ਨਿਸ਼ਾਨੇਬਾਜ਼ ਯੁਵਰਾਜ ਸਿੰਘ ਵਿਰਕ ਦਾ ਸਵਾਗਤ ਕੀਤਾ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨਿਸ਼ਾਨੇਬਾਜ਼ ਯੁਵਰਾਜ ਸਿੰਘ ਵਿਰਕ, ਜਿਸ ਨੇ ਹਾਲ ਹੀ ਵਿਚ ਨਵੀਂ ਦਿੱਲੀ ਵਿਖੇ ਸੰਪੰਨ ਹੋਈ 42ਵੀਂ ਨਾਰਥ ਜ਼ੋਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਸਕੀਟ ਈਵੈਂਟ ਵਿੱਚ ਜੂਨੀਅਰ ਅਤੇ ਸੀਨੀਅਰ ਦੋਹਾਂ ਵਰਗਾਂ ਵਿਚ ਸੋਨ ਤਗ਼ਮਾ ਜਿੱਤਿਆ ਅਤੇ ਇਸ ਉਪਰੰਤ ਇੰਦੌਰ (ਮੱਧ ਪ੍ਰਦੇਸ਼) ਵਿਖੇ ਹੋਈ 32ਵੀਂ ਆਲ ਇੰਡੀਆ ਜੀਵੀ ਮਾਲਵਾਂਕਰ ਸ਼ੂਟਿੰਗ ਚੈਂਪੀਅਨਸ਼ਿਪ ਦੇ ਸਕੀਟ ਈਵੈਂਟ ਵਿਚ ਵੀ ਜੂਨੀਅਰ ਅਤੇ ਸੀਨੀਅਰ ਦੋਹਾਂ ਵਰਗਾਂ ਵਿਚ ਸੋਨ ਤਗ਼ਮਾ ਜਿੱਤਿਆ,
ਦਾ ਯੂਨੀਵਰਸਿਟੀ ਵਿਖੇ ਪੁੱਜਣ ਉੱਤੇ ਉਪ ਕੁਲਪਤੀ ਪ੍ਰੋ. ਅਰਵਿੰਦ ਅਤੇ ਖੇਡ ਨਿਰਦੇਸ਼ਕ ਡਾ. ਅਜੀਤਾ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਖਿਡਾਰੀ ਦੇ ਪਿਤਾ ਤਰਨਜੀਤ ਸਿੰਘ ਵਿਰਕ ਵੀ ਉਚੇਚੇ ਤੌਰ ਉੱਤੇ ਮੌਜੂਦ ਰਹੇ।ਜ਼ਿਕਰਯੋਗ ਹੈ ਕਿ ਇਹ ਖਿਡਾਰੀ ਪੰਜਾਬੀ ਯੂਨੀਵਰਸਿਟੀ ਵਿਖੇ ਪੰਜ ਸਾਲਾ ਏਕੀਕ੍ਰਿਤ ਕੋਰਸ (ਸੋਸ਼ਲ ਸਾਇੰਸ ) ਦਾ ਵਿਦਿਆਰਥੀ ਹੈ। ਮੌਜੂਦਾ ਸਮੇਂ ਉਹ ਕੋਚ ਕੈਪਟਨ ਪੀ.ਪੀ.ਸਿੰਘ ਤੋਂ ਸਿਖਲਾਈ ਹਾਸਿਲ ਕਰ ਰਿਹਾ ਹੈ।

