ਦੇਸ਼ ’ਚ ਕੋਰੋਨਾ ਦੇ 375 ਨਵੇਂ ਮਾਮਲੇ ਆਏ ਸਾਹਮਣੇ, 2 ਮਰੀਜ਼ਾਂ ਦੀ ਹੋਈ ਮੌਤ
ਨਵੀਂ ਦਿੱਲੀ 14 ਜਨਵਰੀ (ਮਧੂਸਾਰ ਬਿਊਰੋ) ਦੇਸ਼ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਵਾਇਰਸ ਦੇ 375 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 3075 ’ਤੇ ਆ ਗਈ ਹੈ। ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਅਨੁਸਾਰ, ਇਸ ਮਿਆਦ ’ਚ ਕਰਨਾਟਕ ’ਚ 2 ਪੀੜਤਾਂ ਦੀ ਮੌਤ ਹੋ ਗਈ। ਪਿਛਲੇ ਸਾਲ 5 ਦਸੰਬਰ ਤੱਕ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਘੱਟ ਕੇ ਦੋਹਰੇ ਅੰਕ ਤੱਕ ਆ ਗਈ ਸੀ ਪਰ ਠੰਡ ਅਤੇ ਵਾਇਰਸ ਦੇ ਨਵੇਂ ਵੈਰੀਐਂਟ ਜੇ.ਐੱਨ.1 ਕਾਰਨ ਮਾਮਲਿਆਂ ’ਚ ਤੇਜ਼ੀ ਆਈ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 5 ਦਸੰਬਰ ਤੋਂ ਬਾਅਦ ਇਕ ਦਿਨ ’ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲਿਆਂ ਦੀ ਗਿਣਤੀ 31 ਦਸੰਬਰ 2023 ਨੂੰ 841 ਦਰਜ ਕੀਤੀ ਗਈ, ਜੋ ਮਈ 2021 ’ਚ ਦਰਜ ਸਭ ਤੋਂ ਵੱਧ ਮਾਮਲਿਆਂ ਦਾ 0.2 ਫ਼ੀਸਦੀ ਸੀ।
ਸਾਲ 2020 ਦੀ ਸ਼ੁਰੂਆਤ ਤੋਂ ਹੁਣ ਤੱਕ ਲਗਭਗ ਚਾਰ ਸਾਲਾਂ ’ਚ ਦੇਸ਼ ਭਰ ’ਚ ਕੋਰੋਨਾ ਨਾਲ ਲਗਭਗ ਸਾਢੇ 4 ਕਰੋੜ ਤੋਂ ਵੱਧ ਲੋਕ ਸੰਕ੍ਰਮਿਤ ਹੋਏ ਹਨ ਅਤੇ ਇਸ ਨਾਲ 5.3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲਾ ਦੀ ਵੈੱਬਸਾਈਟ ਅਨੁਸਾਰ, ਹੁਣ ਤੱਕ ਸੰਕਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੋ ਗਈ ਹੈ ਅਤੇ ਇਸ ਸੰਕਰਮਣ ਨਾਲ ਠੀਕ ਹੋਣ ਦੀ ਰਾਸ਼ਟਰੀ ਦਰ 98.81 ਫ਼ੀਸਦੀ ਹੈ। ਮੰਤਰਾਲਾ ਨੇ ਦੱਸਿਆ ਕਿ ਦੇਸ਼ ’ਚ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ 220.67 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

