ਪੱਛੜੇ ਵਰਗਾਂ ਨੂੰ ਉੱਚ ਸਿੱਖਿਆ ਲਈ ਪਹਿਲ ਦੇ ਆਧਾਰ ਤੇ ਨਾਲ ਜੋੜਿਆ ਜਾਵੇ : ਵਾਈਸ ਚਾਂਸਲਰ
ਪਟਿਆਲਾ 15 ਜੂਨ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਦੀ ਇਕੱਤਰਤਾ ਇਥੇ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਡਾ. ਏ.ਐਸ.ਚਾਵਲਾ, ਡੀਨ ਅਕਾਦਮਿਕ ਮਾਮਲੇ ਅਤੇ ਰਜਿਸਟਰਾਰ ਡਾ. ਦਵਿੰੰਦਰ ਸਿੰਘ ਸ਼ਾਮਲ ਹੋਏ।
ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਮੀਟਿੰਗ ਵਿੱਚ ਇਸ ਗੱਲ ਤੇ ਜੋਰ ਦਿੱਤਾ ਕਿ ਉੱਚ ਸਿੱਖਿਆ ਵਿੱਚ ਵਿਦਿਆਰਥੀਆਂ ਦੇ ਦਾਖਲਿਆਂ ਨੂੰ ਵਧਾਇਆ ਜਾਵੇ, ਜਿਸ ਵਿੱਚ ਜਿਸ ਵਿੱਚ ਸਿੱਖਿਆ ਅਤੇ ਸਮਾਜਿਕ ਆਰਥਿਕਤਾ ਪੱਖੋ ਪਿਛੜੇ ਵਰਗਾ ਨੂੰ ਉੱਚ ਸਿੱਖਿਆ ਲਈ ਪਹਿਲ ਦੇ ਆਧਾਰ ਤੇ ਨਾਲ ਜੋੜਿਆ ਜਾਵੇ।
ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਕੀਤੇ ਉਪਰਾਲਿਆ ਦੀ ਪ੍ਰੰਸ਼ਸਾ ਕੀਤੀ, ਜਿਸ ਦੇ ਤਹਿਤ ਉਨ੍ਹਾਂ ਖੇਤਰਾਂ ਵਿੱਚ ਕਾਂਸਟੀਚੁਐਂਟ ਕਾਲਜ ਖੋਲੇ ਗਏ ਹਨ ਜਿਥੇ ਵਿਦਿਆਰਥੀ ਉੱਚ ਸਿੱਖਿਆ ਤੋਂ ਵਾਂਝੇ ਰਹਿ ਰਹੇ ਸਨ। ਵੱਡੀ ਸੰਖਿਆਂ ਵਿੱਚ ਲੜਕੀਆਂ ਇਨ੍ਹਾਂ ਖੇਤਰਾ ਵਿੱਚ ਕਾਲਜ ਨਾ ਹੋਣ ਕਾਰਨ ਉੱਚ ਸਿੱਖਿਆ ਹਾਸਲ ਨਹੀਂ ਕਰ ਪਾ ਰਹੀਆਂ ਸਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਆਉਣ ਵਾਲੇ ਖੇਤਰਾ ਵਿੱਚ ਨਵੇਂ ਵਿਦਿਅਕ ਸੈਸ਼ਨ ਤੋਂ ੪ ਨਵੇਂ ਕਾਂਸਟੀਚੁਐਂਟ ਕਾਲਜ ਖੋਲਣ ਜਾ ਰਹੀ ਹੈ।
ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਪਹਿਲਾ ਤੋਂ ਚਲ ਰਹੇ ਨੈਬਰਹੁਡ ਕੈਂਪਸ ਅਤੇ ਰਿਜਨਲ ਸੈਂਟਰਾਂ ਦੇ ਰਾਹੀਂ ਪੰਜਾਬੀ ਯੂਨੀਵਰਸਿਟੀ ਉਨ੍ਹਾਂ ਦੂਰ-ਦੁਰਾਡੇ ਪੇਂਡੂ ਖੇਤਰਾ ਵਿੱਚ ਸਿੱਖਿਆ ਮੁਹੱਈਆ ਕਰਵਾ ਰਹੀ ਹੈ, ਜਿਥੇ ਕਿ ਉੱਚ ਸਿੱਖਿਆ ਸੁਪਨਾ ਬਣੀ ਹੋਈ ਸੀ। ਹੁਣ ਇਹਨਾ ਸੰਸਥਾਵਾਂ ਵਿੱਚ ੧੫੦੦੦ ਦੇ ਕਰੀਬ ਵਿਦਿਆਰਥੀ ਉੱਚ ਸਿੱਖਿਆ ਹਾਸਿਲ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਨੈਕ ਟੀਮ ਨੇ ਆਪਣੇ ਨਿਰੀਖਣ ਦੌਰੇ ਦੇ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਯੂ.