ਸਤਲੁਜ ਯਮੁਨਾ ਲਿੰਕ ਨਹਿਰ ਦਾ ਮਾਮਲਾ : ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ਨੇ ਰੈਲੀ ਕੱਢ ਦਿੱਤਾ ਮੰਗ ਪੱਤਰ
ਪਟਿਆਲਾ 19 ਜੁਲਾਈ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਜ਼ਿਲ੍ਹਾ ਕੋਆਰਡੀਨੇਅਰ ਸ੍ਰ ਚਰਨਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਸ੍ਰ.ਰਣਧੀਰ ਸਿੰਘ ਰੱਖੜਾ ਤੇ ਸਮੁੱਚੀ ਜਥੇਬੰਦੀ ਸਮੇਤ ਕੈਬਨਿਟ ਮੰਤਰੀ ਸ੍ਰ.ਸੁਰਜੀਤ ਸਿੰਘ ਰੱਖੜਾ, ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਵਿਧਾਇਕ, ਬੀਬੀ ਵਨਿੰਦਰ ਕੌਰ ਵਿਧਾਇਕ), ਸ੍ਰੀ ਹਰਪਾਲ ਜੁਨੇਜਾ, ਸ੍ਰ. ਮੱਖਣ ਸਿੰਘ ਲਾਲਕਾ), ਸ੍ਰੀ ਰਾਜ ਖੁਰਾਣਾ, ਸ੍ਰ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ੍ਰ. ਸਤਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਰਾਸ਼ਟਰਪਤੀ ਦੇ ਨਾਮ ਮੈਮੋਰੈਂਡਮ ਦਿੱਤਾ ਗਿਆ ਜਿਸ ਵਿਚ ਸਤਲੁਜ ਯਮੁਨਾ ਲਿੰਕ ਨਹਿਰ ਬਣਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ।
ਪਾਰਟੀ ਦੇ ਮੁੱਖ ਬੁਲਾਰੇ ਤੇ ਸਕੱਤਰ ਜਨਰਲ ਜਥੇਦਾਰ ਨਰਦੇਵ ਸਿੰਘ ਆਕੜੀ ਨੇ ਦੱਸਿਆ ਕਿ ਮੈਮੋਰੰਡਮ ਵਿਚ ਕਿਹਾ ਗਿਆ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜੋ ਦੇਸ਼ ਦੇ ਅੰਨ ਭੰਡਾਰ ਵਿੱਚ 40 ਫੀਸਦੀ ਤੋਂ 60 ਫੀਸਦੀ ਤੱਕ ਯੋਗਦਾਨ ਪਾ ਕੇ ਦੇਸ਼ ਨੂੰ ਭੁੱਖਮਰੀ ਤੋਂ ਬਚਾਉਂਦਾ ਆਇਆ ਹੈ । ਪੰਜਾਬ ਦਰਿਆਈ ਪਾਣੀਆਂ ਦਾ ਮਾਲਕ ਹੋਣ ਦੇ ਬਾਵਜੂਦ ਵੀ ਖੇਤੀ ਦੀ ਲੋੜ ਵਾਸਤੇ 73 ਫੀਸਦੀ ਪਾਣੀ ਟਿਊਬੈਲਾਂ ਰਾਹੀਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਦਾ ਹੈ ਜਿਸ ਕਰਕੇ ਧਰਤੀ ਦੇ ਹੇਠਲੇ ਪਾਣੀ ਦਾ ਲੈਵਲ ਰਿਕ ਖਤਰਨਾਕ ਮੋੜ ‘ਤੇ ਆਣ ਖੜਾ ਹੋ ਗਿਆ ਹੈ । ਦੇਸ਼ ਅਤੇ ਦੁਨੀਆਂ ਵਿੱਚ ਪ੍ਰਚਲਿਤ ਰਿਪੇਰੀਅਨ ਕਨੂੰਨ ਦੀ ਉਲੰਘਣਾ ਕਰਕੇ ਰਾਵੀ -ਬਿਆਸ ਦੇ ਪਾਣੀ ਪੰਜਾਬ ਤੋਂ ਖੋਹਣ ਲਈ ਸਤਲੁਜ ਜਮੁਨਾ ਲਿੰਕ ਨਹਿਰ ਦੀ ਉਸਾਰੀ ਦਾ ਫੈਸਲਾ ਜਬਰਨ ਪੰਜਾਬੀਆਂ ਉੱਤੇ ਠੋਸਣ ਦੇ ਯਤਨਾਂ ਨੂੰ ਕਦੇ ਵੀ ਬਰਦਾਸ਼ ਨਹੀਂ ਕਰੇਗਾ। ਅਸੀਂ ਸਮੂੰਹ ਪੰਜਾਬੀ ਹਰ ਤਰਾਂ ਦੇ ਵਖਰੇਵਿਆਂ ਤੋਂ ਉਪਰ ਉੱਠ ਕੇ ਇਸ ਮੁੱਦੇ ਤੇ ਇਕ ਮਤ ਇਕ ਜੁਬਾਨ ਹੋ ਕੇ ਸੂਬੇ ਦੇ ਹਿੱਤਾਂ ਦੀ ਰਖਵਾਲੀ ਕਰਨ ਦਾ ਸੰਕਲਪ ਲੈਂਦੇ ਹਾਂ ।
ਸ੍ਰੀ ਆਕੜੀ ਨੇ ਦੱਸਿਆ ਕਿ ਮਤੇ ਵਿਚ ਅਕਾਲੀ ਦਲ ਨੇ ਸੁਚੇਤ ਕੀਤਾ ਕਿ ਪੰਜਾਬ ਦੇ ਪਾਣੀਆਂ ਦਾ ਫੈਸਲਾ ਕੇਵਲ ਤੇ ਕੇਵਲ ਰਿਪੇਰੀਅਨ ਸਿਧਾਂਤ ਅਨੁਸਾਰ ਕਰਾਉਣ ਲਈ ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਹਾਂ ।
ਉਹਨਾਂ ਦੱਸਿਆ ਕਿ ਮਤੇ ਵਿਚ ਪਾਰਟੀ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੁਰਜੋਰ ਅਪੀਲ ਵੀ ਕੀਤੀ ਕਿ ਪੰਜਾਬ ਦੇ ਦਰਿਆਈ ਪਾਣੀ ਦੇ ਮਸਲੇ ਦਾ ਹੱਲ ਦੇਸ਼ ਤੇ ਦੁਨੀਆਂ ਵਿੱਚ ਲਾਗੂ ਰਿਪੇਰੀਅਨ ਕਨੂੰਨ (ਸਿਧਾਂਤ) ਅਧੀਨ ਕੀਤਾ ਜਾਵੇ ।
ਮਤੇ ਵਿਚ ਦਿੱਲੀ ਦੀ ਸੂਬਾਈ ਸਰਕਾਰ ਵੱਲੋਂ ਪੰਜਾਬੀਆਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਅਤੇ ਜਿੰਦਗੀ ਮੌਤ ਦੇ ਇਸ ਮਸਲੇ ਤੇ ਪੰਜਾਬੀਆਂ ਨਾਲ ਧ੍ਰੋਹ ਕਮਾਉਣ ਲਈ ਵਰਤੇ ਜਾ ਰਹੇ ਹੱਥਕੰਡਿਆਂ ਦੀ ਭਰਪੂਰ ਨਿਖੇਧੀ ਵੀ ਕੀਤੀ ਗਈ ਅਤੇ ਪੰਜਾਬ ਦੇ ਦੁਸ਼ਮਣ ਤੇ ਕਿਸਾਨ ਵਿਰੋਧੀ ਅਨਸਰਾਂ ਵਿਅਕਤੀਆਂ, ਸੰਗਠਨਾਂ ਨੂੰ ਸੂਚੇਤ ਕੀਤਾ ਗਿਆ ਕਿ ਉਹ ਪੰਜਾਬੀਆਂ ਦੇ ਜਜਬਾਤਾਂ ਤੇ ਭਵਿੱਖ ਨਾਲ ਖਿਲਵਾੜ ਕਰਨਾ ਬੰਦ ਕਰਨ। ਪਾਰਟੀ ਵੱਲੋਂ ਮੰਗ ਪੱਤਰ ਦੇ ਨਾਲ ਹੀ ਜ਼ਿਲ੍ਹੇ ਦੀਆਂ ਪੰਚਾਇਤਾਂ ਵੱਲੋਂ ਨਹਿਰ ਬਣਾਉਣ ਵਿਰੁੱਧ ਪਾਸ ਕੀਤੇ ਗਏ ਮਤਿਆਂ ਦੀ ਕਾਪੀ ਵੀ ਡਿਪਟੀ ਕਮਿਸ਼ਨਰ ਨੂੰ ਸੌਂਪੀ ਗਈ।

