ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਨੈਸ਼ਨਲ ਯੁਵਕ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ਸਵਾਮੀ ਵਿਵੇਕਾਨੰਦ ਦੇ ਜਨਮ ਦਿਨ ਦੇ ਸ਼ੁਭ ਅਵਸਰ ’ਤੇ ਨੈਸ਼ਨਲ ਯੁਵਕ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ. ਚਰਨਜੀਤ ਸਿੰਘ ਐਸ.ਡੀ.ਐਮ ਸਮਾਣਾ ਬਤੌਰ ਮੁੱਖ ਮਹਿਮਾਨ ਅਤੇ ਸ.ਰਵਿੰਦਰ ਸਿੰਘ ਸਹਾਇਕ ਕਮਿਸ਼ਨਰ ਪਟਿਆਲਾ ਨੇ ਬਤੌਰ ਵਿਸ਼ੇਸ ਮਹਿਮਾਨ ਸਮੂਲੀਅਤ ਕੀਤੀ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ. ਚਰਨਜੀਤ ਸਿੰਘ ਐਸ. ਡੀ.ਐਮ ਸਮਾਣਾ ਨੇ ਕਿਹਾ ਕਿ ਕਿਸੇ ਵੀ ਦੇਸ਼ ਦਾ ਨੌਜਵਾਨ ਵਰਗ ਦੇਸ਼ ਦਾ ਭਵਿੱਖੀ ਸਰਮਾਇਆ ਹੁੰਦਾ ਹੈ ਜੋ ਕਿ ਰਾਸ਼ਟਰ ਨਿਰਮਾਣ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਵਿਚੋਂ ਉਦਾਹਰਨਾਂ ਦਿੰਦੇ ਹੋਏ ਦੱਸਿਆ ਸੁਆਮੀ ਜੀ ਨੇ ਆਪਣੇ ਜੀਵਨ ਦੇ ਨਿੱਕੇ ਜਿਹੇ ਕਾਰਜ ਕਾਲ ਦੌਰਾਨ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਸਵਾਮੀ ਜੀ ਨੇ ਸ਼ਿਕਾਗੋ ਵਿਖੇ ਵਰਲਡ ਪਾਰਲੀਮੈਂਟ ਨੂੰ ਸੰਬੋਧਨ ਕਰਦੇ ਹੋਏ, ਜਿਥੇ ਭਾਰਤੀ ਸੰਸਕਿ੍ਰਤੀ ਦੀ ਉੱਚਤਾ ਨੂੰ ਸਥਾਪਤ ਕੀਤਾ ਉਥੇ ਦੁਨੀਆ ਸਾਹਮਣੇ ਭਾਰਤੀ ਚਿੰਤਨ ’ਤੇ ਅਧਾਰਤ ਵਿਸ਼ਵ ਭਾਈਚਾਰੇ ਦੇ ਮਾਡਲ ਨੂੰ ਵੀ ਰੱਖਿਆ।

ਡਾ. ਧਰਮਿੰਦਰ ਸਿੰਘ ਉੱਭਾ ਪਿ੍ਰੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਸਵਾਮੀ ਵਿਵੇਕਾਨੰਦ ਦੁਨਿਆਵੀ ਹੀ ਨਹੀਂ ਸਗੋਂ ਅਧਿਆਤਮਕ ਸ਼ਖ਼ਸੀਅਤ ਵੀ ਸਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਨੌਜਵਾਨ ਵਰਗ ਨੇ ਭਾਰਤ ਰਾਸਟਰ ਨਿਰਮਾਣ ਵਿੱਚ ਹਮੇਸ਼ਾ ਹੀ ਵੱਡਾ ਯੋਗਦਾਨ ਦਿੱਤਾ ਹੈ। ਅੱਜ ਵੀ ਸਾਡੇ ਵਿਦਿਆਰਥੀਆਂ ਵਿੱਚ ਅਥਾਹ ਸਮਰੱਥਾ ਹੈ। ਸਮੇਂ ਦੀ ਲੋੜ ਹੈ ਕਿ ਅਸੀਂ ਇਸ ਸਮਰੱਥਾ ਨੂੰ ਠੀਕ ਰੂਪ ਵਿੱਚ ਪਹਿਚਾਣ ਕੇ ਸਾਂਝੀ ਕੌਮੀਅਤ ਦਾ ਮਾਡਲ ਵਿਸ਼ਵ ਦੇ ਸਾਹਮਣੇ ਰੱਖੀਏ। ਇਸ ਮੌਕੇ ਵਿਦਿਆਰਥੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਕੀਤੇ ਗਏ ਸੰਬੋਧਨ ਦਾ ਲਾਈਵ ਟੈਲੀਕਾਸਟ ਵੀ ਦਿਖਾਇਆ ਗਿਆ। ਇਸ ਮੌਕੇ ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਅਫਸਰ ਡਾ. ਸਪਨਾ, ਡਾ. ਜਗਤਾਰ ਸਿੰਘ, ਡਾ. ਰਾਜਬਿੰਦਰ ਸਿੰਘ ਅਤੇ ਪ੍ਰੋ. ਹਰਮਨਪ੍ਰੀਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *