ਪੰਜਾਬਪਟਿਆਲਾ

ਸਰਕਾਰੀ ਕਾਲਜਾਂ ‘ਚ 1 ਹਜ਼ਾਰ ਅਧਿਆਪਕਾਂ ਦੀ ਭਰਤੀ ਕਾਨੂੰਨੀ ਰੁਕਾਵਟਾਂ ਕਰਕੇ ਲਟਕੀ : ਐਮ. ਪੀ. ਅਰੋੜਾ

ਉਚ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਨੇ ਕੀਤਾ ਮਹਿੰਦਰਾ ਕਾਲਜ ਤੇ ਸਰਕਾਰੀ ਕਾਲਜ ਲੜਕੀਆਂ ਦਾ ਦੌਰਾ
ਪਟਿਆਲਾ, 3 ਅਪ੍ਰੈਲ (ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਉਚ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਐਮ. ਪੀ. ਅਰੋੜਾ ਨੇ ਕਿਹਾ ਕਿ ਸੂਬੇ ਦੇ ਕਾਲਜਾਂ ਵਿਚ 1 ਹਜ਼ਾਰ ਦੇ ਲਗਭਗ ਅਧਿਆਪਕਾਂ ਦੀਆਂ ਪੋਸਟਾਂ ਖਾਲੀ ਪਈਆਂ ਹਨ।

