ਵਾਤਾਵਰਨ ਦੀ ਤਬਾਹੀ ਲਈ, ਵਿਕਸਿਤ ਮੁਲਕ ਅਤੇ ਸਰਮਾਏਦਾਰਾ ਵਿਕਾਸ ਮਾਡਲ ਜਿੰਮੇਵਾਰ : ਡਾ: ਧਰਮਵੀਰ ਗਾਂਧੀ
ਪਟਿਆਲਾ 15 ਜੁਲਾਈ (ਮਧੂਸਾਰ ਬਿਊਰੋ)
ਡਾ: ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ, ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ, ਪ੍ਰਮੁੱਖ ਅਖਬਾਰ ਸਮੂਹ ਦੈਨਿਕ ਜਾਗਰਣ ਵੱਲੋਂ ਦੇਸ਼ ਭਰ ਵਿੱਚ, ਇੱਕ ਕਰੋੜ ਪੌਦਾ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ।
ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਤੋਤਾ ਸਿੰਘ, ਡਾ: ਵਿਸ਼ਾਲ ਚੋਪੜਾ, ਪਵਨ ਗੋਇਲ ਬੈਂਕ ਮੈਨੇਜਰ (ਰਿਟਾ.), ਇੰਸਪੈਕਟਰ ਹਰਦੀਪ ਸਿੰਘ ਬਡੂੰਗਰ ਇੰਚਾਰਜ ਟ੍ਰੈਫਿਕ ਪੁਲਿਸ, ਉੱਘੇ ਸਮਾਜ ਸੇਵੀ ਕਰਨਲ ਬਿਸ਼ਨ ਦਾਸ, ਸ੍ਰੀ ਯਸ਼ਵੰਤ ਸ਼ਰਮਾ ਏ.ਈ.ਟੀ.ਸੀ.(ਰਿਟਾ.), ਅਨਿਲ ਕੁਮਾਰ ਗੋਇਲ ਅਤੇ ਸਕੂਲ ਦੇ ਸਟਾਫ ਮੈਂਬਰ ਸ਼ਾਮਲ ਸਨ।
ਇਸ ਮੌਕੇ ਡਾ: ਗਾਂਧੀ ਨੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ਦੁਨੀਆਂ ਦੇ ਵਿਕਾਸ ਦਾ ਮੌਜੂਦਾ ਸਰਮਾਏਦਾਰਾਨਾ ਮਾਡਲ ਜੋ ਕੁਦਰਤ ਤੇ ਕੁਦਰਤੀ ਸਾਧਨਾ ਸਰੋਤਾਂ ਦੀ ਅੰਨ੍ਹੀ ਲੁੱਟ ਅਤੇ ਬੇ-ਕਿਰਕ ਦੋਹਨ ਤੇ ਅਧਾਰਿਤ ਹੈ, ਇੱਕੀਵੀਂ ਸਦੀ ਵਿੱਚ ਆ ਕੇ ਕੁਦਰਤ ਅਤੇ ਧਰਤੀ ਮਾਂ ਦੇ ਵਿਰੋਧ ਵਿੱਚ ਆ ਖੜਾ ਹੋਇਆ ਹੈ ਅਤੇ ਇਹ ਵਿਕਾਸ ਮਾਡਲ ਵਾਤਾਵਰਨ, ਤੇ ਦੁਨੀਆਂ ਅਤੇ ਧਰਤੀ ਦੀ ਹੋਂਦ ਲਈ ਵੱਡਾ ਖਤਰਾ ਬਣ ਗਿਆ ਹੈ।