ਜੀ.ਸੀ ਅਤੇ ਐਮ.ਐਚ.ਆਰ.ਡੀ ਨੂੰ ਸਿਫਾਰਿਸ਼ ਕੀਤੀ ਜਾਵੇਗੀ ਕਿ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੇ ਖੇਤਰ ਅਤੇ ਖੇਤਰੀ ਭਾਸ਼ਾ ਦਾ ਡਿਜਿਟਲ ਅਤੇ ਹੋਰ ਮਾਧਿਅਮ ਰਾਹੀ ਪ੍ਰਸਾਰ ਕੀਤਾ ਹੈ ਇਸ ਦੇ ਲਈ ਪੰਜਾਬੀ ਯੂਨੀਵਰਸਿਟੀ ਨੂੰ ਰੋਲ ਮਾਡਲ ਦੇ ਤੌਰ ਤੇ ਐਡਾਪਟ ਕੀਤਾ ਜਾਵੇ।
ਡੀਨ ਅਕਾਦਮਿਕ ਮਾਮਲੇ ਡਾ. ਏ.ਐਸ.ਚਾਵਲਾ ਨੇ ਇਸ ਦੌਰਾਨ ਨੈਕ ਟੀਮ ਵਲੋਂ ਆਪਣੇ ਨਿਰੀਖਣ ਵਿੱਚ ਯੂਨੀਵਰਸਿਟੀ ਦੀ ਮਜ਼ਬੂਤੀ, ਕਮਜੋਰੀ, ਚੁਣੋਤੀਆਂ ਅਤੇ ਦਿੱਤੇ ਸੂਝਾਵਾਂ ਬਾਰੇ ਦੱਸਿਆ। ਡਾ ਚਾਵਲਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਦੀ ਰਿਪੋਰਟਾਂ ਅਤੇ ਗਤੀਵਿਧੀਆ ਹਰ ਤਿੰਨ ਮਹੀਨੇ ਬਾਅਦ ਤਿਆਰ ਕੀਤੀਆਂ ਜਾਣਗੀਆਂ ਤਾਂ ਕਿ ਨੈਕ ਟੀਮ ਦੇ ਆਉਣ ਤੋਂ ਪਹਿਲਾ ਇਨ੍ਹਾਂ ਨੂੰ ਤਿਆਰ ਕਰਨ ਵਿੱਚ ਦੇਰੀ ਨਾ ਹੋਏ। ਨੈਕ ਟੀਮ ਵਲੋਂ ਆਪਣੇ ਨਿਰੀਖਣ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਖੋਜ ਕੰਮਾਂ ਅਤੇ ਵਿਦਿਅਕ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ ਗਈ ਸੀ।
ਰਜਿਸਟਰਾਰ ਡਾ. ਦਵਿੰੰਦਰ ਸਿੰਘ ਨੇ ਕਿਹਾ ਨੈਕ ਟੀਮ ਵਲੋਂ ਪੰਜਾਬੀ ਯੂਨੀਵਰਸਿਟੀ ਨੂੰ ਏ ਗਰੇਡ ਦਿੱਤੇ ਜਾਣ ਦੇ ਨਾਲ ਨਾਲ ਅੰਕਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਸੈਨੇਟ ਦੀ ਮੀਟਿੰਗ ਵਿੱਚ ਬਲਵਿੰਦਰ ਸਿੰਘ ਭੂੰਦੜ ਨੂੰ ਦੂਜੀ ਵਾਰ ਰਾਜ ਸਭਾ ਦਾ ਮੈਂਬਰ ਚੂਣੇ ਜਾਣ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸਾਬਕਾ ਮੈਂਬਰ ਰਾਜ ਸਭਾ ਤਰਲੋਚਨ ਸਿੰਘ, ਪ੍ਰੈਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਵੀਸੀ ਡਾ. ਐਸ.ਐਸ ਜੋਹਲ ਮੌਜੂਦ ਸਨ।

