ਮ੍ਰਿਤਕ ਦੇਹ ਦੀ ਸੰਭਾਲ ਲਈ ਕੈਂਡੀ ਨਾ ਮਿਲਣ ਦੀ ਸ਼ਿਕਾਇਤ ਸੁਣਕੇ ਕੈਬਨਿਟ ਮੰਤਰੀ ਹਸਪਤਾਲ ਪੁੱਜੇ
ਅਜਨਾਲਾ ਹਸਪਤਾਲ ਵਿੱਚ ਸਿਹਤ ਸੇਵਾਵਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ – ਧਾਲੀਵਾਲ
ਅੰਮ੍ਰਿਤਸਰ 11 ਸਤੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਕੈਬਨਿਟ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਜਿਨਾਂ ਨੂੰ ਬੀਤੀ ਰਾਤ ਤਖ਼ਤੂ ਚੱਕ ਵਾਸੀ ਦੀ ਮ੍ਰਿਤਕ ਦੇਹ ਸੰਭਾਲਣ ਸਬੰਧੀ ਸਿਵਲ ਹਸਪਤਾਲ ਅਜਨਾਲਾ ਵਿੱਚ ਸਮੱਸਿਆ ਆਉਣ ਦੀ ਸ਼ਿਕਾਇਤ ਮਿਲੀ ਸੀ, ਸਬੰਧੀ ਅੱਜ ਮੌਕਾ ਵੇਖਣ ਲਈ ਸਿਵਲ ਹਸਪਤਾਲ ਅਜਨਾਲਾ ਪੁੱਜੇ। ਜਿਨਾਂ ਨੇ ਉਥੇ ਪੋਸਟਮਾਰਟਮ ਵਿਭਾਗ ਵਿੱਚ ਮੌਜੂਦ ਮ੍ਰਿਤਕ ਦੇਹ ਸੰਭਾਲ ਘਰ ਵੇਖਿਆ ਅਤੇ ਖ਼ਰਾਬ ਹੋਈਆਂ ਕੈਂਡੀਆਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਤੁਰੰਤ ਇਸਦੇ ਬਦਲਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਸ: ਧਾਲੀਵਾਲ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਜੋ ਸ਼ਿਕਾਇਤ ਮਿਲੀ ਸੀ ਉਸ ਸਬੰਧੀ ਸਿਵਲ ਸਰਜਨ ਅੰਮ੍ਰਿਤਸਰ ਨੇ ਦੱਸਿਆ ਕਿ ਐਸ.ਐਮ.ਓ. ਅਜਨਾਲਾ ਨੇ ਦੋ ਦਿਨ ਪਹਿਲਾਂ ਕੈਂਡੀ ਖਰਾਬ ਹੋਣ ਦੀ ਸੂਚਨਾ ਦਿੱਤੀ ਸੀ ਅਤੇ ਇਸ ਸਬੰਧੀ ਸਬੰਧਤ ਠੇਕੇਦਾਰ ਜੋ ਕਿ ਪੰਜਾਬ ਭਰ ਵਿੱਚ ਇਹ ਮੁਰੰਮਤ ਕਰਦਾ ਹੈ
ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਲੇਬਰ ਦੀ ਸ਼ਾਰਟੇਜ ਕਾਰਨ ਉਹ ਦੋ ਦਿਨ ਲੈ ਗਿਆ। ਸ: ਧਾਲੀਵਾਲ ਨੇ ਉਕਤ ਮਸਲੇ ਦੇ ਹੱਲ ਲਈ ਨਵੀਂ ਕੈਂਡੀ ਤੁਰੰਤ ਲਗਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਵਿਭਾਗ ਵਲੋਂ ਦੇਰੀ ਹੁੰਦੀ ਹੈ ਤਾਂ ਮੇਰੇ ਅਖਤਿਆਰੀ ਫੰਡਜ਼ ਵਿਚੋਂ ਇਹ ਰਕਮ ਲੈ ਲਈ ਜਾਵੇ। ਉਨਾਂ ਇਸ ਮੌਕੇ ਐਕਸਰੇ ਫਿਲਮਾਂ ਦੀ ਘਾਟ ਬਾਰੇ ਵੀ ਮੌਕਾ ਦੇਖਿਆ ਅਤੇ ਪਾਇਆ ਕਿ 160 ਫਿਲਮਾਂ ਮੌਜੂਦ ਹਨ। ਉਨਾਂ ਡਾਕਟਰਾਂ ਦੀ ਮੰਗ ’ਤੇ ਹੋਰ ਫਿਲਮਾਂ ਸਪਲਾਈ ਕਰਨ ਲਈ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਨੂੰ ਕਿਹਾ। ਸ: ਧਾਲੀਵਾਲ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇ ਕਿਸੇ ਵੀ ਵਾਸੀ ਦੀ ਕੋਈ ਸ਼ਿਕਾਇਤ ਨਿਕਟ ਭਵਿੱਖ ਵਿੱਚ ਨਹੀਂ ਰਹੇਗੀ।

