ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਵੱਲੋਂ ਸਿਆਸੀ ਪਾਰਟੀਆਂ ਨੂੰ ਦਿਤੇ ਜਾਣ ਵਾਲੇ ਚੰਦੇ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ
ਅੰਮ੍ਰਿਤਸਰ:- 16 ਫਰਵਰੀ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਨਿਹੰਗ ਸਿੰਘਾਂ ਦੀ ਪ੍ਰਮੁੱਖ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਿਆਸੀ ਪਾਰਟੀਆਂ ਨੂੰ ਚੰਦਾ ਦਿਤੇ ਜਾਣ ਸਬੰਧੀ ਸੁਪਰੀਮ ਕੋਰਟ ਵੱਲੋਂ ਦਿਤੇ ਫੈਸਲੇ ਨੂੰ ਦੇਸ਼ ਦੇ ਹਿਤ ਵਿੱਚ ਕਰਾਰ ਦਿੰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਸਿਆਸੀ ਪਾਰਟੀਆਂ ਨੂੰ ਚੰਦਾ/ਦਾਨ ਦੇਣ ਸਬੰਧੀ ਚੋਣ ਬਾਂਡ ਸਕੀਮ ਨੂੰ ਅਸੰਵਿਧਾਨਿਕ ਕਰਾਰ ਦੇ ਕੇ ਰੱਦ ਕਰ ਦਿੱਤਾ ਹੈ। ਅਦਾਲਤੀ ਬੈਂਚ ਨੇ ਭਾਰਤੀ ਸਟੇਟ ਬੈਂਕ ਨੂੰ ਹਦਾਇਤ ਦਿੱਤੀ ਹੈ ਕਿ ਹੁਣ ਤੱਕ ਦੇ ਸਮੇਂ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਵਸੂਲੇ ਸਾਰੇ ਚੋਣ ਬਾਂਡਾਂ ਦੇ ਵੇਰਵੇ ਜੱਗ-ਜ਼ਾਹਿਰ ਕੀਤੇ ਜਾਣ ਦੇ ਫੈਸਲਾ ਦਾ ਭਰਪੂਰ ਸਵਾਗਤ ਕੀਤਾ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਦੇਸ਼ ਦੀ ਸਿਖਰਲੀ ਆਦਲਤ ਦਾ ਇਹ ਫ਼ੈਸਲਾ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਰੂਲਿੰਗ ਸਰਕਾਰ ਲਈ ਜ਼ੋਰਦਾਰ ਝਟਕਾ ਹੈ। ਮੌਜੂਦਾ ਸਰਕਾਰ ਨੇ ਇਹ ਸਕੀਮ ਜਨਵਰੀ 2018 ਵਿਚ ਲਾਗੂ ਕੀਤੀ ਸੀ ਜਿਸ ਨੂੰ ਸਿਆਸੀ ਪਾਰਟੀਆਂ ਨੂੰ ਦਿੱਤੇ ਜਾਣ ਵਾਲੇ ਨਕਦ ਚੰਦੇ ਦੇ ਪਾਰਦਰਸ਼ਤਾ ਵਾਲੇ ਬਦਲ ਵਜੋਂ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਕੀਮ ਰਾਹੀਂ ਸਿਆਸੀ ਪਾਰਟੀਆਂ ਨੂੰ ਦਾਨ ਦੇਣ ਵਾਲਿਆਂ ਦਾ ਭੇਤ ਯਕੀਨੀ ਬਣਾਉਣ ਅਤੇ ਦੂਜੇ ਪਾਸੇ ਆਮ ਦੇਸ਼ ਵਾਸੀਆਂ ਨੂੰ ਇਸ ਸਬੰਧੀ ਹਨੇਰੇ ਵਿਚ ਰੱਖਣ ਦੀ ਸਰਕਾਰ ਦੀ ਅੜੀ ਨੇ ਸਕੀਮ ਨੂੰ ਮੂਲ ਰੂਪ ਵਿਚ ਸੱਟ ਮਾਰੀ ਅਤੇ ਐਲਾਨੀਆ ਤੌਰ ਉਤੇ ਸਕੀਮ ਦਾ ਮੰਤਵ ਪਾਰਦਰਸ਼ਤਾ ਲਿਆਉਣਾ ਸੀ। ਉਨ੍ਹਾਂ ਕਿਹਾ ਇਥੋਂ ਤੱਕ ਕਿ ਭਾਰਤੀ ਚੋਣ ਕਮਿਸ਼ਨ ਨੇ ਵੀ ਹੁਣ ਤਕ ਇਸ ਸਬੰਧੀ ਟਾਲਮਟੋਲ ਵਾਲਾ ਰਵੱਈਆ ਅਪਣਾਇਆ ਹੋਇਆ ਸੀ। ਉਨ੍ਹਾਂ ਦਸਿਆ ਕਿ ਬੀਤੇ ਸਾਲ ਸਿਖਰਲੀ ਅਦਾਲਤ ਨੇ ਚੋਣ ਬਾਂਡਾਂ ਤਹਿਤ ਦਿੱਤੇ ਜਾਣ ਵਾਲੇ ਫੰਡਾਂ ਦੇ ਵੇਰਵੇ ਨਾ ਰੱਖਣ `ਤੇ ਚੋਣ ਕਮਿਸ਼ਨ ਦੀ ਵੀ ਝਾੜ-ਝੰਬ ਕੀਤੀ ਸੀ। ਉਨ੍ਹਾਂ ਕਿਹਾ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਚੋਣ ਕਮਿਸ਼ਨ ਅਤੇ ਐੱਸ.ਬੀ.ਆਈ ਇਸ ਮਾਮਲੇ ਵਿਚ ਪਾਇਆ ਹੋਇਆ ਰਾਜ਼ਦਾਰੀ ਦਾ ਸ਼ੱਕੀ ਪਰਦਾ ਹਟਾਉਣਗੇ ਅਤੇ ਸਾਰੇ ਵੇਰਵੇ ਜਨਤਕ ਕਰਨਗੇ। ਇਹ ਸਾਰਾ ਕੁਝ ਮੁਲਕ ਦੀਆਂ ਜਮਹੂਰੀ ਕਦਰਾਂ ਕੀਮਤਾਂ ਦੀ ਮਜ਼ਬੂਤੀ ਲਈ ਵੀ ਬਹੁਤ ਅਹਿਮੀਅਤ ਵਾਲਾ ਹੈ।