ਇਸ ਮੌਕੇ ਉਨਾਂ ਦੱਸਿਆ ਕਿ, ਕੁਦਰਤ ਵੱਲੋਂ ਬਖਸ਼ੀਆਂ ਦਾਤਾਂ ਜਲ, ਹਵਾ, ਜੈਵਿਕ ਅਤੇ ਬਨਸਪਤੀ ਦੀ ਵਿਵਿਧਤਾ ਸਭ ਸਮੂਹ ਲੋਕਾਈ ਦੀ ਸਾਂਝੀ ਧਰੋਹਰ ਹੈ, ਪਰ ਇਸ ਮਨੁੱਖ ਵਿਰੋਧੀ ਅਤੇ ਕੁਦਰਤ ਵਿਰੋਧੀ ਵਿਕਾਸ ਮਾਡਲ ਨੇ, ਜਿਸ ਦੀ ਧੁਰੀ ਵਿਕਸਤ ਮੁਲਕ ਹਨ, ਲੋਕਾਂ ਦੇ ਹੱਥਾਂ ਵਿੱਚ ਕੁਦਰਤੀ ਜਲ ਦੀ ਥਾਂ ਮਿਨਰਲ ਵਾਟਰ ਦੀਆਂ ਬੋਤਲਾਂ ਫੜਾ ਦਿੱਤੀਆਂ ਹਨ ਅਤੇ ਜੇਕਰ ਇਸੇ ਰਫਤਾਰ ਨਾਲ ਜਲ, ਜੰਗਲ ਤੇ ਜਮੀਨ ਆਦਿ ਸਾਂਝੇ ਮਨੁੱਖੀ ਸਰੋਤਾਂ ਦੀ ਲੁੱਟ ਤੇ ਤਬਾਹੀ ਜਾਰੀ ਰਹੀ ਤਾਂ ਉਹ ਦਿਨ ਦੂਰ ਨਹੀਂ, ਜਦੋਂ ਸਾਨੂੰ ਪਿੱਠਾਂ ਤੇ ਆਕਸੀਜਨ ਦੇ ਸਿਲੰਡਰ ਅਤੇ ਮੂੰਹ ਤੇ ਮਾਸਕ ਬੰਨ ਕੇ ਚੱਲਣ ਲਈ ਮਜਬੂਰ ਹੋਣਾ ਪਵੇਗਾ।
ਉਨ੍ਹਾਂ ਪਿੱਛੇ ਜਿਹੇ ਜਰਮਨੀ ਵਿੱਚ ਹੋਏ ਵਾਤਾਵਰਨ ਸਿਖਰ ਸੰਮੇਲਨ ਦੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ, ਜੇਕਰ ਅੱਧਾ ਡਿਗਰੀ ਸੈਲਸੀਅਸ ਸੰਸਾਰ ਦੇ ਤਾਪਮਾਨ ਵਿੱਚ ਹੋਰ ਵਾਧਾ ਹੋ ਜਾਂਦਾ ਹੈ ਤਾਂ ਦੁਨੀਆਂ ਦੇ 20 ਦੇ ਕਰੀਬ ਮੁਲਕ, ਸਮੁੰਦਰ ਤਲ ਦੇ ਚੜਨ ਨਾਲ ਪਾਣੀਦੋਜ਼ ਹੋ ਜਾਣਗੇ।
ਵਾਤਾਵਰਨ ਦੀ ਤਬਾਹੀ ਦਾ ਭਾਂਡਾ ਵਿਕਸਤ ਦੇਸ਼ਾਂ ਦੇ ਸਿਰ ਭੰਨਦਿਆਂ, ਡਾ: ਗਾਂਧੀ ਨੇ ਕਿਹਾ ਕਿ ਜਿੱਥੇ ਇਨਾਂ ਮੁਲਕਾਂ ਨੂੰ ਵਾਤਵਰਨ, ਧਰਤ ਮਾਂ ਅਤੇ ਮਨੁੱਖਤਾ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ, ਉੱਥੇ ਵਿਕਾਸਸ਼ੀਲ ਦੇਸ਼ਾਂ ਨੂੰ ਵੀ ਗਰੀਨ ਐਨਰਜੀ ਆਦਿ ਵਰਗੇ ਵਾਤਾਵਰਨ ਪੱਖੀ ਤੇ ਕੁਦਰਤ ਨਾਲ ਸਹਿਹੋਂਦ ਵਰਗੇ ਵਿਕਾਸ ਮਾਡਲ ਅਪਨਾਉਣੇ ਪੈਣਗੇ। ਇਸ ਮੌਕੇ ਉਨ੍ਹਾਂ ਨੇ ਮਲਟੀਪਰਪਜ਼ ਸਕੂਲ ਲਈ ਪ੍ਰਾਰਥਨਾ ਸ਼ੈਡ ਅਤੇ ਬਾਸਕਟਬਾਲ ਕੋਰਟ ਬਨਾਉਣ ਲਈ 5.00 ਲੱਖ ਦੀ ਗਾਂਟ ਦਾ ਐਲਾਨ ਵੀ ਕੀਤਾ।
ਡਾ: ਗਾਂਧੀ ਨੇ ਇਸ ਮੌਕੇ ਵਾਤਾਵਰਨ ਬਚਾਉਣ ਦੇ ਇਸ ਉੱਦਮ ਵਿੱਚ ਦੈਨਿਕ ਜਾਗਰਣ ਸਮੂਹ ਦੇ ਨਾਲ ਜੁੜੇ ਤਮਾਮ ਪੱਤਰਕਾਰ ਭਾਈਚਾਰੇ ਦਾ ਵੀ ਧੰਨਵਾਦ ਕੀਤਾ।

