ਮੋਦੀ ਸਰਕਾਰ ਦਾ ਅਮਰੀਕਾ ਪੱਖੀ ਝੁਕਾਅ ਦੇਸ਼ ਦੇ ਹਿੱਤ ਵਿਚ ਨਹੀਂ : ਡਾ. ਗਾਂਧੀ
ਪਟਿਆਲਾ 15 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਨੇ, ਅੱਜ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ, ਬੀ.ਜੇ.ਪੀ. ਦੀ ਸਰਕਾਰ ਵੱਲੋਂ ਦਹਾਕਿਆਂ ਪੁਰਾਣੀ ਗੁੱਟ-ਨਿਰਲੇਪਤਾ ਦੀ ਵਿਦੇਸ਼ ਨੀਤੀ ਤੋਂ ਲਾਂਭੇ ਜਾਣ ਅਤੇ ਇਸ ਦੇ ਸਿੱਧਾ ਅਮਰੀਕਨ ਕੈਂਪ ਵੱਲ ਝੁਕਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਵਿਦੇਸ਼ ਨੀਤੀ ਵਿੱਚ ਮਾਰੀ ਗਈ ਇਸ ਪਲਟੀ ਬਾਰੇ ਦੇਸ਼ ਵਾਸੀਆਂ ਨੂੰ ਸੁਚੇਤ ਕਰਦੇ ਹੋਏ, ਡਾ: ਗਾਂਧੀ ਨੇ ਕਿਹਾ ਕਿ ਅਮਰੀਕਨ ਪਾਰਲੀਮੈਂਟ ਦੇ ਦੋਨਾਂ ਸਦਨਾਂ ਵਿੱਚ, ਸਾਡੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ਦੌਰਾਨ ਅਮਰੀਕੀ ਸਾਂਸਦਾਂ ਵੱਲੋਂ ਵਾਰ-ਵਾਰ ਖੜੇ ਹੋਕੇ, ਜੈ-ਜੈਕਾਰ ਕਰਨਾ ਇਹ ਦਰਸਾਉਂਦਾ ਹੈ ਕਿ ਬੀ.ਜੇ.ਪੀ. ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ, ਹੁਣ ਦੱਖਣੀ-ਪੂਰਬੀ ਏਸ਼ੀਆ ਅਤੇ ਅਫਗਾਨ-ਪਾਕਿ ਖਿੱਤੇ ਵਿੱਚ ਅਮਰੀਕਾ ਦੇ ਭੂਗੋਲਿਕ-ਸਿਆਸੀ- ਮਿਲਟਰੀ ਹਿੱਤਾਂ ਦੀ ਪੂਰਤੀ ਲਈ ਇੱਕ ਧਿਰ ਬਣਨ ਦਾ ਫੈਸਲਾ ਕਰ ਲਿਆ ਹੈ, ਜੋ ਕਿ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।
ਭਾਰਤੀ ਲੋਕਾਂ ਦੇ ਹਿੱਤ, ਇਸ ਦੇ ਚੀਨ, ਪਾਕਿਸਤਾਨ, ਬੰਗਲਾਦੇਸ਼, ਨੇਪਾਲ ਜਾਂ ਸ੍ਰੀਲੰਕਾ ਆਦਿ ਸਾਰੇ ਗੁਆਂਢੀ ਦੇਸ਼ਾਂ ਨਾਲ ਸ਼ਾਂਤਮਈ ਅਤੇ ਦੋਸਤਾਨਾ ਸਬੰਧਾਂ ਵਿੱਚ ਹੀ ਬਿਹਤਰ ਰਹਿ ਸਕਦੇ ਹਨ।
ਭਾਰਤ ਦੀ ਦੱਖਣੀ ਚੀਨ ਦੇ ਸਾਗਰ ਵਿੱਚ ਬੇ-ਲੋੜੀ ਦਖਲ ਅੰਦਾਜ਼ੀ ਅਤੇ ਅਮਰੀਕੀਆਂ ਦੇ ਅਫਗਾਨਿਸਤਾਨ ਵਿੱਚੋਂ ਚਲੇ ਜਾਣ ਤੋਂ ਬਾਅਦ ਭਾਰਤ ਦੀ ਉਸ ਦੇਸ ਦੇ ਮਾਮਲਿਆਂ ਵਿੱਚ ਵੱਧ ਰਹੀ ਦਿਲਚਸਪੀ ਨਾਲ ਇਸ ਖਿੱਤੇ ਵਿੱਚ ਤਣਾਅ ਵਧਣ ਦੇ ਆਸਾਰ ਬਣਨ ਦੀ ਸੰਭਾਵਨਾ ਹੈ, ਜਿਸ ਦੇ ਨਤੀਜੇ ਸੁਖਾਵੇਂ ਨਹੀਂ ਹੋਣਗੇ। ਡਾ: ਗਾਂਧੀ ਨੇ ਕਿਹਾ ਕਿ ਨਵੀਂ ਵਿਦੇਸ਼ ਨੀਤੀ, ਬਰਿਕਸ (ਬਰਾਜੀਲ-ਰੂਸ-ਭਾਰਤ-ਚੀਨ-ਦੱਖਣੀ ਅਫਰੀਕਾ) ਰਾਹੀਂ ਕੀਤੀਆਂ ਪ੍ਰਾਪਤੀਆਂ ਨੂੰ ਵੀ ਖੇਰੂੰ-ਖੇਰੂੰ ਕਰ ਸਕਦੀ ਹੈ।
ਡਾ: ਗਾਂਧੀ ਨੇ ਦੇਸ਼ ਦੇ ਲੋਕਾਂ ਨੂੰ ਭਾਜਪਾ ਸਰਕਾਰ ਦੀ ਵਿਦੇਸ਼ ਨੀਤੀ ਦਾ ਡੱਟ ਕੇ ਵਿਰੋਧ ਕਰਨ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਕਰਨ ਲਈ, ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਦੱਖਣੀ-ਪੂਰਬੀ ਏਸ਼ੀਆ ਵਿੱਚ ਇੱਕ ਆਜਾਦ ਪ੍ਰਭੂਸੱਤਾ ਸੰਪਨ ਰਾਸ਼ਟਰ ਵਜੋਂ ਸ਼ਾਂਤੀ ਅਤੇ ਤਰੱਕੀ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ, ਨਾ ਕਿ ਅਮਰੀਕਨ ਸਾਮਰਾਜ ਦੇ ਇੱਕ ਸੰਗੀ ਵਜੋਂ ਵਿਚਰਨਾ ਚਾਹੀਦਾ ਹੈ।

