ਖ਼ਾਲਸਾ ਕਾਲਜ ਪਟਿਆਲਾ ਨੂੰ ਮਿਲਿਆ ਆਟੋਨੌਮਸ ਕਾਲਜ ਦਾ ਦਰਜਾ
ਪਟਿਆਲਾ 17 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਵੀਂ ਦਿੱਲੀ ਵੱਲੋਂ ਆਟੋਨੌਮਸ ਕਾਲਜ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ।
ਇਸ ਮੌਕੇ ‘ਤੇ ਵਿਸ਼ੇਸ਼ ਰੂਪ ਵਿੱਚ ਕੀਤੇ ਗਏ ਵਧਾਈ ਸਮਾਗਮ ਵਿੱਚ ਬੋਲਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ, ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਫਖ਼ਰ ਵਾਲੀ ਗੱਲ ਹੈ ਕਿ ਕਾਲਜ ਨੇ ਇੱਕ ਹੀ ਸਾਲ ਵਿੱਚ ਵੱਡੇ ਮਾਅਰਕੇ ਮਾਰਦੇ ਹੋਇਆ ਪਹਿਲਾਂ ਨੈਕ ਪਾਸੋਂ ‘ਏ ਗ੍ਰੇਡ’ ਪ੍ਰਾਪਤ ਕੀਤਾ, ਫਿਰ ਕਾਲਜ ਵਿਦ ਪੋਟੈਂਸ਼ਿਅਲ ਫਾਰ ਐਕਸੀਲੈਂਸ ਦਾ ਰੁਤਬਾ ਪ੍ਰਾਪਤ ਕੀਤਾ ਅਤੇ ਫਿਰ ਯੂ.ਜੀ.ਸੀ. ਪਾਸੋਂ ਆਟੋਨੌਮਸ ਕਾਲਜ ਦਾ ਦਰਜਾ ਪ੍ਰਾਪਤ ਕਰਕੇ ਇੱਕ ਮੀਲ ਪੱਥਰ ਸਥਾਪਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਲਜ ਇਨਫਰਾਸਟਰਕਚਰ ਵਿੱਚ ਹੋਰ ਸੁਧਾਰ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ, ਪੰਜਾਬ, ਸ੍ਰ.ਸੁਰਜੀਤ ਸਿੰਘ ਰੱਖੜਾ ਨੇ ਇਸ ਮੌਕੇ ‘ਤੇ ਮੁਬਾਰਕਬਾਦ ਦਿੰਦੇ ਹੋਏ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਸਮੁੱਚੇ ਪੰਜਾਬ ਰਾਜ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਚੋਟੀ ਦੇ ਕਾਲਜਾਂ ਵਿੱਚ ਸ਼ਾਮਲ ਹੋਇਆ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਇਹ ਘੋਸ਼ਣਾ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਯੂ.ਜੀ.ਸੀ. ਦੁਆਰਾ ਦਿੱਤੇ ਖੁਦਮੁਖਤਿਆਰ ਰੁਤਬੇ ਦੀ ਤਈਦ ਕਰਦੇ ਹੋਏ ਜਨਰਲ ਸ਼ਿਵਦੇਵ ਸਿੰਘ ਦੀਵਾਨ ਗੁਰਬਚਨ ਸਿੰਘ ਖ਼ਾਲਸਾ ਕਾਲਜ ਪਟਿਆਲਾ ਨੂੰ ਅੱਜ ਤੋਂ ਆਟੋਨੌਮਸ ਕਾਲਜ ਘੋਸ਼ਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਦਾ ਆਟੋਮੌਮਸ ਬਣ ਜਾਣਾ ਭਾਰਤ ਦੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਚੋਟੀ ਦਾ ਰੁਤਬਾ ਹਾਸਲ ਕਰਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਖ਼ਾਲਸਾ ਕਾਲਜ ਪਟਿਆਲਾ ਨੂੰ ਹਰ ਕਿਸਮ ਦੀ ਅਗਵਾਈ ਅਤੇ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਤੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ’ ਆਖਦੇ ਹੋਏ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਮੁੱਚੇ ਰਾਜ ਵਿੱਚ ਉੱਚ ਗੁਣਵੱਤਾ ਵਾਲੀ ਅਤੇ ਸਮੇਂ ਦੇ ਹਾਣ ਦੀ ਸਿੱਖਿਆ ਉਪਲਬਧ ਕਰਵਾਈ ਜਾਵੇ। ਉਨ੍ਹਾਂ ਇਹ ਦੱਸਿਆ ਕਿ ਖੁਦਮੁਖ਼ਤਿਆਰ ਬਣਨ ਉਪਰੰਤ ਕਾਲਜ ਆਪਣੇ ਪੱਧਰ ਤੇ ਨਵੇਂ ਕੋਰਸ ਸ਼ੁਰੂ ਕਰ ਸਕੇਗਾ, ਸਿਲੇਬਸਾਂ ਵਿੱਚ ਸਮੇਂ ਦੇ ਹਾਣ ਦੀਆਂ ਲੋੜੀਂਦੀਆਂ ਤਬਦੀਲੀਆਂ ਕਰ ਸਕੇਗਾ ਅਤੇ ਸਮੁੱਚੀ ਪ੍ਰੀਖਿਆ ਦਾ ਸੰਚਾਲਨ ਆਪਦੇ ਪੱਧਰ ‘ਤੇ ਕਰ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਖੁਦਮੁਖ਼ਤਿਆਰ ਹੋਣ ਉਪਰੰਤ ਵਿਦਿਆਰਥੀਆਂ ਨੂੰ ਡੀ.