ਅਨੰਦ ਪਾਰਕ ’ਚ ਸਵੇਰ ਦੀ ਸੈਰ ਕਰਨ ਆਏ ਤਰਨਜੀਤ ਸਿੰਘ ਸੰਧੂ ਨਾਲ ਲੋਕਾਂ ਨੇ ਅੰਮ੍ਰਿਤਸਰ ਦੇ ਵਿਕਾਸ ਬਾਰੇ ਚਰਚਾ ਕੀਤੀ।
2027 ’ਚ ਗਾਂਧੀ ਗਰਾਊਂਡ ਵਿੱਚ ਆਈ ਪੀ ਐੱਲ ਮੈਚ ਆਯੋਜਿਤ ਕਰਾਂਗੇ : ਤਰਨਜੀਤ ਸਿੰਘ ਸੰਧੂ
ਅੰਮ੍ਰਿਤਸਰ 14 ਅਪ੍ਰੈਲ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਨੇ ਆਪਣੇ ਸਾਥੀਆਂ ਨਾਲ ਅਨੰਦ ਪਾਰਕ ਵਿਖੇ ਸਵੇਰ ਦੀ ਸੈਰ ਕੀਤੀ। ਇਸ ਮੌਕੇ ਲੋਕਾਂ ਨੇ ਸਰਦਾਰ ਸੰਧੂ ਨੂੰ ਆਪਣੇ ਕਰੀਬ ਦੇਖ ਕੇ ਖ਼ੁਸ਼ੀ ਦੀ ਇਜ਼ਹਾਰ ਕੀਤਾ ਅਤੇ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਸੈਰ ਕਰਨ ਆਏ ਲੋਕਾਂ ਨੇ ਸਰਦਾਰ ਸੰਧੂ ਕੋਲ ਪਾਰਕ ਦੀ ਖਸਤਾ ਹਾਲਤ ’ਤੇ ਨਿਰਾਸ਼ ਪ੍ਰਗਟ ਕਰਦਿਆਂ ਰਾਜ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਲ ਧਿਆਨ ਨਾ ਦੇਣ ’ਤੇ ਰੋਸ ਕੀਤਾ।ਇਸ ਦੌਰਾਨ ਉੱਥੇ ਸੈਰ ਕਰਨ ਆਏ ਲੋਕਾਂ ਨੇ ਅੰਮ੍ਰਿਤਸਰ ਦੇ ਵੱਖ ਵੱਖ ਮੁੱਦਿਆਂ ਬਾਰੇ ਸ. ਸੰਧੂ ਨਾਲ ਦਿਲ ਖੋਲ੍ਹ ਕੇ ਵਿਚਾਰ ਸਾਂਝੇ ਕੀਤੇ। ਡਾ. ਵੇਦ ਭਾਟੀਆ ਨੇ ਉਨ੍ਹਾਂ ਨਾਲ ਅਮਨ ਕਾਨੂੰਨ ਦੀ ਸਥਿਤੀ, ਨਸ਼ਾ ਤੇ ਬੇਰੁਜ਼ਗਾਰੀ ’ਤੇ ਚਰਚਾ ਕੀਤੀ ਤਾਂ ਸ. ਜੋਗਿੰਦਰ ਸਿੰਘ ਨੇ ਅੰਮ੍ਰਿਤਸਰ ’ਚ ਇੰਡਸਟਰੀ ਦੇ ਖ਼ਾਤਮੇ ਅਤੇ ਬਾਰਡਰ ਰਾਹੀਂ ਵਪਾਰ ਨੂੰ ਉਤਸ਼ਾਹਿਤ ਕਰਨ ਦਾ ਮੁੱਦਾ ਵਿਚਾਰਿਆ। ਅਨਿਲ ਸੇਠ ਨੇ ਗੰਦੇ ਨਾਲੇ ਦੀ ਅਤੇ ਸ਼ਹਿਰ ’ਚ ਗੰਦਗੀ ਦੀ ਸਮੱਸਿਆ ਨੂੰ ਅੱਗੇ ਰੱਖਿਆ। ਬੀ ਕੇ ਸ਼ਰਮਾ ਨੇ ਕਿਹਾ ਕਿ ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਬਹੁਤ ਪਛੜ ਗਿਆ ਹੈ। ਮਨਿੰਦਰ ਸਿੰਘ ਰਾਏ ਨੇ ਬਚਿਆਂ ਦੇ ਬਾਹਰ ਜਾਣ ’ਤੇ ਚਿੰਤਾ ਜ਼ਾਹਿਰ ਕੀਤੀ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਹਲਕਾ ਇੰਚਾਰਜ ਸੁਖਮਿੰਦਰ ਸਿੰਘ ਪਿੰਟੂ, ਪ੍ਰੋ. ਸਰਚਾਂਦ ਸਿੰਘ ਖਿਆਲਾ, ਕਬੀਰ ਸ਼ਰਮਾ, ਮਨਿੰਦਰ ਰਾਏ, ਪਵਨ ਕੁਮਾਰ ਸ਼ਰਮਾ, ਸੁਨੀਲ ਮਹਾਜਨ, ਅਸ਼ੋਕ ਮਹਾਜਨ, ਸੁਧੀਰ ਸ੍ਰੀਧਰ ਰਾਜੀਵ ਬਹਿਲ ਤੇ ਰਾਘਵ ਖੰਨਾ ਵੀ ਮੌਜੂਦ ਸਨ।
ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਮੈ ਇਕ ਫ਼ੌਜੀ ਦੀ ਤਰਾਂ ਦੇਸ਼ ਦੀ 36 ਸਾਲ ਸੇਵਾ ਕਰਨ ਤੋਂ ਬਾਅਦ ਹੁਣ ਗੁਰੂ ਨਗਰੀ ਅਤੇ ਇੱਥੋਂ ਦੇ ਲੋਕਾਂ ਨੂੰ ਸਮਰਪਿਤ ਹਾਂ। ਉਨ੍ਹਾਂ ਕਿਹਾ ਕਿ 6 ਸ਼ਾਲਾਂ ਵਿਚ ਇੰਦੌਰ ਸਫ਼ਾਈ ਦੇ ਪੱਖੋਂ ਇਕ ਸੁੰਦਰ ਸ਼ਹਿਰ ਬਣ ਗਿਆ ਹੈ ਤਾਂ ਕੀ ਅਸੀਂ ਗੁਰੂ ਨਗਰੀ ’ਅੰਮ੍ਰਿਤਸਰ ਸਿਫ਼ਤੀਂ ਦੇ ਘਰ’ ਨੂੰ ਕਿਉਂ ਨਹੀਂ ਸਵਾਰ ਸਕਦੇ । ਉਨ੍ਹਾਂ ਕਿਹਾ ਕਿ 2027 ’ਚ ਅੰਮ੍ਰਿਤਸਰ ਦੇ 450 ਸਾਲਾ ਮੌਕੇ ਸ਼ਹਿਰ ਦੀ ਨੁਹਾਰ ਪੂਰੀ ਤਰਾਂ ਬਦਲ ਦਿੱਤੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀਆਂ ਅਨੇਕਾਂ ਨੀਤੀਆਂ ਅਤੇ ਦਿੱਤੀਆਂ ਗਈਆਂ ਸਹੂਲਤਾਂ ਅੰਮ੍ਰਿਤਸਰ ਆਉਣਗੀਆਂ। ਉਨ੍ਹਾਂ ਵਪਾਰ ਲਈ ਅਟਾਰੀ ਬਾਰਡਰ ਖੋਲ੍ਹਣ ਦੀ ਜਿੱਥੇ ਵਕਾਲਤ ਕੀਤੀ ਉੱਥੇ ਹੀ ਅੰਮ੍ਰਿਤਸਰ ਪੱਟੀ – ਵਾਇਆ ਗੁਜਰਾਤ ਪੋਰਟ ਖਾੜੀ ਦੇਸ਼ਾਂ ਅਤੇ ਯੂਰਪ ਨਾਲ ਵਪਾਰ ਕਰਨ ਅਤੇ ਅੰਮ੍ਰਿਤਸਰ ਦੀ ਏਅਰ ਕਾਰਗੋ ਦੀ ਪੂਰੀ ਸਮਰੱਥਾ ਦਾ ਉਪਯੋਗ ਕਰਨ ਦਾ ਸੁਝਾਅ ਦਿੱਤਾ। ਸਰਦਾਰ ਸੰਧੂ ਨੇ ਕਿਹਾ ਕਿ ਅੰਮ੍ਰਿਤਸਰ ਜੋ ਪਹਿਲਾਂ ਉਦਯੋਗ ਅਤੇ ਵਪਾਰਕ ਖੇਤਰ ਵਿਚ ਦੇਸ਼ ’ਚ ਅੱਵਲ ਦਰਜੇ ’ਤੇ ਸੀ ਪਰ ਹੁਣ ਇਸ ਦੀ ਹਾਲਤ ਖ਼ਰਾਬ ਹੋ ਚੁੱਕੀ ਹੈ। ਛਿਹਰਟਾ ਅਤੇ ਬਟਾਲੇ ਦੀਆਂ ਉਦਯੋਗਿਕ ਇਕਾਈਆਂ ਖ਼ਤਮ ਹੋ ਰਹੀਆਂ ਹਨ। ਸਹੂਲਤਾਂ ਅਤੇ ਚੰਗੀਆਂ ਨੀਤੀਆਂ ਦੀ ਅਣਹੋਂਦ ਕਾਰਨ ਉਦਯੋਗਪਤੀ ਅੰਮ੍ਰਿਤਸਰ ਛੱਡ ਚੁੱਕੇ ਹਨ ਜਾਂ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਕੋਲ ਅੱਜ ਵੀ ਕਈ ਅਵਸਰ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਅਮਰੀਕਾ ਸੰਬੰਧ ਹੁਣ ਭਾਈਵਾਲੀ ਵਿਚ ਬਦਲ ਚੁੱਕਾ ਹੈ। ਅਮਰੀਕੀ ਕੰਪਨੀਆਂ ਭਾਰਤ ਵਿਚ ਨਿਵੇਸ਼ ਕਰ ਰਹੀਆਂ ਹਨ ਹੁਣ ਇਹ ਨਿਵੇਸ਼ ਅੰਮ੍ਰਿਤਸਰ ਵੀ ਲਿਆਂਦਾ ਜਾਵੇਗਾ। ਅਮਰੀਕਾ ਭਾਰਤ ਵਿੱਚ ਸਿਹਤ, ਸੈਮੀਕੰਡਕਟਰ, ਰੱਖਿਆ, ਨਵੀਂ ਤਕਨੀਕ ਵਰਗੇ ਖੇਤਰਾਂ ਵਿੱਚ ਨਿਵੇਸ਼ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਵਸਤਾਂ ਫਲ਼ ਅਤੇ ਸਬਜ਼ੀਆਂ ਖਾੜੀ ਦੇਸ਼ਾਂ ’ਚ ਕਾਰਗੋ ਰਾਹੀਂ ਭੇਜ ਕੇ ਵਪਾਰ ਅਤੇ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ। ਇੱਥੇ ਦੇਸ਼ ਅਤੇ ਵਿਦੇਸ਼ ਨਾਲ ਏਅਰ ਕੁਨੈਕਟੀਵਿਟੀ ਵਿਚ ਵਾਧਾ ਕਰਨ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਯਾਤਰਾ ਅਤੇ ਸੈਰ ਸਪਾਟਾ ਲਈ ਰੋਜ਼ਾਨਾ 1.5 ਲੱਖ ਲੋਕ ਇਥੇ ਆਉਂਦੇ ਹਨ, ਇਸ ਨੂੰ ਟੂਰਿਜ਼ਮ ਇੰਡਸਟਰੀ ਵਿਚ ਬਦਲਣ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਸਟਾਰਟਅੱਪ ਨਾਲ ਜੋੜਿਆ ਜਾ ਸਕੇਗਾ । ਉਨ੍ਹਾਂ ਕਿਹਾ ਕਿ ਨਵੀਂ ਪੀੜੀ ਦਾ ਭਵਿਖ ਸੁਰੱਖਿਅਤ ਕਰਨ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਹੈ। ਉਨ੍ਹਾਂ ਨੂੰ ਬਿਹਤਰ ਅਤੇ ਕਿੱਤਾਮੁਖੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 2027 ਵਿੱਚ, ਅਸੀਂ ਗਾਂਧੀ ਗਰਾਊਂਡ ਵਿੱਚ ਪਹਿਲਾ ਆਈ ਪੀ ਐੱਲ ( IPL) ਮੈਚ ਵੀ ਆਯੋਜਿਤ ਕਰਾਂਗੇ। ਹਾਈ ਕਮਾਨ ਨੇ ਅੰਮ੍ਰਿਤਸਰ ਵਿੱਚ ਅਮਰੀਕਨ ਕੌਂਸਲੇਟ ਖੋਲ੍ਹਣ ਦੀ ਹਾਮੀ ਭਰੀ ਹੈ। ਤੁਸੀਂ ਨੌਜਵਾਨਾਂ ਦੀ ਗੱਲ ਤਾਂ ਬਹੁਤ ਕਰਦੇ ਹੋ ਪਰ ਨਸ਼ੇ ਦੀ ਸਮੱਸਿਆ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ ਜਾਣ ਦੇ ਇਰਾਦੇ ਰੱਖਦੇ ਹਨ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਨੌਜਵਾਨ ਪੀੜ੍ਹੀ ਨੂੰ ਹੁਨਰਮੰਦ ਬਣਾਈਏ ਜੋ ਉਨ੍ਹਾਂ ਨੂੰ ਨੌਕਰੀਆਂ ਲੈਣ ’ਚ ਮਦਦ ਕਰਨ। ਫੋਕਸ ਹੁਨਰ ਵਿਕਾਸ ‘ਤੇ ਹੋਣਾ ਚਾਹੀਦਾ ਹੈ, ਡਿੱਗਰੀਆਂ ‘ਤੇ ਨਹੀਂ। ਮੈਨੂੰ ਵਿਸ਼ਵਾਸ ਹੈ ਕਿ ਮੈਂ ਆਪਣੇ ਸੰਪਰਕਾਂ ਰਾਹੀਂ ਵਿਦੇਸ਼ੀ ਕੰਪਨੀਆਂ ਨੂੰ ਅੰਮ੍ਰਿਤਸਰ ਲਿਆਵਾਂਗਾ। ਕਈ ਵੱਡੀਆਂ ਕੰਪਨੀਆਂ ਦੇ ਸੀਈਓ ਪੰਜਾਬ ਅਤੇ ਭਾਰਤ ਦੇ ਹਨ। ਉਹ ਮੇਰੇ ਜਾਣਕਾਰ ਹਨ। ਉਨ੍ਹਾਂ ਨੂੰ ਉਤਸ਼ਾਹਿਤ ਕਰਕੇ ਇੱਥੇ ਲੈ ਕੇ ਆਵਾਂਗਾ ਜੋ ਸਥਾਨਕ ਪੱਧਰ ‘ਤੇ ਨੌਜਵਾਨਾਂ ਲਈ ਮੌਕੇ ਪੈਦਾ ਕਰਨਗੇ। ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਤੁਹਾਡੇ ਵਾਂਗ ਅੰਮ੍ਰਿਤਸਰ ਮੇਰੇ ਵੀ ਦਿਲ ਵਿਚ ਹੈ। ਉਨ੍ਹਾਂ ਲੋਕਾਂ ਨੂੰ ਉਸਾਰੂ ਰਾਜਨੀਤੀ ਦਾ ਸਾਥ ਦੇਣ ਲਈ ਅੱਗੇ ਆਉਣ ਦਾ ਸਦਾ ਦਿੱਤਾ ਅਤੇ ਕਿਹਾ ਕਿ ਉਸ ਕੋਲ ਅੰਮ੍ਰਿਤਸਰ ਦੇ ਵਿਕਾਸ ਲਈ ਯੋਜਨਾਵਾਂ ਹਨ। ਉਨ੍ਹਾਂ ਸ਼ਹਿਰ ਦੇ ਵਿਕਾਸ ਲਈ ਭਾਜਪਾ ਨੂੰ ਮਜ਼ਬੂਤ ਕਰਨ ਅਤੇ ਕਮਲ ਦੇ ਫੁੱਲ ’ਤੇ ਮੋਹਰਾਂ ਲਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਤੁਹਾਡੇ ਵਰਗੀਆਂ ਹਸਤੀਆਂ ਜੋ ਅੰਮ੍ਰਿਤਸਰ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਇਕ ਜੂਨ ਨੂੰ ਪਹਾੜੀ ਸੈਰਾਂ ਦੀ ਨਹੀਂ ਸਗੋਂ ਵੋਟ ਦੇ ਅਧਿਕਾਰ ਦੀ ਵਰਤੋਂ ਦੀ ਅਵੱਸ਼ ਪਹਿਲ ਕਰਨੀ ਹੋਵੇਗੀ।

