ਭਾਰਤੀ ਕੁਸ਼ਤੀ ਸੰਘ ਦੀਆਂ ਚੋਣਾਂ: ਬ੍ਰਿਜ ਭੂਸ਼ਨ ਦਾ ਵਫ਼ਾਦਾਰ ਸੰਜੈ ਸਿੰਘ ਬਣਿਆ ਪ੍ਰਧਾਨ
ਨਵੀਂ ਦਿੱਲੀ, 21 ਦਸੰਬਰ (ਮਧੂਸਾਰ ਬਿਊਰੋ) 11 ਮਹੀਨਿਆਂ ਤੋਂ ਵਿਵਾਦਾਂ ‘ਚ ਘਿਰੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੀਆਂ ਅੱਜ ਹੋਈਆਂ ਚੋਣਾਂ ਵਿੱਚ ਸੰਜੈ ਸਿੰਘ ਪ੍ਰਧਾਨ ਚੁਣੇ ਗਏ। 12 ਸਾਲਾਂ ਬਾਅਦ ਫੈਡਰੇਸ਼ਨ ਨੂੰ ਨਵਾਂ ਪ੍ਰਧਾਨ ਮਿਲਿਆ ਹੈ। ਸਾਬਕਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਇਸ ਵਾਰ ਚੋਣ ਨਹੀਂ ਲੜਿਆ ਤੇ ਉਹ ਤਿੰਨ ਵਾਰ ਇਸ ਅਹੁਦੇ ਲਈ ਚੁਣਿਆਂ ਗਿਆ ਸੀ ਪਰ ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ਬ੍ਰਿਜ ਭੂਸ਼ਨ ਦਾ ਵਫ਼ਾਦਾਰ ਸੰਜੈ ਸਿੰਘ ਚੋਣ ਲੜਿਆ। ਉਸ ਦਾ ਮੁਕਾਬਲਾ ਰਾਸ਼ਟਰਮੰਡਲ ਚੈਂਪੀਅਨ ਅਨੀਤਾ ਸ਼ਿਓਰਾਨ ਨਾਲ ਸੀ। ਸੰਜੈ, ਜੋ ਯੂਪੀ ਕੁਸ਼ਤੀ ਐਸੋਸੀਏਸ਼ਨ ਦੇ ਉਪ ਪ੍ਰਧਾਨ ਹੈ, ਨੇ 40 ਵੋਟਾਂ ਹਾਸਲ ਕੀਤੀਆਂ ਜਦਕਿ ਉਸ ਦੀ ਵਿਰੋਧੀ ਅਨੀਤਾ ਸ਼ਿਓਰਾਨ ਨੂੰ ਸੱਤ ਵੋਟਾਂ ਮਿਲੀਆਂ। ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਪੈਨਲ ਸਕੱਤਰ ਜਨਰਲ ਦਾ ਅਹੁਦਾ ਜਿੱਤਣ ਵਿੱਚ ਕਾਮਯਾਬ ਰਿਹਾ। ਇਸ ਅਹੁਦੇ ਲਈ ਪ੍ਰੇਮ ਚੰਦ ਲੋਚਬ ਨੇ ਦਰਸ਼ਨ ਲਾਲ ਨੂੰ ਹਰਾਇਆ। ਚੋਣਾਂ ਦਾ ਨਤੀਜਾ ਬਜਰੰਗ ਪੂਨੀਆ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਲਈ ਝਟਕਾ ਹੈ, ਕਿਉਂਕਿ ਬ੍ਰਿਜ ਭੂਸ਼ਨ ਵਿਰੁੱਧ ਉਨ੍ਹਾਂ ਦਾ ਵਿਰੋਧ ਬੇਕਾਰ ਹੋ ਗਿਆ ਹੈ ਕਿਉਂਕਿ ਉਹ ਉਸ ਨੂੰ ਹਟਾਉਣਾ ਚਾਹੁੰਦੇ ਸਨ ਪਰ ਹੁਣ ਉਸ ਦਾ ਵਫ਼ਦਾਰ ਸੰਜੈ ਸਿੰਘ ਪ੍ਰਧਾਨਗੀ ਸੰਭਾਲੇਗਾ।

