕ ਸਹਾਇਤਾ ਭੇਂਟ ਕੀਤੀ।
ਪਟਿਆਲਾ, 23 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰੰਗ ਮੰਚ ਦੇ ਖੇਤਰ ਵਿਚ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਪੇਂਡੂ ਰੰਗਮੰਚ ਵਿੱਚ ਨੁੱਕੜ ਨਾਟਕਾਂ ਰਾਹੀਂ ਸੱਭਿਆਚਾਰਕ ਵਿਰਸੇ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਅਤੇ ਨਾਲ ਹੀ ਨੁੱਕੜ ਨਾਟਕ ਲਹਿਰ ਰਾਹੀਂ ਕੌਮੀ ਏਕਤਾ ਅਤੇ ਅਖੰਡਤਾ ਲਈ ਮਜ਼ਬੂਤੀ ਨਾਲ ਰੰਗਮੰਚ ਲਈ ਕਈ ਨਵੇਂ ਪੰਨੇ ਸਥਾਪਿਤ ਕਰਨ ਵਾਲੇ ਰੰਗਮੰਚ ਦੇ ਪ੍ਰਸਿੱਧ ਕਲਾਕਾਰ, ਨਾਟ ਨਿਰਦੇਸ਼ਕ ਅਤੇ ਫ਼ਰੀਲਾਂਸ ਪੱਤਰਕਾਰ ਅਤੇ ਨਟਰਾਜ ਆਰਟਸ ਥੀਏਟਰ ਦੇ ਡਾਇਰੈਕਟਰ ਗੋਪਾਲ ਸ਼ਰਮਾ ਨੂੰ ਨਟਰਾਜ ਆਰਟਸ ਥੀਏਟਰ ਦੇ ਮੁੱਖ ਸਰਪ੍ਰਸਤ ਅਤੇ ਸਮਾਜ ਸੇਵੀ ਸ . ਪ੍ਰਭਜੀਤ ਸਿੰਘ ਸੰਧੂ ਨੇ 5100/ਰੁਪਏ ਦੀ ਆਰਥਿਕ ਸਹਾਇਤਾ ਭੇਂਟ ਕੀਤੀ। ਸ. ਪ੍ਰਭਜੀਤ ਸਿੰਘ ਸੰਧੂ ਨੇ ਗੋਪਾਲ ਸ਼ਰਮਾ ਦੇ ਉੱਦਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਨਟਰਾਜ ਆਰਟਸ ਥੀਏਟਰ ਪਟਿਆਲਾ ਨੇ ਆਪਣੇ ਨਾਟਕਾਂ ਰਾਹੀਂ ਵੱਧ ਤੋਂ ਵੱਧ ਨਾਟਕ ਦੇ ਦਰਸ਼ਕ ਪੈਦਾ ਕੀਤੇ ਹਨ ਅਤੇ ਨਾਲ ਹੀ ਪੇਂਡੂ ਰੰਗਮੰਚ ਦੇ ਖੇਤਰ ਵਿੱਚ ਵੀ ਆਪਣੇ ਨੁੱਕੜ ਨਾਟਕਾਂ ਰਾਹੀਂ ਸੱਭਿਆਚਾਰਕ ਵਿਰਸੇ ਤੋਂ ਜਿੱਥੇ ਲੋਕਾਂ ਨੂੰ ਜਾਣੂ ਕਰਵਾਇਆ ਹੈ
ਉੱਥੇ ਨਾਲ ਹੀ ਆਪਣੇ ਨਾਟਕਾਂ ਰਾਹੀਂ ਸਮਾਜਿਕ ਕੁਰੀਤੀਆਂ ਵਿਰੁੱਧ ਲੋਕਾਂ ਨੂੰ ਲਾਮਬੰਦ ਵੀ ਕੀਤਾ ਹੈ। ਉਨ੍ਹਾਂ ਰੰਗਮੰਚ ਦੀ ਬਿਹਤਰੀ ਵਾਸਤੇ ਭਵਿੱਖ ਵਿੱਚ ਗੋਪਾਲ ਸ਼ਰਮਾ ਅਤੇ ਨਟਰਾਜ ਆਰਟਸ ਥੀਏਟਰ ਗਰੁੱਪ ਲਈ ਆਪਣੇ ਵਲੋਂ ਹਰ ਸੰਭਵ ਵੱਧ ਤੋਂ ਵੱਧ ਆਰਥਿਕ ਸਹਾਇਤਾ ਦੇਣ ਦਾ ਵੀ ਭਰੋਸਾ ਦਿਵਾਉਂਦੇ ਹੋਏ ਇਹ ਵੀ ਕਿਹਾ ਕਿ ਰਾਸ਼ਟਰੀ ਥੀਏਟਰ ਫੈਸਟੀਵਲ ਵਾਸਤੇ ਵੱਖਰੇ ਤੌਰ ਤੇ ਕਲਾਕਾਰਾਂ ਅਤੇ ਦੂਜੇ ਰਾਜਾਂ ਤੋਂ ਪੰਜਾਬ ਆ ਕੇ ਆਪਣੀਆਂ ਨਾਟਕੀ ਪੇਸ਼ਕਾਰੀਆਂ ਕਰਨ ਵਾਲੇ ਰੰਗਮੰਚ ਗਰੁੱਪਾਂ ਨੂੰ ਵਧੇਰੇ ਮਾਲੀ ਸਹਾਇਤਾ ਭੇਂਟ ਕਰਦੇ ਹੋਏ ਉਤਸਾਹਿਤ ਕੀਤਾ ਜਾਵੇਗਾ। ਇਸ ਮੌਕੇ ਗੋਪਾਲ ਸ਼ਰਮਾ ਵੱਲੋਂ ਨਟਰਾਜ ਆਰਟਸ ਥੀਏਟਰ ਗਰੁੱਪ ਲਈ ਆਰਥਿਕ ਸਹਾਇਤਾ ਦੇਣ ਲਈ ਵਿਸ਼ੇਸ਼ ਤੌਰ ਤੇ ਕਲਾਕਾਰਾਂ ਅਤੇ ਆਪਣੇ ਵੱਲੋਂ ਨਟਰਾਜ ਆਰਟਸ ਥੀਏਟਰ ਦੇ ਮੁੱਖ ਸਰਪ੍ਰਸਤ, ਥੀਏਟਰ ਪ੍ਰਮੋਟਰ,ਅਤੇ ਸਮਾਜ ਸੇਵੀ ਸ. ਪ੍ਰਭਜੀਤ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਖਾਸ ਕੇ ਪੇਂਡੂ ਖੇਤਰਾਂ ਵਿੱਚ ਰੰਗਮੰਚ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਜਿੱਥੇ ਪੂਰੀ ਤਰ੍ਹਾਂ ਨਾਲ ਲਾਮਬੰਦ ਕੀਤਾ ਜਾਵੇਗਾ, ਉੱਥੇ ਨਾਲ ਹੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਲਈ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ।