ਸਰਕਾਰ ਇਹ ਪੋਸਟਾਂ ਭਰਨਾ ਚਾਹੁੰਦੀ ਹੈ ਪਰ ਅਦਾਲਤ ਵਲੋਂ ਬੈਨ ਲੱਗਣ ਕਰਕੇ ਇਹ ਭਰਤੀ ਨਹੀਂ ਹੋ ਰਹੀ। ਸਰਕਾਰ ਵਲੋਂ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ਕਿ ਇਸ ਕੇਸ ਸੰਬੰਧੀ ਦਿੱਤੀ ਗਈ ਸਟੇਅ ਨੂੰ ਖਤਮ ਕਰਵਾ ਕੇ ਅਧਿਆਪਕਾਂ ਦੀ ਭਰਤੀ ਕੀਤੀ ਜਾ ਸਕੇ। ਐਮ. ਪੀ. ਅਰੋੜਾ ਇਥੇ ਸਰਕਾਰੀ ਮਹਿੰਦਰਾ ਕਾਲਜ ਅਤੇ ਸਰਕਾਰੀ ਕਾਲਜ ਲੜਕੀਆਂ ਦਾ ਨਿਰੀਖਣ ਕਰਨ ਤੋਂ ਬਾਅਦ ਗੈਸਟ ਫੈਕਲਟੀ, ਟੈਂਪਰੇਰੀ ਤੇ ਪਾਰਟ ਟਾਈਮ ਅਧਿਆਪਕਾਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਰਹੇ ਸਨ। ਇਸ ਦੌਰਾਨ ਗੈਸਟ ਫੈਕਲਟੀ ਅਧਿਆਪਕਾਂ ਤੇ ਪਾਰਟ ਟਾਈਮ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਏ ਇਨ੍ਹਾਂ ਅਧਿਆਪਕਾਂ ਦਾ ਦਰਦ ਸਾਹਮਣੇ ਆ ਗਿਆ। ਉਨ੍ਹਾਂ ਕਿਹਾ ਕਿ ਹੁਣ ਤਾਂ ਸਰਕਾਰ ਉਨ੍ਹਾਂ ਨੂੰ ਰੈਗੂਲਰ ਕਰੇ। ਪੀ. ਟੀ. ਏ. ਅਤੇ ਐਚ. ਈ. ਆਈ. ਐਸ. ਖਤਮ ਕਰਕੇ ਸਰਕਾਰੀ ਖਜਾਨੇ ਵਿਚੋਂ ਉਨ੍ਹਾਂ ਨੂੰ ਤਨਖਾਹ ਮਿਲੇ। ਇਨ੍ਹਾਂ ਅਧਿਆਪਕਾਂ ਦਾ ਸਾਥ ਕਾਲਾਜ ਦੇ ਸੀਨੀਅਰ ਰੈਗੂਲਰ ਅਧਿਆਪਕਾਂ ਨੇ ਵੀ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਦਾ ਸਰਕਾਰ ਸੋਸ਼ਣ ਕਰ ਰਹੀ ਹੈ। ਇਹ ਕਦੋਂ ਤੱਕ ਹੁੰਦਾ ਰਹੇਗਾ। ਇਸ ਨੂੰ ਰੋਕਣਾ ਹੋਵੇਗਾ। ਪਾਰਟ ਟਾਈਮ ਅਧਿਆਪਕਾਂ ਨੇ ਤਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਇਥੇ ਪੜ੍ਹਾਉਂਦੇ ਹੋਏ 18 ਸਾਲ ਹੋ ਚੁੱਕੇ ਹਨ। ਉਹ ਨੈਟ ਪਾਸ ਵੀ ਹਨ ਅਤੇ ਕਈਆਂ ਨੇ ਪੀ. ਐਚ. ਡੀ. ਵੀ ਕੀਤੀ ਹੈ ਪਰ ਜੇਕਰ ਸਰਕਾਰ ਪੀ. ਪੀ. ਐਸ. ਸੀ. ਰਾਹੀਂ ਜਦੋਂ ਵੀ ਰੈਗੂਲਰ ਭਰਤੀ ਕਰੇਗੀ ਤਾਂ ਉਨ੍ਹਾਂ ਦੀ ਐਲੀਜੀਬਿਲਟੀ ਹੀ ਖਤਮ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀ ਯੋਗਤਾ ਉਮਰ ਹੀ ਨਿਕਲ ਰਹੀ ਹੈ।
ਖੁੱਦ ਲਾਅ ਗ੍ਰੈਜੂਏਟ ਐਮ. ਪੀ. ਅਰੋੜਾ ਨੇ ਮਹਿੰਦਰਾ ਕਾਲਜ ਦੇ ਕਾਨੂੰਨ ਵਿਭਾਗ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ। ਉਨ੍ਹਾਂ ਨੇ ਲਾਅ ਵਿਭਾਗ ਵਿਚ ਬਣੇ ਮੂਟ ਕੋਰਟ ਰੂਮ ਵਿਚ ਜਾ ਕੇ ਵਿਦਿਆਰਥੀਆਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਮਹਿੰਦਰਾ ਕਾਲਜ ਦੇ ਅਕਾਉਂਟ ਬਾਰੇ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਲਈ ਅਤੇ ਮੁਕੰਮਲ ਦਸਤਾਵੇਜ ਲੈ ਕੇ ਆਪਣੇ ਸਟਾਫ ਨੂੰ ਇਸ ਸੰਬੰਧੀ ਜਾਂਚ ਕਰਨ ਲਈ ਕਿਹਾ।
ਮਹਿੰਦਰਾ ਕਾਲਜ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਕਾਲਜ ਲੜਕੀਆਂ ਵਿਖੇ ਪਹੁੰਚ ਕੇ ਚੈਕਿੰਗ ਕੀਤੀ। ਇਸ ਦੌਰਾਨ ਕਾਲਜ ਦੇ ਗੈਸਟ ਫੈਕਲਟੀ ਅਤੇ ਪਾਰਟ ਟਾਈਮ ਫੈਕਲਟੀ ਨੇ ਮਹਿੰਦਰਾ ਕਾਲਜ ਦੀ ਫੈਕਲਟੀ ਦੀ ਮੰਗ ਦੀ ਤਰ੍ਹਾਂ ਹੀ ਰੈਗੂਲਰ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 8-10 ਸਾਲਾਂ ਤੋਂ ਉਹ ਇਥੇ ਪੜ੍ਹਾ ਰਹੇ ਹਨ ਅਤੇ ਹੁਣ ਤੱਕ ਰੈਗੂਲਰ ਨਹੀਂ ਕੀਤੇ ਗਏ ਹਨ।
ਉਥੇ ਜਦੋਂ ਵਿਦਿਆਰਥੀਆਂ ਨਾਲ ਉਨ੍ਹਾਂ ਨੇ ਗੱਲ ਕੀਤੀ ਤਾਂ ਵਿਦਿਆਰਥਣਾਂ ਦਾ ਕਹਿਣਾ ਸੀ ਕਿ ਕਾਲਜ ਵਿਚ ਪੋਸਟ ਗ੍ਰੈਜੂਏਸ਼ਨ ਲੈਵਲ ਦੇ ਕੋਰਸ ਹੀ ਨਹੀਂ ਹਨ ਕਿਉਂਕਿ ਲੜਕੀਆਂ ਲਈ ਇਹ ਕਾਲਜ ਸੁਰੱਖਿਅਤ ਹੈ ਅਤੇ ਸ਼ਹਿਰ ਦੇ ਵਿਚੋਂ ਵਿਚ ਹੈ ਪਰ ਇਥੇ ਪੋਸਟ ਗ੍ਰੈਜੂਏਸ਼ਨ ਲੈਵਲ ਦੇ ਕੋਰਸ ਨਹੀਂ ਹਨ ਜਦੋਂ ਕਿ ਵਿਦਿਆਰਥਣਾਂ ਨੂੰ ਬੀ. ਏ. ਕਰਨ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੋਰਸ ਕਰਨ ਲਈ ਕਿਸੇ ਹੋਰ ਜਗ੍ਹਾ ਜਾਣਾ ਪੈਂਦਾ ਹੈ। ਉਨ੍ਹਾਂ ਦੀ ਇਸ ਮੰਗ ‘ਤੇ ਸੈਕਟਰੀ ਨੇ ਹਾਮੀ ਭਰੀ ਅਤੇ ਇਸ ‘ਤੇ ਜਲਦੀ ਹੀ ਵਿਚਾਰ ਕਰਕੇ ਫੈਸਲਾ ਲਏ ਜਾਣ ਦੀ ਗੱਲ ਕਹੀ।

Leave a Reply

Your email address will not be published. Required fields are marked *