ਪੰਜਾਬੀ ਫ਼ਿਲਮ ‘ਇਸ਼ਕਾ’ ਦਾ ਸ਼ਾਹੀ ਅੰਦਾਜ਼ ‘ਚ ਹੋਇਆ ਮਹੂਰਤ
ਪਟਿਆਲਾ, 16 ਜੁਲਾਈ (ਮਨਪ੍ਰੀਤ ਸਿੰਘ ਵੋਹਰਾ)
ਸੱਤ ਪੰਜਾਬੀ ਫ਼ਿਲਮਾਂ ਤੇ ਵੱਡੇ ਟੀਵੀ ਸ਼ੋਅਜ਼ ਰਾਹੀਂ ਦਰਸ਼ਕਾਂ ਦੇ ਦਿਲਾਂ ‘ਚ ਗੂੜੀ ਪਹਿਚਾਣ ਬਣਾ ਚੁੱਕਿਆ ਸ਼ਾਹੀ ਸ਼ਹਿਰ ਪਟਿਆਲਾ ਦੇ ਜੰਮਪਲ ਨਾਇਕ ਨਵ ਬਾਜਵਾ ਨੇ ਬਤੌਰ ਨਿਰਦੇਸ਼ਕ ਆਪਣੀ ਪਲੇਠੀ ਫ਼ਿਲਮ ‘ਇਸ਼ਕਾ’ ਦੀ ਅੱਜ ਇੱਥੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਸ਼ੁਰੂਆਤ ਕੀਤੀ।
ਨਵ ਬਾਜਵਾ ਫਿਲਮਜ਼ ਤੇ ਟਰਬਾਨੇਟਰ ਫਿਲਮਰਜ਼ ਦੇ ਬੈਨਰ ਹੇਠ ਬਣ ਵਾਲੀ ਇਸ ਫ਼ਿਲਮ ‘ਚ ਨਵ ਬਾਜਵਾ ਤੇ ਪੀ.ਟੀ.ਸੀ. ਚੈਨਲ ਦੇ ਸ਼ੋਅ ਮਿਸਟਰ ਪੰਜਾਬ ਦਾ ਜੇਤੂ ਅਮਨ ਸਿੰਘ ਦੀਪ ਮੋਹਰੀ ਭੂਮਿਕਾਵਾਂ ਨਿਭਾ ਰਹੇ ਹਨ। ਲਾਈਟ ਓ.ਕੇ. ਚੈਨਲ ਦੇ ਲੜੀਵਾਰ ਮਹਾਂਕੁੰਭ ਦੀ ਅਦਾਕਾਰਾ ਪਾਯਲ ਰਾਜਪੂਤ ਫ਼ਿਲਮ ਦੀ ਤਿਕੋਣੀ ਪ੍ਰੇਮ ਕਹਾਣੀ ਦੀ ਨਾਇਕਾ ਹੈ। ਇਸ ਫ਼ਿਲਮ ਦਾ ਮਹੂਰਤ ਅਰਦਾਸ ਕਰਕੇ, ਵਾਹਿਗੁਰੂ ਦੇ ਓਟ ਆਸਰੇ ਨਾਲ ਕੀਤਾ ਗਿਆ। ਇਸ ਮੌਕੇ ਸ: ਰਘਵੀਰ ਸਿੰਘ ਕਪੂਰਥਲਾ, ਕੌਮਾਂਤਰੀ ਕੋਚ ਗੁਰਜੀਤ ਸਿੰਘ ਬਾਜਵਾ ਕੈਮਰਾਮੈਨ ਬਾਦਸ਼ਾਹ ਲਾਲ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ। ਨਵ ਬਾਜਵਾ ਨੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਪਟਿਆਲਾ, ਚੰਡੀਗੜ੍ਹ ਤੇ ਯੂਰਪ ‘ਚ ਹੋਵੇਗੀ। ਫ਼ਿਲਮ ਦੀ ਕਹਾਣੀ ਅਜੇ ਕੁਮਾਰ, ਸੰਵਾਦ ਤੇ ਪਟਕਥਾ ਜਸਰਾਜ ਭੱਟੀ ਨੇ ਲਿਖੀ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜਿਸ ‘ਚ ਮਨੁੱਖ ਦੀਆ ਮਾਨਸਿਕ ਬਿਰਤੀਆਂ ਦੇ ਵਖਰੇਵੇਂ ਕਾਰਨ ਉਪਜਣ ਵਾਲੀਆ ਪ੍ਰਸਥਿਤੀਆਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਸਵਿੰਦਰ ਮਾਹਲ, ਕਰਮਜੀਤ ਅਨਮੋਲ, ਡਾ: ਰਣਜੀਤ ਸਿੰਘ ਸਤਵੰਤ ਕੌਰ ਵਰਗੇ ਨਾਮਵਰ ਕਲਾਕਾਰ ਕੰਮ ਕਰ ਰਹੇ ਹਨ। ਫ਼ਿਲਮ ਦਾ ਸੰਗੀਤ ਸਨੀ ਔਜਲਾ ਨੇ ਤਿਆਰ ਕੀਤਾ ਹੈ ਅਤੇ ਗਾਉਣ ਦੀ ਜ਼ਿੰਮੇਵਾਰੀ ਹਾਰਡੀ ਸੰਧੂ, ਵਡਾਲੀ ਭਰਾਵਾਂ, ਦਿਲਪ੍ਰੀਤ ਢਿੱਲੋਂ, ਹਰਸਦੀਪ ਕੌਰ ਤੇ ਸਿਪਰਾ ਗੋਇਲ ਨੇ ਨਿਭਾਈ ਹੈ।

