ਵਾਤਾਵਰਣ ਨੂੰ ਬਚਾਉਣਾ ਹੋਇਆ ਬੇਹੱਦ ਜਰੂਰੀ : ਸਿਵਲ ਸਰਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਵਾਤਾਵਰਣ ਦੀ ਸੰਭਾਲ ਲਈ ਵਿਸ਼ੇਸ਼ਮੌਕੇ ‘ਨੀਲੇ ਅਸਮਾਨ ਲਈ ਸਾਫ਼ ਹਵਾ ਦਾ ਅੰਤਰਰਾਸ਼ਟਰੀ ਦਿਵਸ’ ਜੋਂ ਕਿ ਹਰ ਸਾਲ 7 ਸਤੰਬਰ ਨੂੰ ਇਸ ਤੱਥ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ ਕਿ ਸਾਫ਼ ਹਵਾ ਲੋਕਾਂ ਦੀ ਸਿਹਤ ਅਤੇ ਰੋਜ਼ਾਨਾ ਜੀਵਨ ਲਈ ਮਹੱਤਵਪੂਰਨ ਹੈ, ਕਿਉਕਿ ਹੁਣ ਹਵਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਸਭ ਤੋਂ ਵੱਡਾ ਵਾਤਾਵਰਣ ਨਾਲ ਜੁੜਿਆ ਹੋਇਆ ਖਤਰਾ ਹੈ। ਇਹ ਵਿਸ਼ਵ ਪੱਧਰ ‘ਤੇ ਮੌਤ ਅਤੇ ਬਿਮਾਰੀ ਦੇ ਮੁੱਖ ਬਚਾਅ ਯੋਗ ਕਾਰਨਾਂ ਵਿੱਚੋਂ ਇੱਕ ਹੈ। ਪਟਿਆਲਾ ਦੇ ਸਿਵਲ ਸਰਜਨ ਡਾ ਰਮਿੰਦਰ ਕੌਰ ਨੇ ਕਿਹਾ ਕਿ ਇਸ ਸਾਲ ਇਹ ਦਿਵਸ ‘ਟੂਗੈਦਰ ਫਾਰ ਕਲੀਨ ਏਅਰ’ ਦੀ ਥੀਮ ‘ਤੇ ਕੇਂਦਰਿਤ ਹੋਵੇਗਾ। ਥੀਮ ਦਾ ਉਦੇਸ਼ ਹਵਾ ਪ੍ਰਦੂਸ਼ਣ ‘ਤੇ ਕਾਬੂ ਪਾਉਣ ਲਈ ਮਜ਼ਬੂਤ ਸਾਂਝੇਦਾਰੀ, ਸਰਕਾਰਾਂ ਵੱਲੋਂ ਨਿਵੇਸ਼ ਅਤੇ ਸਾਂਝੀ ਜ਼ਿੰਮੇਵਾਰੀ ਦੀ ਤੁਰੰਤ ਲੋੜ ਨੂੰ ਉਜਾਗਰ ਕਰਨਾ ਹੈ। ਇਹ ਮਨੁੱਖੀ ਅਤੇ ਈਕੋਸਿਸਟਮ ਦੀ ਸਿਹਤ ‘ਤੇ ਹਵਾ ਪ੍ਰਦੂਸ਼ਣ ਦੇ ਸਿੱਧੇ ਪ੍ਰਭਾਵ ਨੂੰ ਵੀ ਰੇਖਾਂਕਿਤ ਕਰਦਾ ਹੈ ਅਤੇ ਵਾਯੂਮੰਡਲ ਦੀ ਸੁਰੱਖਿਆ ਅਤੇ ਹਰੇਕ ਲਈ ਸਿਹਤਮੰਦ ਹਵਾ ਨੂੰ ਯਕੀਨੀ ਬਣਾਉਣ ਦੀ ਸਾਂਝੀ ਜ਼ਿੰਮੇਵਾਰੀ ਨੂੰ ਵੀ ਦਰਸਾਉਂਦਾ ਹੈ।
ਇਸ ਵਿਸ਼ੇ ਤੇ ਗੱਲ ਕਰਦੇ ਹੋਏ ਪਟਿਆਲਾ ਜਿਲੇ ਵਿੱਚ ਇਸ ਅਧੀਨ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਇਸ ਪ੍ਰੋਗਰਮ ਦੇ ਨੋਡਲ ਅਫ਼ਸਰ ਡਾ ਸੁਮੀਤ ਸਿੰਘ ਨੇ ਕਿਹਾ ਕਿ ਸਿਹਤ ਸੰਸਥਾਵਾ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਵਾਤਾਵਰਣ ਨੂੰ ਬਚਾਉਣ ਲਈ ਹਰੇਕ ਵਿਅਕਤੀ ਆਪਣੀ ਜਿੰਮੇਵਾਰੀ ਨਿਭਾਏ। ਕੁਦਰਤੀ ਸਰੋਤਾਂ ਨੂੰ ਬਾਲਣ ਦੇ ਤੌਰ ਤੇ ਊਰਜਾ ਲਈ ਕੀਤਾ ਜਾ ਰਿਹਾ ਬਹੁਤ ਜਿਆਦਾ ਇਸਤੇਮਾਲ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਹਵਾ ਵਿਚ ਵਦਾ ਰਿਹਾ ਹੈ ਜਿਸ ਨਾਲ ਧਰਤੀ ਦੇ ਔਸਤ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਮੌਸਮੀ ਚੱਕਰ ਵਿੱਚ ਤਬਦੀਲੀ ਆ ਰਹੀ ਹੈ, ਜਿਸ ਦੇ ਪ੍ਰਤੱਖ ਸਬੂਤ ਇਸ ਵਾਰ ਪੰਜਾਬ ਸਮੇਤ ਉੱਤਰੀ ਭਾਰਤ ਨੇ ਵੇਖੇ ਹਨ। ਫਰਵਰੀ ਵਿੱਚ ਗਰਮੀ ਪੈਣ ਨਾਲ ਕਣਕ ਦੀ ਵਾਢੀ ਤੇ ਅਸਰ ਪਿਆ ਤੇ ਫੇਰ ਜੁਲਾਈ ਮਹੀਨੇ ਜਿਆਦਾ ਗਰਮੀ ਤੋਂ ਬਾਅਦ ਇਕੱਠੇ ਹੋਏ ਮੀਹ ਨਾਲ ਹੜ੍ਹ ਦੀ ਸਥਿਤੀ ਬਣੀ। ਅਜਿਹੇ ਕੁਦਰਤੀ ਖਿਲਵਾੜ ਜਿੱਥੇ ਮਨੁੱਖੀ ਜਾਨ ਦਾ ਖੌਅ ਬਣ ਰਹੇ ਹਨ, ਉੱਥੇ ਪਸ਼ੂ ਅਤੇ ਫ਼ਸਲਾਂ ਨੂੰ ਨੁਕਸਾਨ ਪਹੁੰਚਾ ਆਰਥਿਕ ਨੁਕਸਾਨ ਵੀ ਪੁੱਜਾ ਰਹੇ ਹਨ। ਇਸ ਤੋਂ ਇਲਾਵਾ ਪੋਲੁਸ਼ਨ ਨਾਲ ਜੁੜ੍ਹੇ ਹੋਏ ਸਾਹ ਦੇ ਰੋਗ, ਫੇਫੜਿਆਂ ਦਾ ਕੈਂਸਰ ਅਤੇ ਦਿਲ ਦੇ ਰੋਗਾਂ ਵਿੱਚ ਵਾਧਾ ਪੰਜਾਬੀਆਂ ਦੀ ਔਸਤ ਜਿੰਦਗੀ ਵਿੱਚ ਕਮੀ ਲਿਆ ਰਿਹਾ ਹੈ। ਸਾਨੂੰ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਸਕਦੇ ਯਤਨਾਂ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ। ਮੈਡੀਕਲ ਖੇਤਰ ਹਮੇਸ਼ਾ ਸਮਾਜ ਲਈ ਚਾਨਣ ਮੁਨਾਰਾ ਰਿਹਾ ਹੈ, ਇਸ ਦੀ ਸੇਦ ਦੇਣ ਲਈ ਜਿਲਾ ਸਿਹਤ ਵਿਭਾਗ ਇਸ ਪੂਰੇ ਹਫਤੇ 7-13 ਸਤੰਬਰ ਤੱਕ ਵਾਤਾਵਰਣ ਦੀ ਸੰਭਾਲ ਦੀ ਕੋਸ਼ਿਸ਼ਾਂ ਲਈ ਪ੍ਰੇਰਿਤ ਕਰੇਗਾ, ਹਸਪਤਾਲਾਂ ਵਿੱਚ ਬੂਟੇ ਲਗਾਏ ਜਾਣਗੇ, ਸਕੂਲਾਂ ਕਾਲਜਾਂ ਵਿੱਚ ਜਾਗਰੂਕਤਾ ਸੈਮੀਨਾਰ ਕਰਵਾਏ ਜਾਣਗੇ, ਬਿਜਲੀ ਦੇ ਦੁਰਉਪਯੋਗ ਤੇ ਬਰਬਾਦੀ ਨੂੰ ਰੋਕਣ ਲਈ ਹਸਪਤਾਲਾਂ ਵਿੱਚ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

