ਵਰਲਡ ਯੂਨੀਵਰਸਿਟੀ ਵਿਖੇ ਦੀਵਾਲੀ ਮੇਲਾ ਆਯੋਜਿਤ
ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗਡ਼੍ਹ ਸਾਹਿਬ ਵਿਖੇ ਵਿਦਿਆਰਥੀਆਂ ਅਤੇ ਸਟਾਫ ਵਲੋਂ ਪੂਰੇ ਉਤਸ਼ਾਹ ਨਾਲ ਦੀਵਾਲੀ ਮੇਲਾ ਮਨਾਇਆ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਅਜਾਇਬ ਸਿੰਘ ਬਰਾੜ ਅਤੇ ਵਾਈਸ-ਚਾਂਸਲਰ, ਡਾ ਪ੍ਰਿਤਪਾਲ ਸਿੰਘ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਬੰਦੀ ਛੋੜ ਦਿਹਾੜੇ ਅਤੇ ਦੀਵਾਲੀ ਦੀ ਮੁਬਾਰਕਬਾਦ ਤੇ ਸ਼ੁਭਕਾਮਨਾਵਾਂ ਦਿੱਤੀਆਂ। ਮੇਲੇ ਦਾ ਉਦਘਾਟਨ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਕੀਤਾ। ਉਹਨਾਂ ਮੇਲੇ ਵਿਚ ਹਿੱਸਾ ਲੈਣ ਵਾਲੇ ਸਟਾਫ ਅਤੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਆਖਿਆ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੇ ਇਸ ਮੇਲੇ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਉਹਨਾਂ ਕਿਹਾ ਕਿ ਕੁਝ ਲੋਕਾਂ ਦੇ ਸ਼ਰਾਰਤ ਵਜੋਂ ਇਸ ਮੌਕੇ ਗ਼ਲਤ ਤਰੀਕੇ ਵਰਤਣ ਨਾਲ ਅਤੇ ਪਟਾਕਿਆਂ ਨਾਲ ਵਾਤਾਵਰਨ ਦਾ ਵੱਡੇ ਪੱਧਰ ਤੇ ਪ੍ਰਦੂਸ਼ਣ ਹੁੰਦਾ ਹੈ ਅਤੇ ਜਾਨ ਮਾਲ ਦੀ ਹਾਨੀ ਵੀ ਹੁੰਦੀ ਹੈ, ਜਿਸ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ।
ਸਾਨੂੰ ਚਾਹੀਦਾ ਹੈ ਕਿ ਅਸੀਂ ਦੀਵਾਲੀ ਅਜਿਹੇ ਢੰਗ ਨਾਲ ਮਨਾਈਏ ਕਿ ਸਾਡੇ ਵਾਤਾਵਰਨ ਦਾ ਸੰਤੁਲਨ ਕਾਇਮ ਰਹੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਤਿਉਹਾਰ ਨੂੰ ਮਨਾਉਣ ਦੇ ਕਾਬਲ ਰਹਿ ਸਕਣ। ਉਹਨਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਅਕਾਦਮਿਕਤਾ ਦੇ ਨਾਲ-ਨਾਲ ਸਹਿ-ਅਕਾਦਮਿਕ ਗਤੀਵਿਧੀਆਂ ਦਾ ਖਾਸ ਸਥਾਨ ਹੁੰਦਾ ਹੈ। ਕਿਉਂਕਿ ਇਸ ਤਰਾਂ ਦੇ ਮੇਲੇ ਨਵੀ ਪੀੜ੍ਹੀ ਨੂੰ ਅਪਣੇ ਸੱਭਿਆਚਾਰ ਨਾਲ ਜੋੜੀ ਰੱਖਦੇ ਹਨ। ਮੇਲੇ ਅੰਦਰ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਤੀਹ ਦੇ ਲਗਪਗ ਸਟਾਲਾਂ ਲਗਾਈਆਂ ਗਈਆਂ ਜਿੱਥੇ ਪੰਜਾਬੀ ਸੱਭਿਆਚਾਰਕ ਖਾਣ-ਪਾਣ ਅਤੇ ਦੀਵਾਲੀ ਮੌਕੇ ਲੋੜੀਂਦੀਆਂ ਵਸਤਾਂ ਦੀ ਖ਼ਰੀਦੋ ਫ਼ਰੋਖਤ ਹੋਈ। ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਸੱਭਿਆਚਾਰਕ ਸੰਗੀਤ, ਨਾਟਕ, ਪ੍ਰਦਰਸ਼ਨੀਆਂ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਗੱਤਕੇ ਦਾ ਪ੍ਰਦਰਸ਼ਨ ਖਾਸ ਆਕਰਸ਼ਣ ਦਾ ਕੇਂਦਰ ਰਿਹਾ। ਇਸ ਮੌਕੇ ਮੇਲੇ ਦੇ ਆਯੋਜਨ ਲਈ ਡੀਨ ਵਿਦਿਆਰਥੀ ਭਲਾਈ, ਡਾ ਸਿਕੰਦਰ ਸਿੰਘ ਨੇ ਪੂਰੀ ਟੀਮ ਨੂੰ ਮੁਬਾਰਕ ਦਿੱਤੀ ਅਤੇ ਧੰਨਵਾਦ ਕੀਤਾ।

