ਪੰਜਾਬ ਦੇ 25 ਪਿੰਡਾਂ ਨੂੰ ਸਮਾਰਟ ਖਾਦੀ ਪਿੰਡਾਂ ਵਜੋਂ ਵਿਕਸਤ ਕੀਤਾ ਜਾਵੇਗਾ
ਗ੍ਰਾਂਮੀਣ ਖਾਦੀ ਉਦਯੋਗ ਦੇ ਕੌਮੀ ਚੇਅਰਮੈਨ ਵੱਲੋਂ ਥੂਹਾ ਫੁਲਕਾਰੀ ਸੈਂਟਰ ਦਾ ਦੌਰਾ
ਪਟਿਆਲਾ (ਬਨੂੜ), 15 ਜੂਨ (ਮਧੂਸਾਰ ਬਿਊਰੋ)
ਪੇਂਡੂ ਹਸਤ ਦਸਤਕਾਰੀ ਨੂੰ ਪੁਨਰ ਸੁਰਜੀਤ ਕਰਨ ਲਈ ਪੰਜਾਬ ਦੇ 25 ਪਿੰਡਾਂ ਨੂੰ ਸਮਾਰਟ ਖਾਦੀ ਪਿੰਡਾਂ ਵਜੋਂ ਵਿਕਸਤ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਨੇੜਲੇ ਪਿੰਡ ਥੂਹਾ ‘ਚ ਸਥਿਤ ਫੁਲਕਾਰੀ ਕਲੱਸਟਰ ਸੈਂਟਰ ਵਿਖੇ ਕਰਵਾਏ ਸਮਾਗਮ ਦੌਰਾਨ ਗ੍ਰਾਂਮੀਣ ਖਾਦੀ ਉਦਯੋਗ ਦੇ ਕੌਮੀ ਚੇਅਰਮੈਂਨ ਸ਼੍ਰੀ ਵਿਨੇ ਕੁਮਾਰ ਸਕਸੈਨਾ ਨੇ ਕੀਤਾ।
ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਖਾਦੀ ਉਦਯੋਗ ਨੂੰ ਬਚਾਉਣ ਲਈ ਬਹੁਤ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਖਾਦੀ ਉਦਯੋਗ ਨੂੰ ਹੋਰ ਪ੍ਰਫੂਲਤ ਕੀਤਾ ਜਾ ਸਕੇ ।ਕੌਮੀ ਚੇਅਰਮੈਨ ਨੇ ਅੱਗੇ ਹੋਰ ਕਿਹਾ ਕਿ ਭਾਰਤ ਦੇ ਖਾਦੀ ਉਦਯੋਗ ਵਿਚ 90 ਫ਼ੀਸਦੀ ਮਹਿਲਾਵਾ ਕੰਮ ਕਰ ਰਹੀਆ ਹਨ ਜੋ ਕਿਸੇ ਹੋਰ ‘ਤੇ ਨਹੀ ਬਲਕਿ ਆਪਣੇ ਆਪ ‘ਤੇ ਨਿਰਭਰ ਹਨ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਯਤਨਾਂ ਸਦਕਾ ਪੰਜਾਬ ਦੀ ਅਲੋਪ ਹੋ ਰਹੀ ਇਸ ਵਿਰਾਸਤੀ ਕਲਾ ਨੂੰ ਬਚਾਉਣ ਲਈ 25 ਪਿੰਡਾਂ ਨੂੰ ਸਮਾਰਟ ਖਾਦੀ ਪਿੰਡਾਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਨਾਂ ਸਮਾਰਟ ਪਿੰਡਾਂ ਵਿਚ ਕੇਵਲ ਹੱਥ ਦਸਤਕਾਰੀ ਦੇ ਕੱਪੜੇ ਬਣਾਉਣਾ ਹੀ ਨਹੀ ਬਲਕਿ ਵੱਖ-ਵੱਖ ਤਰ੍ਹਾਂ ਦਾ ਅਚਾਰ, ਪਾਪੜ, ਅਗਰਬੱਤੀ ਤੇ ਮੋਮਬੱਤੀਆਂ ਵੀ ਬਣਾਇਆ ਜਾਣਗੀਆ। ਉਨਾਂ ਕਿਹਾ ਕਿ ਇਨਾਂ ਕਲੱਸਟਰਾ ਤੋਂ ਤਿਆਰ ਹੋਏ ਸਮਾਨ ਨੂੰ ਬਜਾਰਾਂ ਵਿਚ ਵੇਚਣ ਲਈ ਖਾਦੀ ਬੋਰਡ ਵੱਲੋਂ ਨਵੇਂ ਆਉਟਲੈਟ ਖੋਲੇ ਜਾਣਗੇ। ਜਿਥੋਂ ਲੋਕਾ ਨੂੰ ਖਾਦੀ ਨਾਲ ਸਬੰਧਿਤ ਹਰ ਤਰ੍ਹਾਂ ਦੀ ਚੀਜ ਉਪਬਲਧ ਹੋਵੇਗੀ। ਇਸ ਮੌਕੇ ਕਲੱਸਟਰ ਦੀ ਇੰਚਾਰਜ ਮੈਡਮ ਰੇਖਾ ਮਾਨ ਨੇ ਜਿਥੇ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਉਥੇ ਹੀ ਉਨਾਂ ਨੂੰ ਪੇਂਡੂ ਮਹਿਲਾਵਾਂ ਵੱਲੋਂ ਹੱਥ ਦਸਤਕਾਰੀ ਨਾਲ ਬਣਾਈਆ ਹੋਈਆ ਕਲਾ ਕਿਰਤੀਆਂ ਦੀ ਲਗਾਈ ਹੋਈ ਪ੍ਰਦਰਸ਼ਨੀ ਵੀ ਵਿਖਾਈ।
ਇਸ ਮੌਕੇ ਸ਼੍ਰੀਮਤੀ ਰੇਖਾ ਮਾਨ ਨੇ ਕਿਹਾ ਕਿ ਉਨਾਂ ਦੇ ਫੁਲਕਾਰੀ ਕਲੱਸਟਰ ਸੈਂਟਰ ਅਧੀਨ 12 ਪਿੰਡਾਂ ਦੀਆਂ 880 ਮਹਿਲਾਵਾਂ ਕੰਮ ਕਰ ਰਹੀਆਂ ਹਨ। ਇਸ ਸੈਂਟਰ ਤੋਂ ਹੁਣ ਤੱਕ 472 ਮਹਿਲਾਵਾਂ ਟ੍ਰੇਨਿੰਗ ਲੈ ਚੁੱਕੀਆਂ ਹਨ ਜਿਨਾਂ ਵਿਚੋਂ 142 ਮਹਿਲਾਵਾਂ ਆਤਮ ਨਿਰਭਰ ਹੋ ਕੇ ਆਪਣੇ ਫੁਲਕਾਰੀ ਸੈਂਟਰ ਚਲਾ ਰਹੀਆ ਹਨ।
ਪ੍ਰੋਗਰਾਮ ਦੇ ਅੰਤ ਵਿਚ ਕਲੱਸਟਰ ਦੀ ਇੰਚਾਰਜ ਸ਼੍ਰੀਮਤੀ ਰੇਖਾ ਮਾਨ, ਪਿੰਡ ਦੇ ਸਰਪੰਚ ਬਲਜਿੰਦਰ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਪੰਚ ਹਰਦੇਵ ਸਿੰਘ, ਬਲਵੀਰ ਸਿੰਘ ਪੰਚ, ਹਰਪਾਲ ਸਿੰਘ, ਹਰਵਿੰਦਰ ਸਿੰਘ ਟੋਨੀ, ਮਨਜੀਤ ਸਿੰਘ ਨੇ ਮੁੱਖ ਮਹਿਮਾਨਾ ਨੂੰ ਹੱਥ ਨਾਲ ਬਣਾਇਆ ਫੁਲਕਾਰੀਆਂ ਭੇਂਟ ਕੀਤੀਆਂ। ਇਸ ਮੌਕੇ ਐਸ.ਐਨ ਸੁਕਲਾ ਪਰਸ਼ਨਲ ਸੈਕਟਰੀ ਖਾਦੀ ਗ੍ਰਾਂਮ ਉਦਯੋਗ, ਐਸਪੀ ਸਿੰਘ ਉਪ ਚੇਅਰਮੈਂਨ, ਹਰਜਿੰਦਰ ਸਿੰਘ ਪੰਨੂੰ ਮੈਂਬਰ ਖਾਦੀ ਗ੍ਰਾਂਮ ਉਦਯੋਗ ਵੀ ਮੌਜੂਦ ਸਨ।

