ਪੰਜਾਬ

ਸਿੱਖ ਪਰੰਪਰਾਵਾਂ ਦੇ ਅਪਮਾਨ ਲਈ ਇੰਡੀਆ ਟੂਡੇ ਰਸਾਲੇ ਅਤੇ ਕੇਜਰੀਵਾਲ ਖਿਲਾਫ ਸਿਰਸਾ ਵੱਲੋਂ ਪੁਲਿਸ ਵਿਚ ਸ਼ਿਕਾਇਤ

ਨਵੀਂ ਦਿੱਲੀ, 12 ਜੁਲਾਈ (ਮਧੂਸਾਰ ਬਿਊਰੋ)
ਕੇਸ ਹਰ ਗੁਰਸਿੱਖ ਦੀ ਜਿੰਦਗੀ ਦਾ ਅਨਿੱਖੜਵਾਂ ਹਿੱਸਾ ਹੁੰਦੇ ਹਨ ਪਰ ਕਿਸੇ ਵਿਅਕਤੀ ਨੂੰ ਗੁਰਸਿੱਖ ਧਾਰਮਕ ਬਾਣਾ ਧਾਰਨ ਕਰਵਾ ਕੇ ਕੇਸ ਰਹਿਤ ਰੂਪ ਵਿਚ ਪੇਸ਼ ਕਰਨਾ, ਸਿੱਖ ਧਰਮ ਦੀਆਂ ਸਥਾਪਿਤ ਪਰੰਪਰਾਵਾਂ ਦਾ ਸਿੱਧਾ ਅਪਮਾਨ ਹੈ।

