ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵੱਲੋਂ ਡਾ. ਗੁਰਦੀਸ਼ ਕੌਰ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਰੋਹ

ਪਟਿਆਲਾ 2 ਮਾਰਚ (ਕੰਵਰ ਬੇਦੀ)
ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪੰਜਾਬੀ ਵਿਭਾਗ ਦੇ ਮੁੱਖੀ ਅਤੇ ਡੀਨ ਭਲਾਈ, ਲੜਕੀਆਂ ਡਾ. ਗੁਰਦੀਸ਼ ਕੌਰ ਦੀ ਸੇਵਾ ਮੁਕਤੀ ਮੌਕੇ ਸ਼ਾਨਦਾਰ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਡਾ. ਗੁਰਦੀਸ਼ ਕੌਰ ਨੇ ਸਥਾਨਕ ਕਾਲਜ ਵਿਖੇ 19 ਸਾਲ ਦੇ ਕਰੀਬ ਬਤੌਰ ਰੈਗੂਲਰ ਸਫ਼ਲ ਅਧਿਆਪਕ ਵਜੋਂ ਸੇਵਾ ਨਿਭਾਈ ਹੈ। ਆਪ 14 ਸਾਲ ਪੰਜਾਬੀ ਵਿਭਾਗ ਦੇ ਮੁੱਖੀ ਰਹੇ ਅਤੇ 1 ਸਾਲ ਭਾਈ ਬਹਿਲੋ ਖ਼ਾਲਸਾ ਗਰਲਜ਼ ਕਾਲਜ, ਫਫੜੇ ਭਾਈਕੇ, ਮਾਨਸਾ ਦੇ ਔਫੀਸ਼ੀਏਟਿੰਗ ਪ੍ਰਿੰਸੀਪਲ ਰਹੇ। ਡਾ. ਗੁਰਦੀਸ਼ ਕੌਰ ਪੰਜਾਬੀ ਸਾਹਿਤ ਖੋਜ ਦੇ ਖੇਤਰ ਵਿੱਚ ਜਾਣੀ ਪਛਾਣੀ ਸ਼ਖ਼ਸੀਅਤ ਹਨ। ਉਨ੍ਹਾਂ ਨੇ ਆਪਣੇ ਅਧਿਆਪਨ ਕਾਰਜ ਕਾਲ ਦੌਰਾਨ ਯੂ.ਜੀ.ਸੀ. ਤੋਂ ਮਾਨਤਾ ਪ੍ਰਾਪਤ ਇਕ ਮੇਜਰ ਅਤੇ ਇਕ ਮਾਈਨਰ ਰਿਸਰਚ ਪ੍ਰੋਜੈਕਟ ਕੀਤੇ ਜਿਨ੍ਹਾਂ ਵਿਚੋਂ ਇਕ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ। ਡਾ. ਗੁਰਦੀਸ਼ ਕੌਰ ਨੇ ਹੁਣ ਤੱਕ ਯੂਨੀਵਰਸਿਟੀ ਦੀਆਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਕਾਨਫਰੰਸਾਂ ਵਿੱਚ ਆਪਣੇ 16 ਖੋਜ ਪੱਤਰ ਪ੍ਰਸਤੁਤ ਕੀਤੇ ਹਨ ਜਿਨ੍ਹਾਂ ਵਿਚੋਂ ਉਨ੍ਹਾਂ ਦੇ ਬਹੁਤੇ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ। ਡਾ. ਗੁਰਦੀਸ਼ ਕੌਰ ਦੀਆਂ ਪੰਜਾਬੀ ਸਾਹਿਤ, ਸਭਿਆਚਾਰ ਅਤੇ ਆਲੋਚਨਾ ਦੇ ਖੇਤਰ ਨਾਲ ਸਬੰਧਤ ਹੁਣ ਤੱਕ 4 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਆਪ 5 ਪੁਸਤਕਾਂ ਦੀ ਸੰਪਾਦਨਾਂ ਵੀ ਕਰ ਚੁੱਕੇ ਹਨ।
ਉਹਨਾਂ ਨੇ ਕਾਲਜ ਵਿਖੇ ਇਕ ਵਧੀਆ ਅਧਿਆਪਕ ਅਤੇ ਖੋਜਾਰਥੀ ਦੇ ਨਾਲ ਨਾਲ ਇਕ ਸਫ਼ਲ ਪ੍ਰਬੰਧਕ ਵਜੋਂ ਵੀ ਸੇਵਾ ਨਿਭਾਈ ਹੈ। ਆਪ ਕਾਲਜ ਦੇ ਪਬਲੀਕੇਸ਼ਨ ਸੈੱਲ ਦੇ ਫਾਊਂਡਰ ਕਨਵੀਨਰ, ਅਕਾਦਮਿਕ ਕੌਂਸਲ ਦੇ ਮੈਂਬਰ, ਨੰਨ੍ਹੀ ਛਾਂ ਸੈੱਲ ਦੇ ਕਨਵੀਨਰ ਅਤੇ ਸਮੇਂ ਸਮੇਂ ਤੇ ਸਟਾਫ਼ ਸੈਕਟਰੀ, ਯੂਨੀਅਨ ਸੈਕਟਰੀ ਆਦਿ ਮਹੱਤਵਪੂਰਨ ਅਹੁਦਿਆਂ ਨੇ ਨਾਲ ਨਾਲ 10 ਸਾਲ ਕਾਲਜ ਮੈਗਜ਼ੀਨ ਦੇ ਚੀਫ ਐਡੀਟਰ ਵੀ ਰਹੇ ਹਨ।
