ਬੁੱਢਾ ਦਲ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੱਜ ਮਹੱਲਾ ਕੱਢਿਆ ਜਾਵੇਗਾ
ਗੁਰੂ ਕੀਆਂ ਸੰਗਤਾਂ ਮਹੱਲੇ ਵਿੱਚ ਹੁੰਮਹੁੰਮਾ ਕੇ ਪੁੱਜਣ
ਸੁਲਤਾਨਪੁਰ ਲੋਧੀ:- 27 ਨਵੰਬਰ (ਮਧੂਸਾਰ ਬਿਊਰੋ) ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮਹੱਲਾ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਮਹੱਲੇ ਦੀ ਰਵਾਇਤ ਦਸਮ ਪਾਤਸ਼ਾਹ ਸਿੰਘ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਅਰੰਭ ਕੀਤੀ ਸੀ ਜਿਸ ਨੂੰ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜ਼ਾਂ ਅੱਜ ਤੀਕ ਇਨਬਿਨ ਮਹੱਲੇ ਦੇ ਰੂਪ ਵਿੱਚ ਮਹੱਤਵਪੂਰਨ ਦਿਨ ਦਿਹਾੜੇ, ਗੁਰਪੁਰਬਾਂ ਤੇ ਮਨਾਉਂਦੀਆਂ ਰਹੀਆਂ ਹਨ। ਇਸ ਮੌਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 554ਵਾਂ ਪ੍ਰਕਾਸ਼ ਗੁਰਪੁਰਬ ਸੁਲਤਾਨਪੁਰ ਲੋਧੀ ਤੋਂ ਇਲਾਵਾ ਸਮੁੱਚੇ ਵਿਸ਼ਵ ਵਿੱਚ ਸਿੱਖ ਜਗਤ ਵੱਲੋਂ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਸੰਸਾਰ ਪੱਧਰ ਤੇ ਜਿੱਥੇ ਵੀ ਦਸਮ ਪਾਤਸ਼ਾਹ ਦੀਆਂ ਫੌਜ਼ਾਂ ਵਸਦੀਆਂ ਹਨ ਉਥੇ ਹੀ ਮਹਾਨ ਗੁਰਪੁਰਬਾਂ ਤੋਂ ਇਲਾਵਾ ਮਹਾਨ ਗੁਰੂ ਘਰ ਦੇ ਸਿੱਖ ਜਰਨੈਲਾਂ, ਸ਼ਹੀਦਾਂ, ਭਗਤਾਂ, ਦੇ ਦਿਹਾੜੇ ਮਨਾਏ ਜਾਂਦੇ ਹਨ। ਅੱਜ ਸਾਡੇ ਧੰਨ ਭਾਗ ਹਨ ਕਿ ਅਸੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 554 ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ।ਉਨ੍ਹਾਂ ਕਿਹਾ ਭਾਵੇਂ ਸਿੱਖੀ ਪ੍ਰਚਾਰ ਤੇ ਸਿੱਖੀ ਸਰੂਪ ਨੂੰ ਅਨੇਕਾਂ ਚਨੌਤੀਆਂ ਹਨ ਪਰ ਫਿਰ ਵੀ ਗੁਰੂ ਦੇ ਸਿੰਘ ਆਪਣੇ ਪਹਿਰੇ ਤੇ ਡੱਟ ਕੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕਿਹਾ ਸਿੱਖ ਪੰਥ ਮਾਰੂ ਸ਼ਕਤੀਆਂ ਪੰਥ ਨੂੰ ਕਮਜ਼ੋਰ ਕਰਨ ਦੀ ਤਾਕ ਵਿਚ ਹਨ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਵਿਰੋਧ ਕੇਵਲ ਕਰਨਾ ਨਿਜੀ ਵਫਾਦ ਕਾਰਨ ਵਿਰੋਧ ਕਰਨਾ ਬੁਜ਼ਦਿਲਾਂ ਤੇ ਕਮਜ਼ੋਰ ਮਨੁੱਖਾਂ ਦੀ ਨਿਸ਼ਾਨੀ ਹੈ। ਮਹੱਲਾ ਖਾਲਸਾਈ ਸਿੱਖ ਸਿੱਖੀ ਭਾਵਨਾ ਨੂੰ ਉਜ਼ਾਗਰ ਕਰਦਾ ਸਿੱਖ ਪਰੰਪਰਾ ਅਨੁਸਾਰ ਆਪਣੇ ਮਨੋਰਥਾਂ ਦੀ ਪੂਰਤੀ ਕਰਦਾ। ਬੁੱਢਾ ਦਲ ਵੱਲੋਂ ਪੀਰ ਗ਼ੈਬਸ਼ਾਹ ਛਾਉਣੀ ਬੁੱਢਾ ਦਲ ਤੋਂ ਮਹੱਲਾ ਕੱਢਿਆ ਜਾਵੇਗਾ ਜਿਸ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਤੇ ਅਕਾਲੀ ਫੌਜ਼ਾਂ ਵੱਧ ਚੜ੍ਹ ਕੇ ਸਮੂਲੀਅਤ ਕਰਨਗੀਆਂ। ਉਨ੍ਹਾਂ ਅਪੀਲ ਕੀਤੀ ਕਿ ਪੁਰਾਤਨ ਪਰੰਪਰਾ ਅਨੁਸਾਰ ਗੁਰੂ ਦੀਆਂ ਸਿੱਖ ਸੰਗਤਾਂ ਗੁਰੂ ਦੀਆਂ ਲਾਡਲੀਆਂ ਫੌਜ਼ਾਂ ਦੇ ਕਰਤਵਾਂ ਤੇ ਦਰਸ਼ਨ ਕਰਨ ਲਈ ਹੁੰਮਹੁੰਮਾ ਕੇ ਨਿਰਭੈ ਅਵਸਥਾ ਵਿੱਚ ਪੁੱਜਣ।

