ਪੰਜਾਬਪਟਿਆਲਾ

ਸ਼ਹਿਰ ‘ਚ ਨਜਾਇਜ਼ ਉਸਾਰੀਆਂ ਦਾ ਬੋਲਬਾਲਾ : ਕਮਰਸ਼ੀਅਲ ਨਜਾਇਜ਼ ਉਸਾਰੀ ਨੂੰ ਨਿਗਮ ਅਧਿਕਾਰੀਆਂ ਨੇ ਢਾਹਿਆ

ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਿਗਮ ਦੀ ਆਮਦਨ ਨੂੰ ਲੱਗਾ ਚੂਨਾ
ਪਟਿਆਲਾ 29 ਜੁਲਾਈ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ : ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਨਹੀਂ ਬੱਚਦਾ ਅਜਿਹੀ ਕਹਾਵਤ ਨਿਗਮ ਅਧਿਕਾਰੀਆਂ ‘ਤੇ ਫਿੱਟ ਬੈਠਦੀ ਹੈ। ਸ਼ਹਿਰ ਵਿਚ ਨਿਗਮ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਈ ਨਜਾਇਜ਼ ਉਸਾਰੀਆਂ ਹਨ, ਜਿਸ ਕਾਰਨ ਨਗਰ ਨਿਗਮ ਦੀ ਆਮਦਨ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਦਾ ਹੈ ਅਤੇ ਸਿੱਧੇ-ਅਸਿੱਧੇ ਢੰਗ ਨਾਲ ਹੋਣ ਵਾਲੇ ਕੰਮਾਂ ਦਾ ਪਰਦਾਫਾਸ਼ ਹੁੰਦਾ ਹੈ, ਜਿਸ ਦੀ ਮਿਸਾਲ ਨਾਭਾ ਗੇਟ ਬਣੀ ਇਕ ਰਿਹਾਇਸ਼ੀ ਨਕਸ਼ਾ ਪਾਸ ਜਗ੍ਹਾ ‘ਤੇ ਕਮਰਸ਼ੀਅਲ ਬਿਲਡਿੰਗ ਦੀ ਨਜਾਇਜ਼ ਉਸਾਰੀ ਤੋਂ ਮਿਲਦੀ ਹੈ।