ਵਿਦਾਇਗੀ ਸਮਾਰੋਹ ਦੌਰਾਨ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਬੋਧਨ ਹੁੰਦੇ ਹੋਏ ਕਿਹਾ ਕਿ ਡਾ. ਗੁਰਦੀਸ਼ ਕੌਰ ਇਕ ਬਹੁਤ ਹੀ ਸੂਝਵਾਨ, ਅਤਿ ਸੁਹਿਰਦ ਅਤੇ ਮਿਹਨਤੀ ਸੁਭਾਅ ਵਾਲੇ ਅਧਿਆਪਕਾ ਸਨ। ਇਨ੍ਹਾਂ ਨੇ ਆਪਣੇ ਅਧਿਆਪਨ ਕਾਰਜ ਕਾਲ ਦੌਰਾਨ ਵਿਦਿਆਰਥੀਆਂ ਦੀਆਂ ਸ਼ਖ਼ਸੀਅਤਾਂ ਨੂੰ ਗਿਆਨਮਈ ਹੀ ਨਹੀਂ ਬਣਾਇਆ ਸਗੋਂ ਹਰ ਵਰਤਾਰੇ ਨੂੰ ਡੂੰਘਾਈ ਨਾਲ ਸਮਝਣ, ਤਰਕ ਦੀ ਕਸਵੱਟੀ ‘ਤੇ ਪਰਖਣ, ਸੰਘਰਸ਼ ਦਾ ਸੂਝ ਬੂਝ ਨਾਲ ਮੁਕਾਬਲਾ ਕਰਨ ਦਾ ਹੁਨਰ ਸਿਖਾਉਂਦੇ ਹੋਏ ਹੀਰਿਆਂ ਵਾਂਗ ਤਰਾਸ਼ਿਆ ਅਤੇ ਚਮਕਾਇਆ ਹੈ।
ਡਾ. ਗੁਰਦੀਸ਼ ਕੌਰ ਨੇ ਇਸ ਮੌਕੇ ਸੰਬੋਧਤ ਹੁੰਦੇ ਹੋਏ ਕਿਹਾ ਕਿ ਮੈਨੂੰ ਇਸ ਗੱਲ ਤੇ ਫ਼ਖ਼ਰ ਹੈ ਕਿ ਮੈਨੂੰ ਏਨਾ ਲੰਬਾ ਅਰਸਾ ਇਸ ਮਹੱਤਵਪੂਰਨ ਸੰਸਥਾ ਵਿੱਚ ਵਿਦਿਆਰਥੀਆਂ ਨੂੰ ਸਿਖਿਅਤ ਕਰਨ ਅਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਜਿਹੜੀ ਕਿ ਮਨੁੱਖ ਨੂੰ ਰੋਜ਼ੀ ਰੋਟੀ ਦਿੰਦੀ ਹੈ ਉਸ ਦਾ ਰੁਤਬਾ ਪੂਜਣਯੋਗ ਹੁੰਦਾ ਹੈ। ਇਸੇ ਲਈ ਮੇਰਾ ਜ਼ਿੰਦਗੀ ਵਿੱਚ ਹਮੇਸ਼ਾਂ ਹੀ ਸੰਸਥਾ ਪ੍ਰਤੀ ਸੁਹਿਰਦਤਾ ਮੁਖ ਆਦਰਸ਼ ਰਿਹਾ ਹੈ। ਉਨ੍ਹਾਂ ਨੇ ਆਪਣੇ ਜੀਵਨ ਸਾਥੀ ਸ. ਜਗਜੀਤ ਸਿੰਘ ਬਾਜਵਾ, ਪਿਤਾ ਸ. ਸੁਰਜੀਤ ਸਿੰਘ ਚੀਮਾ ਅਤੇ ਮਾਤਾ ਸਰਦਾਰਨੀ ਮਹਿੰਦਰ ਕੌਰ ਚੀਮਾ ਦਾ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਇਸ ਅਹਿਮ ਪੜਾਅ ‘ਤੇ ਪਹੁੰਚਣ ਦੇ ਯੋਗ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਕਾਲਜ ਵਾਇਸ ਪ੍ਰਿੰਸੀਪਲ ਡਾ. ਤਰਲੋਚਨ ਸਿੰਘ ਮਹਾਜਨ, ਐਸ.ਐਲ.ਏ. ਬ੍ਰਿਜ ਭੂਸ਼ਨ ਅੱਤਰੀ, ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਪੁਸ਼ਪਿੰਦਰ ਕੌਰ ਨੇ ਡਾ. ਗੁਰਦੀਸ਼ ਕੌਰ ਦੀ ਇਕ ਸਫ਼ਲ ਅਤੇ ਅਗਾਂਹਵਧੂ ਅਧਿਆਪਕ, ਪ੍ਰਬੰਧਕ ਅਤੇ ਖੋਜਾਰਥੀ ਵਜੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਸਮਾਰੋਹ ਦੌਰਾਨ ਪ੍ਰੋ. ਜਸਪ੍ਰੀਤ ਕੌਰ ਨੇ ਬਾਖੂਬੀ ਮੰਚ ਦਾ ਸੰਚਾਲਨ ਕੀਤਾ।

Leave a Reply

Your email address will not be published. Required fields are marked *