ਚੰਡੀਗੜ੍ਹਪੰਜਾਬਪਟਿਆਲਾ

ਖੋਜ-ਪਤ੍ਰਿਕਾ ਸੰਗਤ ਅਰਪਣ ਨਾਲ ਵਰਲਡ ਯੂਨੀਵਰਸਿਟੀ ਵਿਖੇ ਸ਼ਹੀਦੀ ਸਭਾ ਨੂੰ ਸਮਰਪਿਤ ਪੁਸਤਕ ਮੇਲੇ ਦੀ ਹੋਈ ਸ਼ੁਰੂਆਤ

ਫਤਿਹਗੜ੍ਹ ਸਾਹਿਬ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ਸਾਹਿਬਜ਼ਾਦਾ ਜੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਪੁਸਤਕ ਮੇਲੇ ਦਾ ਆਗਾਜ਼ ਕੀਤਾ ਗਿਆ। ਪੁਸਤਕ ਮੇਲੇ ਦੇ ਉਦਘਾਟਨ ਸਮੇਂ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਜਾਂਦੀ ਖੋਜ-ਪਤ੍ਰਿਕਾ ‘ਜਰਨਲ ਆਫ ਰਿਲੀਜਨ ਐਂਡ ਸਿੱਖ ਸਟਡੀਜ’ ਦਾ ਨੌਵਾਂ ਅੰਕ ਸੰਗਤ ਅਰਪਣ ਕੀਤਾ ਗਿਆ।

ਇਸ ਮੌਕੇ ਵਾਇਸ-ਚਾਂਸਲਰ, ਪ੍ਰੋਫੈਸਰ ਪਰਿਤ ਪਾਲ ਸਿੰਘ ਨੇ ਆਖਿਆ ਕਿ ਸਿੱਖ ਸੰਗਤਾਂ ਵਿੱਚ ਪੁਸਤਕ ਸੱਭਿਆਚਾਰ ਵਧਾਉਣ ਲਈ ਯੂਨੀਵਰਸਿਟੀ ਵੱਲੋਂ ਤਿੰਨ ਰੋਜ਼ਾ ਪੁਸਤਕ ਮੇਲਾ ਰੱਖਿਆ ਗਿਆ ਹੈ। ਉਹਨਾਂ ਦੱਸਿਆ ਕਿ ਇਸ ਪੁਸਤਕ ਮੇਲੇ ਵਿੱਚ 30 ਵੱਖ ਵੱਖ ਪ੍ਰਕਾਸ਼ਕ ਅਤੇ ਪੁਸਤਕ ਵਿਕਰੇਤਾ ਸ਼ਾਮਿਲ ਹੋ ਰਹੇ ਹਨ ਜਿਨਾਂ ਵੱਲੋਂ ਉਚੇਚੇ ਤੌਰ ਤੇ ਗੁਰਬਾਣੀ, ਗੁਰਮਤਿ ਸਿਧਾਂਤ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਪੁਸਤਕਾਂ ਵਿਸ਼ੇਸ਼ ਰਿਆਇਤ ਸਹਿਤ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਿਲਿੰਗ, ਡੀਨ ਅਕਾਦਮਿਕ ਮਾਮਲੇ ਨੇ ਦੱਸਿਆ ਕਿ ਪਿਛਲੇ ਸਾਲ 20 ਪ੍ਰਕਾਸ਼ਕਾਂ ਨਾਲ ਸ਼ੁਰੂ ਕੀਤਾ ਇਹ ਪੁਸਤਕ ਮੇਲਾ ਇਸ ਵਾਰ ਗਿਣਤੀ ਅਤੇ ਮਿਆਰ ਪੱਖੋਂ ਵਧਾਇਆ ਗਿਆ ਹੈ। ਉਹਨਾਂ ਨੇ ਸੰਗਤ ਨੂੰ ਪੁਸਤਕ ਮੇਲੇ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਆਪਣੇ ਮਹਾਨ ਵਿਰਸੇ ਬਾਰੇ ਸਾਹਿਤ ਖਰੀਦਣ ਦੀ ਗੁਜ਼ਾਰਿਸ਼ ਕਰਦਿਆਂ ਆਖਿਆ ਕਿ ਸ਼ਬਦ ਗੁਰੂ ਦਾ ਸਿਧਾਂਤ ਮੰਨਣ ਵਾਲੇ ਸਿੱਖਾਂ ਅਤੇ ਪੰਜਾਬੀਆਂ ਲਈ ਪੁਸਤਕ ਸੱਭਿਆਚਾਰ ਦਾ ਖਾਸ ਮਹੱਤਵ ਹੈ।

ਡੀਨ ਵਿਦਿਆਰਥੀ ਭਲਾਈ ਡਾਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਸਤਕ ਮੇਲੇ ਦੇ ਨਾਲ ਨਾਲ ਯੂਨੀਵਰਸਟੀ ਵੱਲੋਂ ਫਿਜਿਓਥਰੈਪੀ ਕੈਂਪ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਡਾਕੂਮੈਂਟਰੀ ਫਿਲਮਾਂ ਵਿਖਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਅੱਜ ਜਾਰੀ ਕੀਤੀ ਗਈ ਖੋਜ-ਪਤ੍ਰਿਕਾ ਦੇ ਸੰਪਾਦਕ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ ਹਰਦੇਵ ਸਿੰਘ ਨੇ ਦੱਸਿਆ ਕਿ ਖੋਜ-ਪਤ੍ਰਿਕਾ ਦੇ ਇਸ ਅੰਕ ਵਿੱਚ ਬਰਤਾਨਵੀ ਸਾਮਰਾਜੀ ਦੌਰ ਵਿੱਚ ਪੰਜਾਬ ਅਤੇ ਸਿੱਖ ਪੰਥ ਦੇ ਧਾਰਮਿਕ, ਰਾਜਨੀਤਿਕ, ਭਾਖਾਈ ਅਤੇ ਆਰਥਿਕ ਆਦਿ ਵੱਖ ਵੱਖ ਪੱਖਾਂ ਅਤੇ ਇਸ ਸਮੇਂ ਚੱਲੀਆਂ ਸੁਧਾਰ ਲਹਿਰਾਂ ਨਾਲ ਸੰਬੰਧਿਤ ਮੁਲਵਾਨ ਖੋਜ ਪਰਚੇ ਸ਼ਾਮਿਲ ਕੀਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਪ੍ਰੋਫੈਸਰ ਕਿਰਨਪ੍ਰੀਤ ਸਿੰਘ, ਪੰਜਾਬੀ ਵਿਭਾਗ, ਸਹਾਇਕ ਪ੍ਰੋਫੈਸਰ, ਜਸਵੀਰ ਸਿੰਘ, ਧਰਮ ਅਧਿਐਨ ਵਿਭਾਗ ਅਤੇ ਪ੍ਰੋਫੈਸਰ ਬੀਰ ਵਿਕਰਮ ਸਿੰਘ ਰਿਮਟ ਯੂਨੀਵਰਸਿਟੀ ਵੀ ਹਾਜਰ ਸਨ।

Leave a Reply

Your email address will not be published. Required fields are marked *