ਨਿਗਮ ਅਧਿਕਾਰੀਆਂ ਨੇ ਦੇਰ ਬਾਅਦ ਅੱਖ ਖੋਲ੍ਹਦਿਆਂ ਅੱਜ ਰਾਜਕੋਟ ਮਿੱਲ ਸਟੋਰ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਬਾਂਸਲ ਵੱਲੋਂ ਗਲਤ ਤਰੀਕੇ ਅਤੇ ਅਸਲ ਤੱਥਾਂ ਨੂੰ ਛੁਪਾ ਕੇ ਰਿਹਾਇਸ਼ੀ ਨਕਸ਼ਾ ਪਾਸ ਜਗ੍ਹਾ ‘ਤੇ ਕਮਰਸੀਅਲ ਉਸਾਰੀ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਨਜਾਇਜ਼ ਉਸਾਰੀ ਢਵਾਉਣ ਵਾਲੇ ਮੌਕੇ ‘ਤੇ ਖੜੇ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਅਸ਼ੋਕ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਬਾਂਸਲ ਨੇ ਨਕਸ਼ਾ ਨੰਬਰ 746 ਮਿਤੀ 8.2.2016 ਅਤੇ ਨਕਸ਼ਾ ਨੰ: 13 ਮਿਤੀ 4.4.2016 ਤਹਿਤ ਰਿਹਾਇਸ਼ੀ ਨਕਸ਼ਾ ਟੀ.ਪੀ. ਸਕੀਮ ਅਧੀਨ ਪਾਸ ਕਰਵਾਕੇ ਕਮਰਸ਼ੀਅਲ ਬਿਲਡਿੰਗ ਖੜੀ ਕਰ ਦਿੱਤੀ ਸੀ, ਜਿਸ ਦੀ ਸ਼ਿਕਾਇਤ ਪੁੱਜਣ ‘ਤੇ ਅੱਜ ਨਜਾਇਜ਼ ਉਸਾਰੀ ਢਾਹੁਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੈਰ ਕਾਨੂੰਨੀ ਢੰਗ ਨਾਲ ਤਿਆਰ ਕੀਤੀ ਨਜਾਇਜ਼ ਉਸਾਰੀ ਨਾਲ ਕਾਰਪੋਰੇਸ਼ਨ ਨੂੰ ਲੱਖਾਂ ਰੁਪਏ ਦਾ ਚੂਨਾ ਵੀ ਲੱਗਾ ਹੈ। ਨਿਗਮ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਕਮਰਸ਼ੀਅਲ ਬਿਲਡਿੰਗ ਦਾ ਲੈਂਟਰ ਵੀ 14 ਫੁੱਟ ‘ਤੇ ਹੈ, ਜਿਸ ਸਬੰਧੀ ਪ੍ਰਸ਼ਾਸਨ ਨੂੰ ਜਾਣੂੰ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਨਿਗਮ ਪ੍ਰਸ਼ਾਸਨ ਤੋਂ ਕੋਈ ਇਜ਼ਾਜਤ ਲਈ ਗਈ ਹੈ।
ਰਿਹਾਇਸ਼ੀ ਜਗ੍ਹਾ ਦੇ ਮਾਲਕ ਗੁਰਚਰਨ ਸਿੰਘ ਲੱਖਾ ਨੇ ਕਿਹਾ ਕਿ ਨਿਗਮ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਮੇਰੀ ਜਗ੍ਹਾ ਨੂੰ ਕਮਰਸ਼ੀਅਲ ਵਿਖਾ ਕੇ ਉਸਾਰੀ ਕਰਵਾਈ ਸੀ। ਇਸ ਸਬੰਧੀ ਮੈਂ ਕਈ ਵਾਰ ਸ਼ਿਕਾਇਤਾਂ ਨਿਗਮ ਅਧਿਕਾਰੀਆਂ ਨੂੰ ਕੀਤੀਆਂ, ਪ੍ਰੰਤੂ ਜਿਨ੍ਹਾਂ ਮਾਮਲੇ ਦੀ ਮੌਕੇ ‘ਤੇ ਪੈਰਵਾਈ ਨਾ ਕੀਤੀ, ਜਿਸ ਨਾਲ ਨਜਾਇਜ਼ ਉਸਾਰੀ ਬਣ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਮੈਂ ਮਾਮਲਾ ਵਿਜੀਲੈਂਸ ਹਵਾਲੇ ਕੀਤਾ ਤਾਂ ਵਿਜੀਲੈਂਸ ਨੇ ਮਾਮਲੇ ਦੀ ਪੜਤਾਲ ਲਈ ਨਿਗਮ ਨੂੰ ਫੌਰੀ ਕਾਰਵਾਈ ਕਰਨ ਲਈ ਕਿਹਾ, ਜਿਨਾਂ ਨੇ ਛੇ ਮਹੀਨਿਆਂ ਬਾਅਦ ਅੱਖ ਖੋਲ੍ਹਦਿਆਂ ਕਮਰਸ਼ੀਅਲ ਉਸਾਰੀ ਨੂੰ ਢਾਹੁਣ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਜੇ ਨਿਗਮ ਅਧਿਕਾਰੀਆਂ ਨੇ ਫੌਰੀ ਕਾਰਵਾਈ ਕੀਤੀ ਹੁੰਦੀ ਤਾਂ ਕਮਰਸੀਅਲ ਉਸਾਰੀ ਨਾ ਹੁੰਦੀ। ਮਾਲਕ ਗੁਰਚਰਨ ਸਿੰਘ ਲੱਖਾ ਨੇ ਕਿਹਾ ਕਿ ਮੇਰੀ ਰਿਹਾਇਸ਼ੀ ਜਗ੍ਹਾ ਨੂੰ ਕਮਰਸ਼ੀਅਲ ਦਿਖਾਉਣ ਵਾਲੇ ਨਿਗਮ ਅਧਿਕਾਰੀਆਂ ਅਤੇ ਅਸ਼ੋਕ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਬਾਂਸਲ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਜਿਨਾਂ ਨੇ ਤੱਥਾਂ ਨੂੰ ਛੁਪਾਇਆ ਅਤੇ ਨਿਗਮ ਨੂੰ ਲੱਖਾਂ ਦਾ ਚੂਨਾ ਲਗਾਇਆ ਹੈ।
ਇਸ ਮਾਮਲੇ ਸਬੰਧੀ ਜਦੋਂ ਰਾਜਕੋਟ ਮਿੱਲ ਸਟੋਰ ਦੇ ਮਾਲਕ ਅਸ਼ੋਕ ਕੁਮਾਰ ਮਿੱਤਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਅਸਲ ਤੱਥਾਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਜਾਣਕਾਰੀ ਨਿਗਮ ਅਧਿਕਾਰੀਆਂ ਤੋਂ ਲਓ ਸਾਡੇ ਨਾਲ ਗੱਲ ਨਾ ਕਰੋ।

Leave a Reply

Your email address will not be published. Required fields are marked *