ਸੁਖਬੀਰ ਜੇ ਬਾਦਲ ਦੇ ਘਰ ਨਾ ਜੰਮਦਾ ਤਾਂ ਉਹ ਕੌਂਸਲਰ ਦੀ ਚੋਣ ਵੀ ਨਾ ਜਿੱਤ ਪਾਉਂਦਾ : ਛੋਟੇਪੁਰ
ਬਾਦਲ ਪਰਿਵਾਰ ਅਕਾਲੀ ਦਲ ਨੂੰ ਇਕ ਪ੍ਰਾਇਵੇਟ ਕੰਪਨੀ ਵਾਂਗੂ ਚਲਾ ਰਿਹਾ ਹੈ
ਚੰਡੀਗੜ੍ਹ, 13 ਜੁਲਾਈ (ਮਧੂਸਾਰ ਬਿਊਰੋ)
ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੁਆਰਾ ਆਮ ਆਦਮੀ ਪਾਰਟੀ ਦੀ ਤੁਲਣਾ ਅੱਤਵਾਦੀ ਸੰਗਠਨ ਆਈਐਸਆਈਐਸ ਨਾਲ ਕਰਨ ਅਤੇ ਆਪ ਆਗੂਆਂ ਨੂੰ ਖਾਲਿਸਤਾਨੀ ਕਹਿਣ ‘ਤੇ ਪਲਟਵਾਰ ਕਰਦਿਆਂ ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਇਸਨੂੰ ਇਕ ਬੇਤੁਕਾ ਬਿਆਨ ਕਰਾਰ ਦਿੱਤਾ।
ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਮੋਹ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਕਰਾਰੀ ਹਾਰ ਹੁੰਦੀ ਵੇਖ ਕੇ ਸੁਖਬੀਰ ਬਾਦਲ ਆਪਣਾ ਮਾਨਸਿਕ ਸੰਤੁਲਨ ਗੁਆ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਲੀਡਰਾਂ ਦਾ ਪੰਜਾਬ ਵਿਚ ਹੋ ਰਿਹਾ ਵਿਰੋਧ ਸੁਖਬੀਰ ਨੂੰ ਅਜਿਹੇ ਘਟੀਆ ਦਰਜੇ ਦੇ ਬਿਆਨ ਦੇਣ ਲਈ ਉਕਸਾਅ ਰਿਹਾ ਹੈ।
ਸੁਖਬੀਰ ਦੁਆਰਾ ਇਕ ਅੰਗ੍ਰੇਜੀ ਅਖਬਾਰ ਨੂੰ ਦਿੱਤੀ ਇੰਟਰਵਿਊ ਦਾ ਹਵਾਲਾ ਦਿੰਦਿਆ ਛੋਟੇਪੁਰ ਨੇ ਕਿਹਾ ਕਿ ਭਾਵੇਂ ਸੁਖਬੀਰ ਬਾਦਲ ਆਮ ਆਦਮੀ ਪਾਰਟੀ ਤੋਂ ਪੈਦਾ ਹੋਏ ਡਰ ਨੂੰ ਕਬੂਲਣ ਤੋਂ ਇਨਕਾਰ ਕਰਦਾ ਹੈ ਪਰੰਤੂ ਇਸ ਗੱਲਬਾਤ ਦੌਰਾਨ ਉਸਨੇ ਆਮ ਆਦਮੀ ਪਾਰਟੀ ਤੋਂ ਬਿਨਾ ਕੋਈ ਹੋਰ ਗੱਲ ਨਹੀਂ ਕੀਤੀ। ਜਿਸਤੋਂ ਕਿ ਸੁਖਬੀਰ ਬਾਦਲ ਦੇ ਮਨ ਵਿਚ ਆਪ ਦੇ ਭੈਅ ਦਾ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਆਪ ਪ੍ਰਤੀ ਸਨੇਹ ਕਾਰਨ ਸੁਖਬੀਰ ਬਾਦਲ ਦੀ ਰਾਤਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ।
ਛੋਟੇਪੁਰ ਨੇ ਕਿਹਾ ਕਿ ਸੁਖਬੀਰ ਦੁਆਰਾ ਆਪ ਦੀ ਤੁਲਨਾ ਲੱਖਾਂ ਲੋਕਾਂ ਦੇ ਕਤਲ ਲਈ ਜਿਮੇਵਾਰ ਇਕ ਅੱਤਵਾਦੀ ਸੰਗਠਨ ਨਾਲ ਕਰਨਾ ਉਸਦੇ ਮਾਨਸਿਕ ਦਿਵਾਲੀਏਪਨ ਦੀ ਨਿਸ਼ਾਨੀ ਹੈ। ਸੁਖਬੀਰ ਇਸ ਗੱਲ ਤੋਂ ਵੀ ਜਾਣੂ ਹੈ ਕਿ ਆਪ ਦੀ ਸਰਕਾਰ ਆਉਣ ‘ਤੇ ਬਾਦਲ ਪਰਿਵਾਰ ਦੁਆਰਾ ਪਿਛਲੇ 10 ਸਾਲਾਂ ਵਿਚ ਕੀਤੇ ਭ੍ਰਿਸ਼ਟਾਚਾਰ ਦਾ ਕੱਚਾ ਚਿੱਠਾ ਖੋਲ ਜਾਵੇਗਾ ਅਤੇ ਉਨ੍ਹਾਂ ਦੇ ਟੱਬਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

