ਕੈਪਟਨ ਅਤੇ ਬਾਦਲਾਂ ‘ਚ ਫਿਕਸ ਮੈਚ ਤੋਂ ਬਚਣ ਪੰਜਾਬੀ : ਜਗਮੀਤ ਬਰਾੜ
ਪਟਿਆਲਾ 29 ਜੁਲਾਈ (ਕੰਵਰ ਬੇਦੀ)
ਪੰਜਾਬੀਅਤ ਮਹਾ-ਗਠਬੰਧਨ ਬਣਾਉਣ ਸਬੰਧੀ ਆਪਣੀ ਯੋਜਨਾ ਦਾ ਐਲਾਨ ਕਰਨ ਤੋਂ ਤੁਰੰਤ ਬਾਅਦ ਸ. ਜਗਮੀਤ ਸਿੰਘ ਬਰਾੜ ਐਕਸ਼ਨ ‘ਚ ਆ ਗਏ ਹਨ। ਸ. ਬਰਾੜ ਨੇ ਕਿਹਾ ਕਿ ਉਹ ਸੁਰੇਸ਼ ਗੋਗੀਆ ਵੱਲੋਂ ਪੈਸੇ ਤੇ ਪਾਰਟੀ ‘ਚ ਅਹੁਦੇ ਦੇ ਆਫਰ ਨੂੰ ਠੁਕਰਾਉਂਦਿਆਂ ਲਏ ਗਏ ਸਖ਼ਤ ਫੈਸਲੇ ਦਾ ਸਵਾਗਤ ਕਰਦੇ ਹਨ, ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਹੈ। ਉਹ ਸਾਰੇ ਸਾਫ ਅਕਸ ਵਾਲੇ ਤੇ ਵਚਨਬੱਧ ਪੰਜਾਬ ਦੇ ਪੁੱਤਰਾਂ ਨੂੰ ਅੱਗੇ ਆਉਣ ਤੇ ਬਾਦਲਾਂ ਅਤੇ ਕੈਪਟਨ ਦੇ ਫਿਕਸ ਮੈਚ ਸਿਸਟਮ ਤੋਂ ਪੰਜਾਬ ਨੂੰ ਬਚਾਉਣ ਦੀ ਅਪੀਲ ਕਰਦੇ ਹਨ।
ਬਰਾੜ ਨੇ ਕਿਹਾ ਕਿ ਹਾਲੇ ‘ਚ ਫਾਜ਼ਿਲਕਾ ‘ਚ ਦਲਿਤਾਂ ‘ਤੇ ਹੋਇਆ ਹਮਲਾ ਯੂ.ਪੀ, ਬਿਹਾਰ ਤੇ ਹੋਰਨਾਂ ਰਾਜਾਂ ‘ਚ ਦਲਿਤਾਂ ਉਪਰ ਹੋਏ ਹਮਲਿਆਂ ਸਮਾਨ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੁਖਬੀਰ ਬਾਦਲ ਸੂਬਾ ਪੁਲਿਸ ਦੇ ਕੁਝ ਹਿੱਸੇ ਨੂੰ ਆਪਣੀ ਪ੍ਰਾਈਵੇਟ ਗੁੰਡਾ ਫੋਜ਼ ਵਜੋਂ ਇਸਤੇਮਾਲ ਕਰ ਰਹੇ ਹਨ, ਤਾਂ ਜੋ ਉਹ ਆਪਣੇ ਸਿਆਸੀ ਵਿਰੋਧੀਆਂ ਤੇ ਆਮ ਨਾਗਰਿਕਾਂ ਨੂੰ ਧਮਕਾ ਸਕਣ ਅਤੇ ਜਲਾਲਾਬਾਦ ‘ਚ ਇਹ ਹਮਲੇ ਇਸਦਾ ਸਬੂਤ ਹਨ।
ਬਰਾੜ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਸ ਟਿੱਪਣੀ ਕਿ ਸਿੱਧੂ, ਪ੍ਰਗਟ ਤੇ ਬੁਲਾਰੀਆ ਨੇ ਆਪਣੀਆਂ ਪਾਰਟੀਆਂ ਛੱਡ ਕੇ ਆਪਣੀਆਂ ਮਾਵਾਂ ਨੂੰ ਧੋਖਾ ਦਿੱਤਾ ਹੈ, ‘ਤੇ ਜ਼ੋਰਦਾਰ ਵਰ੍ਹਦਿਆਂ ਕਿਹਾ ਕਿ ਬਾਦਲ ਨੇ ਆਪਣੀ ਪਹਿਲੀ ਚੋਣ ਕਾਂਗਰਸ ਉਮੀਦਵਾਰ ਵਜੋਂ ਲੜੀ ਸੀ ਅਤੇ ਆਪਣੀ ਪ੍ਰਾਈਵੇਟ ਲਿਮਿਟੇਡ ਪਾਰਟੀ ਬਣਾਉਣ ਤੱਕ ਉਹ ਹਰ ਪੱਖੋਂ ਅਕਾਲੀ ਦਲ ਦੇ ਸਨ। ਜਿਹੜੇ ਉਨ੍ਹਾਂ ਮਾਵਾਂ ਦੇ ਅੱਥਰੂਆਂ ਲਈ ਗੁਨਾਹਗਾਰ ਹਨ, ਜਿਨ੍ਹਾਂ ਨੇ ਆਪਣੇ ਪੁੱਤ ਸੁਖਬੀਰ ਤੇ ਮਜੀਠੀਆ ਦੇ ਨਸ਼ਿਆਂ ਕਾਰਨ ਖੋਹੇ ਹਨ। ਉਹ ਉਸ ਮਾਂ ਲਈ ਗੁਨਾਹਗਾਰ ਹਨ, ਜਿਹੜੀ ਬਰਨਾਲਾ ‘ਚ ਆਪਣੇ ਬੇਟੇ ਨਾਲ ਮਰ ਗਈ। ਉਹ ਬਾਦਲ ਨੂੰ ਪਹਿਲਾਂ ਪੰਜਾਬ ਦੀਆਂ ਨੌਜ਼ਵਾਨ ਵਿੱਧਵਾਵਾਂ ਦੀਆਂ ਅੱਖਾਂ ‘ਚ ਝਾਕਣ ਤੇ ਫਿਰ ਭਾਸ਼ਣ ਦੇਣ ਦੀ ਚੁਣੌਤੀ ਦਿੰਦੇ ਹਨ।
ਸੁਰੇਸ਼ ਗੋਗੀਆ ਨੇ ਕਿਹਾ ਕਿ ਉਨ੍ਹਾਂ ਨੇ ਬਾਦਲ ਤੇ ਕੈਪਟਨ ਵਿਚਾਲੇ ਖੇਡਿਆ ਫਿਕਸ ਮੈਚ ਦੇਖਿਆ ਹੈ, ਜਦੋਂ ਪਟਿਆਲਾ ਦੀਆਂ ਜ਼ਿਮਨੀ ਚੋਣਾਂ ਹੋਈਆਂ ਸਨ। ਉਨ੍ਹਾਂ ਨੇ ਦੇਖਿਆ ਕਿ ਕਿਵੇਂ ਕੈਪਟਨ ਨੇ ਮਜੀਠੀਆ ਨੂੰ ਬਚਾਇਆ ਤੇ ਬਾਦਲ ਕਦੇ ਵੀ ਕੈਪਟਨ ਦੇ ਕੇਸਾਂ ਬਾਰੇ ਨਹੀਂ ਬੋਲੇ। ਲੇਕਿਨ ਬਰਾੜ ਦੇ ਸੱਦੇ ਤੋਂ ਬਾਅਦ ਉਨ੍ਹਾਂ ਨੂੰ ਆਖਿਰਕਾਰ ਇਕ ਸਾਫ ਸੁਥਰਾ ਮੰਚ ਮਿਲ ਗਿਆ, ਜਿਸ ਰਾਹੀਂ ਪੰਜਾਬ ਨੂੰ ਕੈਪਟਨ ਤੇ ਉਸਦੇ ਪਰਿਵਾਰ ਦੇ ਭ੍ਰਿਸ਼ਟ ਸਾਏ ਤੋਂ ਬਚਾਇਆ ਜਾ ਸਕਦਾ ਹੈ।
ਗੋਗੀਆ ਨੇ ਕਿਹਾ ਕਿ ਕਿਵੇਂ ਇਕ ਕਾਂਗਰਸੀ ਵਰਕਰ ਅਕਾਲੀਆਂ ਖਿਲਾਫ ਬੋਲ ਸਕਦਾ ਹੈ, ਜਦੋਂ ਸਾਡੇ ਆਪਣੇ ਆਗੂ ਹੀ ਸੈਂਕੜਾਂ ਕਰੋੜਾਂ ਦੇ ਘੁਟਾਲਿਆਂ ਦੇ ਦੋਸ਼ੀ ਹੋਣ? ਜਦੋਂ ਅਕਾਲੀ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਕੇਸ ਦਰਜ ਕਰਦੇ ਹਨ, ਤਾਂ ਅਸੀਂ ਕੈਪਟਨ ਤੱਕ ਨਹੀਂ ਪਹੁੰਚ ਪਾਉਂਦੇ, ਕਿਉਂ ਉਹ ਪੈਸੇ ਤੇ ਰਾਜਸ਼ਾਹੀ ਦੀਆਂ ਉੱਚੀਆਂ ਕੰਧਾਂ ਨਾਲ ਘਿਰੇ ਹੋਏ ਹਨ।
ਜਦੋਂ ਇਹ ਪੁੱਛੇ ਜਾਣ ‘ਤੇ ਬਰਾੜ ਹੋਰ ਕਿਸਦੇ ਸੰਪਰਕ ‘ਚ ਹਨ, ਕੀ ਉਹ ਬੈਂਸ ਭਰਾਵਾਂ, ਨਵਜੋਤ ਸਿੱਧੂ, ਪ੍ਰਗਟ ਸਿੰਘ ਤੇ ਬੁਲਾਰੀਆ ਵਰਗੇ ਆਗੂਆਂ ਨਾਲ ਗਠਜੋੜ ਲਈ ਅੱਗੇ ਵੱਧੇ ਹਨ, ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਪਹਿਲਾਂ ਹੀ ਸ਼ਾਮਲ ਹੋਣ ਤੇ ਇਸ ਗਠਜੋੜ ਦੀ ਅਗਵਾਈ ਕਰਨ ਦਾ ਸੱਦਾ ਦੇ ਚੁੱਕੇ ਹਨ ਅਤੇ ਆਉਂਦਿਆਂ ਦਿਨਾਂ ‘ਚ ਉਹ ਉਨ੍ਹਾਂ ਨਾਲ ਮੀਟਿੰਗ ਕਰਨਗੇ।
ਇਸ ਮੌਕੇ ਲੋਕ ਹਿੱਤ ਅਭਿਆਨ ਦੇ ਜ਼ਿਲ੍ਹਾ ਕੋਆਰਡੀਨੇਟਰ ਸੰਤ ਸਿੰਘ ਘੱਗਾ ਵੀ ਮੌਜ਼ੂਦ ਰਹੇ।

