ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ਮਨਾਈ ਗਈ ‘ਗ੍ਰੀਨ ਦੀਵਾਲੀ”’
ਅੰਮ੍ਰਿਤਸਰ, 14 ਨਵੰਬਰ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ, ਰਣਜੀਤ ਐਵੀਨਿਊ ਵਿਖੇ ਰੌਸ਼ਨੀਆਂ ਦਾ ਤਿਉਹਾਰ ‘ਦੀਵਾਲੀ’ ਦੀਆਂ ਖੁਸ਼ੀਆਂ ਨੂੰ ਫੈਕਲਟੀ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਗ੍ਰੀਨ ਦੀਵਾਲੀ ਨਾਲ ਮਨਾ ਕੇ ਸਾਂਝਾ ਕੀਤਾ ਗਿਆ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਮੰਜੂ ਬਾਲਾ ਨੇ ਕਿਹਾ ਕਿ ਅੱਜ-ਕੱਲ੍ਹ ਵੱਧ ਰਿਹਾ ਹਵਾ ਪ੍ਰਦੂਸ਼ਣ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਹਵਾ ਗੁਣਵੱਤਾ ਸੂਚਕ ਅੰਕ ਦਿਨ-ਬ-ਦਿਨ ਖਰਾਬ ਹੋਣ ਕਾਰਨ ਸਾਹ ਲੈਣ ’ਚ ਤਕਲੀਫ਼ ਅਤੇ ਹੋਰ ਸਿਹਤ ਸਮੱਸਿਆਵਾਂ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਧੁਨਿਕੀਕਰਨ ਨੇ ਸਾਡੇ ਇਸ ਰਵਾਇਤੀ ਤਿਉਹਾਰ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਟਾ ਕੇ ਚਲਾ ਕੇ ਅਸੀਂ ਦੂਸਰਿਆਂ ਦੀ ਜ਼ਿੰਦਗੀ ’ਚ ਰੌਸ਼ਨੀ ਨਹੀਂ ਫੈਲਾ ਰਹੇ, ਸਗੋਂ ਵਾਤਾਵਰਨ ’ਚ ਪ੍ਰਦੂਸ਼ਣ ਫੈਲਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਹਰੀ ਦੀਵਾਲੀ ਮਨਾਉਣ ਦਾ ਮਨੋਰਥ ਵਿਦਿਆਰਥੀਆਂ ’ਚ ਸਿਹਤਮੰਦ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਇਕ ਜ਼ਿੰਮੇਵਾਰ ਇਨਸਾਨ ਵਜੋਂ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਸਾਫ਼-ਸੁਥਰੇ ਅਤੇ ਹਰਿਆ ਭਰਿਆ ਵਾਤਾਵਰਣ ਲਈ ਯਤਨਸ਼ੀਲ ਹੋਵੇ। ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਮਿੱਟੀ ਦੇ ਦੀਵੇ ਜਗਾਉਣ ਦਾ ਉਦੇਸ਼ ਸੰਸਾਰ ’ਚ ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣਾ ਅਤੇ ਹਨੇਰੇ ਨੂੰ ਦੂਰ ਕਰਨਾ ਸੀ। ਇਸ ਮੌਕੇ ਵਿਦਿਆਰਥੀਆਂ ਨੇ ਹਰੀ ਦੀਵਾਲੀ ਦੀ ਥੀਮ ’ਤੇ ਰੰਗੋਲੀ, ਸਜਾਵਟੀ ਥਾਲੀਆਂ, ਸਜਾਵਟੀ ਦੀਵੇ ਅਤੇ ਕਾਰਡ ਮੇਕਿੰਗ ਦੇ ਵੱਖ-ਵੱਖ ਮੁਕਾਬਲਿਆਂ ’ਚ ਭਾਗ ਲਿਆ। ਉਪਰੰਤ ਡਾ. ਮੰਜ਼ੂ ਬਾਲਾ ਨੇ ਜੇਤੂਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੇ ਮਿੱਟੀ ਦੇ ਦੀਵੇ ਜਗਾਏ ਅਤੇ ‘ਕਰੈਕਰ ਫ੍ਰੀ-ਗ੍ਰੀਨ ਦੀਵਾਲੀ’ ਮਨਾਉਣ ਦਾ ਪ੍ਰਣ ਲਿਆ।

