ਮੱਧ ਪ੍ਰਦੇਸ਼ ਵਿੱਚ ਬੁੱਢਾ ਦਲ ਵੱਲੋਂ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਗੁਰਮਤਿ ਸਮਾਗਮ ਹੋਣਗੇ
ਵੱਖ-ਵੱਖ ਸ਼ਹਿਰਾਂ ਵਿੱਚ ਫ਼ਤਿਹ ਮਾਰਚ ਹੋਵੇਗਾ
ਅੰਮ੍ਰਿਤਸਰ:-6 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਜਥੇਦਾਰ ਅਤੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਦੀ ਦੂਸਰੀ ਸ਼ਹੀਦੀ ਸ਼ਤਾਬਦੀ ਅਤੇ ਬੁੱਢਾ ਦਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਚੱਲ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਮੱਧ ਪ੍ਰਦੇਸ਼ ਪ੍ਰਾਂਤ ਵਿੱਚ ਵੱਖ-ਵੱਖ ਥਾਵਾਂ ਪੁਰ ਮਹਾਨ ਨਗਰ ਕੀਰਤਨ ਤੇ ਗੁਰਮਤਿ ਸਮਾਗਮ ਹੋਣਗੇ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਗੁਰੂ ਸਾਹਿਬਾਨ ਦੇ ਪੁਰਾਤਨ ਇਤਿਹਾਸਕ ਦੁਰਲੱਭ ਸ਼ਸਤਰਾਂ ਦੇ ਦਰਸ਼ਨ ਕਰਵਾਉਣ ਲਈ ਜਥੇਦਾਰ ਬਾਬਾ ਬਲਬੀਰ ਸਿੰਘ ਮੱਧ ਪ੍ਰਦੇਸ਼ ਨੂੰ ਜਾਣਗੇ। 17 ਨਵੰਬਰ ਨੂੰ ਨਾਗਪੁਰ ਹਵਾਈ ਅੱਡੇ ਤੇ ਨਾਗਪੁਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਸ਼ਸਤਰਾਂ ਅਤੇ ਬੁੱਢਾ ਦਲ ਦੇ ਮੁਖੀ ਦਾ ਪੁਰਜ਼ੋਰ ਸਵਾਗਤ ਗਾਜਿਆਂ ਵਾਜਿਆਂ ਨਾਲ ਕਰਨਗੀਆਂ। ਏਅਰਪੋਰਟ ਤੋਂ ਫਤਿਹ ਮਾਰਚ ਨਗਰ ਕੀਰਤਨ ਦੇ ਰੂਪ ਵਿੱਚ ਸਾਰੀ ਸੰਗਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਾਂਮਠੀ ਰੋਡ ਨਾਗਪੁਰ ਵਿਖੇ ਪੁਜੇਗੀ ਜਿੱਥੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੂੰ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਹੋਏ ਪੁਰਾਤਨ ਇਤਿਹਾਸਕ ਦੁਰਲੱਭ ਸ਼ਸਤਰਾਂ ਦੇ ਇਤਿਹਾਸਕ ਪਰਿਪੇਖ ਤੋਂ ਸੰਗਤਾਂ ਨੁੰ ਜਾਣੂੰ ਕਰਵਾਉਣਗੇ। ਏਥੋਂ ਇਹ ਅਗਲੇ ਪੜਾਅ ਹਜ਼ੂਰ ਸਾਹਿਬ ਵਿਖੇ ਪੁਜੇਗਾ।
ਉਨ੍ਹਾਂ ਦਸਿਆ ਕਿ ਸਿੰਘ ਸਾਹਿਬ ਜਥੇਦਾਰ ਗਿਆਨੀ ਕੁਲਵੰਤ ਸਿੰਘ ਜੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੇ ਪੰਜ ਪਿਆਰੇ ਸਾਹਿਬਾਨ, ਗੁ: ਸੱਚਖੰਡ ਬੋਰਡ ਤੇ ਸ. ਇੰਦਰਪਾਲ ਸਿੰਘ ਫੌਜੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੁੱਢਾ ਦਲ ਦਾ ਸਾਜਨਾ ਦਿਵਸ ਅਤੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਚੱਲ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨੰਦੇੜ ਵਿਖੇ 18 ਨਵੰਬਰ ਨੂੰ ਅਖੰਡ ਪਾਠ ਅਰੰਭ ਹੋਣਗੇ। ਜਿਸ ਦੇ ਭੋਗ 20 ਨਵੰਬਰ ਨੂੰ ਸਵੇਰੇ 8 ਵਜੇ ਪੈਣਗੇ। ਰਾਤ ਨੂੰ 8:30 ਵਜੇ ਤੋਂ 12 ਵਜੇ ਤੀਕ ਮਹਾਨ ਕੀਰਤਨ ਦਰਬਾਰ ਹੋਵੇਗਾ। ਰਾਤ ਨੂੰ 8:30 ਵਜੇ ਤੋਂ 12 ਵਜੇ ਮਹਾਨ ਕੀਰਤਨ ਦਰਬਾਰ ਹੋਵੇਗਾ ਅਤੇ ਇਤਿਹਾਸਕ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ। 21 ਨਵੰਬਰ ਨੂੰ ਸਵੇਰੇ 7 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਇਤਿਹਾਸਕ ਨਿਸ਼ਾਨ ਨਿਗਾਰਿਆਂ ਦੀ ਤਾਬਿਆਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ, ਗੁਰਦੁਆਰਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਗੁਰਦੁਆਰਾ ਲੰਗਰ ਸਾਹਿਬ, ਗੁਰਦੁਆਰਾ ਨਗੀਨਾ ਘਾਟ ਤੀਕ ਜਾਵੇਗਾ ਉਪਰੰਤ ਮੋਟਰ ਸਾਇਕਲਾਂ ਕਾਰਾਂ ਬੱਸਾਂ ਰਾਹੀਂ ਇਹ ਮਾਰਚ ਦੇਗਲੂਰ ਰਾਹੀਂ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਵਿਖੇ ਪੁਜੇਗਾ। 22 ਨਵੰਬਰ ਨੂੰ ਸਵੇਰੇ 8 ਵਜੇ ਏਥੋਂ ਚੱਲ ਕੇ ਪੁਰਾਤਨ ਗੁ: ਸਾਹਿਬ ਆਸ਼ਾ ਸਿੰਘ ਬਾਗ਼ ਸ਼ਹੀਦ ਸਿੰਘਾਂ, ਗੁ: ਸ਼ਹੀਦ ਬਾਬਾ ਅਲਬੇਲ ਸਿੰਘ ਸਿੱਖ ਛਾਉਣੀ, ਗੁ: ਚਾਰਮਹਿਲ ਸਾਹਿਬ, ਗੁ: ਅਫਜਗੰਜ ਸਾਹਿਬ, ਸੈਂਟਰਲ ਗੁ: ਸਾਹਿਬ ਗਾਵਲੀਗੁੜਾ, ਗੁ: ਅਮੀਰਪੇਟ ਸਾਹਿਬ ਤੋਂ ਸਿੰਕਦਰਾਬਾਦ ਵਿਖੇ ਸਮਾਪਤ ਹੋਵੇਗਾ। ਪੜਾਅ ਵਾਲੇ ਸਾਰੇ ਅਸਥਾਨਾਂ ਦੇ ਗੁ: ਸਾਹਿਬ ਵਿਖੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਜਾਣਗੇ।