ਐਮ.ਸੀ.ਅਤੇ ਡਿਗਰੀਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਜਾਰੀ ਕੀਤੀਆਂ ਜਾਣਗੀਆਂ ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰ. ਇੰਦਰਮੋਹਨ ਸਿੰਘ ਬਜਾਜ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਟਿਆਲਾ,ਡਾ. ਏ.ਐਸ. ਚਾਵਲਾ, ਡੀਨ ਅਕਾਦਮਿਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ,ਡਾ. ਦਵਿੰਦਰ ਸਿੰਘ,ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ. ਰਜਿੰਦਰਪਾਲ ਸਿੰਘ ਬਰਾੜ,ਐਡੀਸ਼ਨਲ ਡੀਨ ਕਾਲਜ, ਪੰਜਾਬੀ ਯੂਨੀਵਰਸਿਟੀ, ਪਟਿਆਲਾ,ਡਾ. ਮਨਜੀਤ ਸਿੰਘ,ਸਾਬਕਾ ਰਜਿਸਟਰਾਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ,ਡਾ. ਜੇ.ਏ.ਖਾਨ,ਸਾਬਕਾ ਡੀਨ ਕਾਲਜਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ,ਡਾ. ਸਤੀਸ਼ ਵਰਮਾ,ਸਾਬਕਾ ਡਾਇਰੈਕਟਰ, ਯੂਥ ਵੈੱਲਫੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ,ਡਾ. ਜੇ.ਐਸ. ਪਸਰੀਚਾ,ਸਾਬਕਾ ਡੀਨ ਰਿਸਰਚ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ੍ਰ. ਰਣਧੀਰ ਸਿੰਘ ਰੱਖੜਾ,ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਪਟਿਆਲਾ,ਸ੍ਰ. ਮਨਜੀਤ ਸਿੰਘ, ਸੈਕਟਰੀ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰ. ਇੰਦਰਮੋਹਨ ਸਿੰਘ ਬਜਾਜ,ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਪਟਿਆਲਾ,ਸ੍ਰ. ਬਲਵਿੰਦਰ ਸਿੰਘ ਜੋੜਾਸਿੰਘਾਂ,ਐਡੀਸ਼ਨਲ ਸੈਕਟਰੀ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਡਾ. ਕੇ.ਐਸ.ਬੱਲ,ਪ੍ਰਿੰਸੀਪਲ, ਗੁਰੂ ਨਾਨਕ ਕਾਲਜ, ਬੁਢਲਾਢਾ,ਡਾ. ਕਸ਼ਮੀਰ ਸਿੰਘ,ਪ੍ਰਿੰਸੀਪਲ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ,ਡਾ. ਰਮਨਜੀਤ ਕੌਰ,ਪ੍ਰਿੰਸੀਪਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਗਰਲਜ਼ ਕਾਲਜ,ਕਰਹਾਲੀ ਸਾਹਿਬ,ਸ੍ਰ. ਹਰਮੇਲ ਸਿੰਘ ਟੌਹੜਾ,ਐਡੀਸ਼ਨਲ ਸੈਕਟਰੀ, ਕਾਲਜ ਮੈਨੇਜਿੰਗ ਕਮੇਟੀ ਵੀ ਹਾਜ਼ਰ ਸਨ। ਕਾਲਜ ਦੇ ਸਮੁੱਚੇ ਸਟਾਫ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਦੇ ਹੋਏ ਅਥਾਹ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਸ ਕਾਲਜ ਨੂੰ ਹੋਰ ਬੁਲੰਦੀਆਂ ‘ਤੇ ਲਿਜਾਣ ਲਈ ਅੱਗੇ ਤੋਂ ਹੋਰ ਦਿਲ ਤੋੜ ਮਿਹਨਤ ਕੀਤੀ ਜਾਵੇਗੀ।