ਇਹ ਵਿਚਾਰ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਡਿਪਟੀ ਸੀ. ਐਮ.ਦੇ ਸਲਾਹਕਾਰ (ਰਾਜ ਮੰਤਰੀ) ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ ਕੀਤੇ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਇੰਡੀਆ ਟੂਡੇ ਰਸਾਲੇ ਦੇ ਮੌਜੂਦਾ ਅੰਕ ਦੇ ਮੁੱਖ ਪੰਨੇ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਹੰਗ ਗੁਰਸਿੱਖ ਪਹਿਰਾਵੇ ਵਿਚ ਪਰ ਕਲੀਨ-ਸ਼ੇਵਨ ਰੂਪ ਵਿਚ ਹੀ ਤਸਵੀਰ ਪ੍ਰਕਾਸ਼ਿਤ ਕੀਤੀ ਗਈ ਹੈ, ਜੋ ਸ੍ਰੀ ਕੇਜਰੀਵਾਲ ਦੀ ਪੰਜਾਬ ਚੋਣਾਂ ਪ੍ਰਤੀ ਦਿਲਚਸਪੀ ਨੂੰ ਦਰਸਾਉਂਦੀ ਹੈ। ਸ੍ਰ: ਸਿਰਸਾ ਨੇ ਕਿਹਾ ਕਿ ਇਹ ਤੱਥ ਗਲਤ ਵੀ ਨਹੀਂ ਹੈ ਕਿ ਸ੍ਰੀ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਹਰ ਹੀਲੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਤਰਲੋ-ਮੱਛੀ ਹੋ ਰਹੀ ਹੈ, ਜਿਸਦੇ ਵਾਸਤੇ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਕਰਨ ਤੋਂ ਵੀ ਸੰਕੋਚ ਨਹੀਂ ਕਰ ਰਹੀ। ਪਰ ਜਿਸ ਢੰਗ ਨਾਲ ਸ੍ਰੀ ਕੇਜਰੀਵਾਲ ਨੇ ਖੁਦ ਨੂੰ ਕਲੀਨ-ਸ਼ੇਵਨ ਰੂਪ ਵਿਚ ਹੀ ਗੁਰਸਿੱਖ ਪਹਿਰਾਵੇ ਵਿਚ ਦਰਸਾਉਣ ਦੀ ਇਜਾਜਤ ਦਿੱਤੀ ਹੈ, ਉਹ ਸਿੱਖ ਭਾਵਨਾਵਾਂ ਨੂੰ ਭਾਰੀ ਚੋਟ ਪੁਚਾਉਣ ਵਾਲੀ ਹਰਕਤ ਹੈ। ਕਿਉਂਕਿ ਕੇਸ ਹਰ ਗੁਰਸਿੱਖ ਦੇ ਸ਼ਰੀਰ ਦਾ ਅਨਿੱਖੜਵਾਂ ਹਿੱਸਾ ਹੁੰਦੇ ਹਨ। ਇਤਿਹਾਸ ਗਵਾਹ ਹੈ ਕਿ ਹਜਾਰਾਂ ਸਿੱਖਾਂ ਨੇ ਆਪਣੇ ਕੇਸਾਂ ਵਾਲੇ ਸਰੂਪ ਕਾਰਨ ਹੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ। ਸਿੱਖ ਧਰਮ ਵਿਚ ਕੇਸਾਂ ਦੀ ਮਹੱਤਤਾ ਨੂੰ ਸਮਝਣ ਕਾਰਨ ਹੀ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਸਿੱਖਾਂ ਨੂੰ ਨੌਕਰੀ ਕਰਨ ਲਈ ਦਾੜ੍ਹੀ-ਕੇਸ ਰੱਖਣ ਦੀ ਛੋਟ ਦਿੱਤੀ ਜਾਂਦੀ ਹੈ, ਜੋ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਅਜਿਹੀਆਂ ਤਸਵੀਰਾਂ ਗੁਰਸਿੱਖਾਂ ਦੀ ਅਸਲ ਸ਼ਖਸੀਅਤ ਬਾਰੇ ਭ੍ਰਮ ਪੈਦਾ ਕਰ ਸਕਦੇ ਹਨ ਕਿ ਸ਼ਾਇਦ ਗੁਰਸਿੱਖ ਬਾਨਾ ਕਲੀਨ-ਸ਼ੇਵਨ ਰੂਪ ਵਿਚ ਵੀ ਧਾਰਨ ਕੀਤਾ ਜਾ ਸਕਦਾ ਹੈ। ਅਜਿਹਾ ਭ੍ਰਮ ਸਿੱਖ ਸਮਾਜ ਬਾਰੇ ਅਤਿ ਗੁੰਮਰਾਹਕੁੰਨ ਧਾਰਨਾ ਪੈਦਾ ਕਰ ਸਕਦਾ ਹੈ, ਜਿਸਦਾ ਸਿੱਖ ਸਮਾਜ ਦੀਆਂ ਧਾਰਮਕ-ਸਮਾਜਕ ਕਦਰਾਂ-ਕੀਮਤਾਂ ‘ਤੇ ਬੜਾ ਮਾੜਾ ਪ੍ਰਭਾਵ ਪੈ ਸਕਦਾ ਹੈ।
ਇਸਲਈ ਉਨ੍ਹਾਂ (ਸ੍ਰ: ਸਿਰਸਾ) ਨੇ ਥਾਣਾ ਪਾਰਲੀਆਮੈਂਟ ਸਟ੍ਰੀਟ ਵਿਚ ਸ਼ਿਕਾਇਤ ਦਰਜ ਕਰਵਾ ਕੇ, ਆਪਸ ਵਿਚ ਗੰਢਤੁੱਪ ਕਰਕੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਦਾ ਅਪਮਾਨ ਕਰਨ ਬਦਲੇ ਇੰਡੀਆ ਟੂਡੇ ਰਸਾਲੇ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਖਿਲਾਫ ਆਈ.ਪੀ.ਸੀ. ਦੀ ਧਾਰਾ 295ਏ ਅਤੇ ਹੋਰ ਸਬੰਧਿਤ ਧਾਰਾਵਾਂ ਵਿਚ ਐਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਉਕਤ ਧਿਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨਾ ਕੀਤੀ, ਤਾਂ ਦੇਸ਼-ਵਿਦੇਸ਼ ਦੇ ਸਿੱਖ ਇਨ੍ਹਾਂ ਧਿਰਾਂ ਖਿਲਾਫ ਸਖਤ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।

Leave a Reply

Your email address will not be published. Required fields are marked *